ਕਿਸਾਨਾਂ ਵੱਲੋਂ ਮੌਹੜਾ ਵਿੱਚ ਰੇਲਵੇ ਟਰੈਕ ’ਤੇ ਧਰਨਾ
ਰਤਨ ਸਿੰਘ ਢਿੱਲੋਂ
ਅੰਬਾਲਾ, 3 ਅਕਤੂਬਰ
ਕਿਸਾਨ-ਮਜ਼ਦੂਰ ਮੋਰਚਾ ਅਤੇ ਐੱਸਕੇਐੱਮ (ਗੈਰ-ਰਾਜਨੀਤਿਕ) ਵੱਲੋਂ ਲਖੀਮਪੁਰ ਖੀਰੀ ਕਾਂਡ ਨੂੰ ਲੈ ਕੇ ਉਲੀਕੇ ਗਏ ਰੇਲ ਰੋਕੂ ਪ੍ਰੋਗਰਾਮ ਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੀ ਕਾਲ ’ਤੇ ਅੰਬਾਲਾ, ਯਮੁਨਾਨਗਰ ਅਤੇ ਪੰਚਕੂਲਾ ਜ਼ਿਲ੍ਹਿਆਂ ਦੇ ਕਿਸਾਨ ਸਵੇਰੇ 11.30 ਵਜੇ ਅਨਾਜ ਮੰਡੀ ਮੌਹੜਾ ਵਿੱਚ ਇਕੱਠੇ ਹੋਏ ਅਤੇ ਉੱਥੋਂ ਮੌਹੜਾ ਪਿੰਡ ਪਹੁੰਚ ਕੇ ਉਨ੍ਹਾਂ ਨੇ 12 ਵਜੇ ਤੋਂ 2 ਵਜੇ ਤੱਕ ਟਰੈਕ ਜਾਮ ਕਰਕੇ ਰੇਲਾਂ ਦੀ ਆਵਾਜਾਈ ਰੋਕ ਦਿੱਤੀ।
ਯੂਨੀਅਨ ਦੇ ਕੌਮੀ ਪ੍ਰਧਾਨ ਅਮਰਜੀਤ ਮੌਹੜੀ ਨੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ’ਤੇ ਤਿੱਖੇ ਨਿਸ਼ਾਨੇ ਸੇਧ ਹਨ। ਕਿਸਾਨਾਂ ਨੇ ਕੇਂਦਰ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਹਰਿਆਣਾ ਸਰਕਾਰ ਨੇ ਜੋ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਹੀਦ ਕਰਨ ਦੇ ਨਾਲ-ਨਾਲ 433 ਨੌਜਵਾਨ ਮੁੰਡਿਆਂ, ਕਿਸਾਨਾਂ ਤੇ ਬਜ਼ੁਰਗਾਂ ਨੂੰ ਫੱਟੜ ਕੀਤਾ ਹੈ, ਹਰਿਆਣਾ ਵਿੱਚ ਐਮਰਜੈਂਸੀ ਲਾ ਕੇ ਰੱਖੀ ਹੈ ਉਸ ਦਾ ਹਿਸਾਬ ਹੁਣ ਵੋਟਾਂ ਵਾਲੇ ਦਿਨ 5 ਤਾਰੀਖ਼ ਨੂੰ ਲਿਆ ਜਾਵੇਗਾ। ਅੰਬਾਲਾ ਰੇਲਵੇ ਡਿਵੀਜ਼ਨ ਦੇ ਦਫ਼ਤਰ ਵੱਲੋਂ ਜਾਰੀ ਸੂਚਨਾ ਅਨੁਸਾਰ ਅੰਬਾਲਾ ਡਿਵੀਜ਼ਨ ਦੇ ਸ਼ੰਭੂ, ਬਰਨਾਲਾ, ਫੂਲ, ਲਹਿਰਾ ਮੁਹੱਬਤ, ਕਿਲ੍ਹਾ ਰਾਏਪੁਰ, ਪਟਿਆਲਾ, ਸੁਨਾਮ, ਸੰਗਰੂਰ ਆਦਿ 11 ਸਥਾਨਾਂ ’ਤੇ ਕਿਸਾਨਾਂ ਵੱਲੋਂ ਰੇਲਵੇ ਟਰੈਕ ਜਾਮ ਕੀਤੇ ਗਏ। ਕੇਵਲ ਸ਼ੰਭੂ ਰੇਲਵੇ ਸਟੇਸ਼ਨ ’ਤੇ ਜਾਮ ਕਰਕੇ 9 ਸਵਾਰੀ ਅਤੇ 5 ਮਾਲ ਗੱਡੀਆਂ ਪ੍ਰਭਾਵਿਤ ਹੋਈਆਂ ਜਦੋਂ ਕਿ 2 ਘੰਟਿਆਂ ਦੇ ਜਾਮ ਕਰਕੇ ਅੰਬਾਲਾ ਡਿਵੀਜ਼ਨ ’ਚ ਪ੍ਰਭਾਵਿਤ ਹੋਣ ਵਾਲੀਆਂ ਕੁੱਲ 23 ਗੱਡੀਆਂ ਸਨ।