ਕਿਸਾਨ ਯੂਨੀਅਨ ਵੱਲੋਂ ਅੰਮਿ੍ਰਤਸਰ-ਜਲੰਧਰ ਜੀਟੀ ਰੋਡ ਦੇ ਨਿੱਜਰਪੁਰਾ ਟੌਲ ਪਲਾਜ਼ਾ ਉੱਤੇ ਧਰਨਾ
ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 26 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੇ ਆਪਣੀਆਂ ਮੰਗਾਂ ਲਈ ਅੰਮ੍ਰਿਤਸਰ-ਜਲੰਧਰ ਜੀਟੀ ਰੋਡ ’ਤੇ ਸਥਿਤ ਨਿੱਜਰਪੁਰਾ ਟੌਲ ਪਲਾਜ਼ਾ ਅੱਜ ਦੁਪਹਿਰ ਤੋਂ ਅਣਮਿਥੇ ਸਮੇਂ ਲਈ ਬੰਦ ਕਰ ਦਿੱਤਾ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਜੀਟੀ ਰੋਡ ’ਤੇ ਟੌਲ ਪਲਾਜ਼ਾ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਕਿਸਾਨ ਆਗੂਆਂ ਕਿਹਾ ਕਿ ਜ਼ਮੀਨਾਂ ’ਤੇ ਜਬਰੀ ਕਬਜ਼ਿਆਂ ਖਿਲਾਫ਼ ਇਹ ਰੋਸ ਧਰਨਾ ਅਣਮਿਥੇ ਸਮੇਂ ਲਈ ਲਾਇਆ ਗਿਆ ਹੈ ਜੋ ਯੂਨੀਅਨ ਆਗੂਆਂ ਦੇ ਅਗਲੇ ਨਿਰਦੇਸ਼ ਆਉਣ ਤੱਕ ਜਾਰੀ ਰਹੇਗਾ।
ਯੂਨੀਅਨ ਦੇ ਬਲਾਕ ਪ੍ਰਧਾਨ ਦਲਜੀਤ ਸਿੰਘ ਤੇ ਸਤਨਾਮ ਸਿੰਘ ਧਾਰੜ ਨੇ ਦੱਸਿਆ ਕਿ ਸਰਕਾਰ ਫਿਰੋਜ਼ਪੁਰ ਨਾਲ ਸਬੰਧਤ ਕਿਸਾਨਾਂ ਦੀ ਜ਼ਮੀਨ ਖੋਹਣਾ ਚਾਹੁੰਦੀ ਹੈ ਤੇ ਜਿਸ ਖ਼ਿਲਾਫ ਉਨ੍ਹਾਂ ਦਾ ਇੱਕ ਸਾਥੀ ਕਿਸਾਨ ਲੰਬੇ ਸਮੇਂ ਤੋਂ ਮਰਨ ਵਰਤ ’ਤੇ ਬੈਠਾ ਹੈ। ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਪਰ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਕਿਸਾਨਾਂ ਨੇ ਹਾਈਵੇਅ ’ਤੇ ਸਰਕਾਰ ਖਿਲਾਫ਼ ਧਰਨਾ ਲਾਇਆ ਹੈ। ਉਨ੍ਹਾਂ ਕਿਹਾ, ‘ਸਰਕਾਰ ਸਾਡੇ ਬਣਦੇ ਹੱਕ ਨਹੀਂ ਦੇ ਰਹੀ।
ਮਜਬੂਰਨ ਕਿਸਾਨਾਂ ਨੂੰ ਸੜਕਾਂ ਤੇ ਟੌਲ ਪਲਾਜ਼ੇ ਜਾਮ ਕਰਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।’ ਕਿਸਾਨ ਆਗੂਆਂ ਮੁਤਾਬਕ ਫਿਰੋਜ਼ਪੁਰ ਵਿੱਚ ਕਿਸਾਨਾਂ ਦੀ ਜ਼ਮੀਨਾਂ ’ਤੇ ਫਿਰੋਜ਼ਪੁਰ ਦੇ ਇੱਕ ਵਿਧਾਇਕ ਵੱਲੋਂ ਕਥਿਤ ਜਬਰੀ ਕਬਜ਼ਾ ਕੀਤਾ ਜਾ ਰਿਹਾ ਹੈ। ਕਿਸਾਨਾਂ ਦੀਆਂ ਸੱਤ-ਸੱਤ ਦਹਾਕੇ ਪੁਰਾਣੀਆਂ ਗਰਦੌਰੀਆਂ ਤੋੜੀਆਂ ਜਾ ਰਹੀਆਂ ਹਨ ਤੇ ਉੱਥੇ ਧਾਰਾ 45 ਲਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ, ਜਿਸ ਖਿਲਾਫ਼ ਮਜਬੂਰਨ ਅੱਜ ਉਨ੍ਹਾਂ ਨੇ ਪੰਜਾਬ ਵਿੱਚ ਨੈਸ਼ਨਲ ਹਾਈਵੇਅ ਜਾਮ ਕਰ ਟੌਲ ਪਲਾਜ਼ੇ ਬੰਦ ਕੀਤੇ ਹਨ।
ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਲੋਕ ਖੱਜਲ ਖਰਾਬ ਹੋ ਰਹੇ ਹਨ, ਜਿਸ ਦਾ ਉਨ੍ਹਾਂ ਨੂੰ ਦੁੱਖ ਹੈ। ਹਾਲਾਂਕਿ ਇਸ ਘਟਨਾਕ੍ਰਮ ਲਈ ਜ਼ਿੰਮੇਵਾਰ ਭਗਵੰਤ ਮਾਨ ਸਰਕਾਰ ਹੈ ਕਿਉਂਕਿ ਉਨ੍ਹਾਂ ਨੇ ਸਰਕਾਰ ਨੂੰ ਅੱਠ ਦਿਨ ਪਹਿਲਾਂ ਹੀ ਨਿੱਜਰਪੁਰਾ ਟੌਲ ਬੰਦ ਕਰਨ ਦੀ ਚਿਤਾਵਨੀ ਦੇ ਦਿੱਤੀ ਸੀ।
ਲੋਕਾਂ ਦੀ ਖੱਜਲ-ਖੁਆਰੀ ਲਈ ਸਰਕਾਰ ਜ਼ਿੰਮੇਵਾਰ ਕਰਾਰ
ਦਲਜੀਤ ਸਿੰਘ ਤੇ ਸਤਨਾਮ ਸਿੰਘ ਧਾਰੜ ਨੇ ਕਿਹਾ ਕਿ ਲੋਕ ਇਸ ਮਾਰਗ ਰਾਹੀਂ ਗੁਰੂਘਰ ਨਤਮਸਤਕ ਹੋਣ ਅਤੇ ਹਵਾਈ ਅੱਡੇ ਨੂੰ ਜਾਂਦੇ ਹਨ, ਜੋ ਖੱਜਲ ਖਰਾਬ ਹੋ ਰਹੇ ਹਨ। ਪਰ ਇਸ ਲਈ ਕਿਸਾਨ ਨਹੀਂ ਸਰਕਾਰ ਕਸੂਰਵਾਰ ਹੈ ਜਿਸ ਦੇ ਕੁਝ ਅਧਿਕਾਰੀ ਕਥਿਤ ਰਿਸ਼ਵਤ ਲੈ ਕੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪ ਰਹੇ ਹਨ ਅਤੇ ਕੁਝ ਮੰਤਰੀ ਉਨ੍ਹਾਂ ਦਾ ਕਥਿਤ ਸਾਥ ਦੇ ਰਹੇ ਹਨ। ਅਜਿਹੀ ਮਿਲੀਭੁਗਤ ਕਾਰਨ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਰਾਹਗੀਰਾਂ ਦੀ ਖੱਜਲ ਖੁਆਰੀ ਲਈ ਲੋਕਾਂ ਕੋਲੋਂ ਮੁਆਫ਼ੀ ਮੰਗਦੇ ਹਨ ਪਰ ਸਰਕਾਰ ਤੱਕ ਆਵਾਜ਼ ਪਹੁੰਚਾਉਣ ਲਈ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ।