ਮਨਰੇਗਾ ਵਰਕਰਾਂ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਧਰਨਾ
ਸਰਬਜੀਤ ਗਿੱਲ
ਫਿਲੌਰ, 24 ਸਤੰਬਰ
ਪਿੰਡ ਮਾਉ ਸਾਹਿਬ ਤੇ ਪਿੰਡ ਗੜਾ ਦੇ ਨਰੇਗਾ ਮਜ਼ਦੂਰਾਂ ਨੂੰ ਮਜ਼ਦੂਰੀ ਦੇ ਪੈਸੇ ਨਾ ਮਿਲਣ ਦੇ ਰੋਸ ਵਜੋਂ ਅੱਜ ਇੱਥੇ ਬੀਡੀਪੀਓ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮਨਰੇਗਾ ਵਰਕਰ ਯੂਨੀਅਨ ਦੇ ਆਗੂ ਮਨਜੀਤ ਸੂਰਜਾ ਨੇ ਕਿਹਾ ਕਿ ਨਰੇਗਾ ਤਹਿਤ ਕੰਮ ਕਰਨ ਵਾਲੇ ਮਾਉ ਸਾਹਿਬ ਦੇ 34 ਮਜ਼ਦੂਰਾਂ ਨੂੰ 40-40 ਦਿਨ ਦੀ ਦਿਹਾੜੀ ਅਤੇ ਪਿੰਡ ਗੜਾ ਦੀਆਂ 8 ਔਰਤਾਂ ਨੂੰ 25 ਦਿਨ ਦਾ ਮਿਹਨਤਾਨਾ ਨਹੀਂ ਦਿੱਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਅਧਿਕਾਰੀਆਂ ਵੱਲੋਂ ਵੀ ਮਜ਼ਦੂਰਾਂ ਨਾਲ ਕਥਿਤ ਮਾੜਾ ਵਰਤਾਅ ਕੀਤਾ ਜਾਂਦਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਕਿਹਾ ਕਿ ਮਨਰੇਗਾ ਕਾਨੂੰਨ ਤਹਿਤ ਦਿਹਾਤੀ ਮਜ਼ਦੂਰਾਂ ਦੇ ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਦਿਹਾੜੀ ਘੱਟੋ ਘੱਟ 1000 ਰੁਪਏ ਦਿੱਤੀ ਜਾਵੇ, ਕਸਬਿਆਂ ਤੇ ਸ਼ਹਿਰਾਂ ਵਿੱਚ ਵੀ ਇਹ ਕਾਨੂੰਨ ਲਾਗੂ ਕਰਕੇ ਸ਼ਹਿਰੀ ਮਜ਼ਦੂਰਾਂ ਨੂੰ ਵੀ ਕੰਮ ਦੇਣ ਦਾ ਪ੍ਰਬੰਧ ਕੀਤਾ ਜਾਵੇ। ਨਰੇਗਾ ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਉਮਰ ਦੀ ਹੱਦ ਮਰਦ ਲਈ 58 ਸਾਲ ਅਤੇ ਔਰਤ ਲਈ 55 ਸਾਲ ਕੀਤੀ ਜਾਵੇ। ਚੋਣਾਂ ਸਮੇਂ ਕੀਤੇ ਵਾਅਦੇ ਅਤੇ ਗਰੰਟੀਆਂ ਦੀ ਪੂਰਤੀ ਲਈ ਹਰ ਔਰਤ ਨੂੰ ਪ੍ਰਤੀ ਮਹੀਨਾ 1100 ਰੁਪਏ ਤੁਰੰਤ ਦੇਣ ਦਾ ਫੌਰੀ ਪ੍ਰਬੰਧ ਕੀਤਾ ਜਾਵੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜੇਕਰ ਅਧਿਕਾਰੀਆਂ ਨੇ ਮਜਦੂਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਮੱਖਣ ਸੰਗਰਾਮੀ, ਪ੍ਰਭਾਤ ਕਵੀ, ਵਿੱਕੀ ਜੱਖੂ, ਕਮਲਜੀਤ ਕੌਰ, ਬਖਸ਼ੋ, ਸੁਨੀਤਾ, ਬਲਵੀਰ ਕੌਰ, ਮੋਹਿੰਦਰ ਕੌਰ, ਸੁਰਿੰਦਰ ਕੌਰ, ਨੀਰੂ, ਬਲਜੀਤ ਕੌਰ, ਸਰਬਜੀਤ ਕੌਰ, ਭੋਲੀ, ਰਾਜਿੰਦਰ ਕੌਰ, ਮਨਜੀਤ ਕੌਰ, ਊਸ਼ਾ ਰਾਣੀ ਆਦਿ ਹਾਜ਼ਰ ਸਨ। ਮਗਰੋਂ ਅਧਿਕਾਰੀਆਂ ਦੇ ਨਾਮ ਇੱਕ ਮੰਗ ਪੱਤਰ ਵੀ ਦਿੱਤਾ ਗਿਆ।