ਲਿਫਟਿੰਗ ਅਤੇ ਖਰੀਦ ਦਾ ਕੰਮ ਰੁਕਣ ’ਤੇ ਕਿਸਾਨਾਂ ਵੱਲੋਂ ਧਰਨਾ
ਪੱਤਰ ਪ੍ਰੇਰਕ
ਮਾਨਸਾ, 4 ਨਵੰਬਰ
ਪਿੰਡ ਠੂਠਿਆਂਵਾਲੀ ਦੇ ਕਿਸਾਨਾਂ ਨੇ ਖਰੀਦ ਕੇਂਦਰ ਵਿੱਚ ਪਿਛਲੇ ਕਈ ਦਿਨਾਂ ਤੋਂ ਲਿਫਟਿੰਗ ਅਤੇ ਖਰੀਦ ਦਾ ਕੰਮ ਰੁਕਣ ਕਰਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਵਿੱਚ ਦਾਣਾ ਮੰਡੀ ਦੇ ਗੇਟ ਅੱਗੇ ਧਰਨਾ ਲਾ ਦਿੱਤਾ। ਲੋਕ ਰੋਹ ਨੂੰ ਦੇਖਦਿਆਂ ਉੱਚ ਅਧਿਕਾਰੀਆਂ ਨੇ ਤੁਰੰਤ ਟਰੱਕ ਭੇਜ ਕੇ ਲਿਫਟਿੰਗ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਅਤੇ ਝੋਨੇ ਦੀ ਬੋਲੀ ਵੀ ਆਰੰਭ ਕਰਵਾ ਦਿੱਤੀ ਗਈ, ਜਿਸ ਮਗਰੋਂ ਜਥੇਬੰਦੀ ਵੱਲੋਂ ਧਰਨਾ ਚੁੱਕ ਲਿਆ ਗਿਆ। ਜਥੇਬੰਦੀ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਕਿਹਾ ਕਿ ਖਰੀਦ ਕੇਂਦਰ ਵਿੱਚ ਲਿਫਟਿੰਗ ਰੁਕਣ ਨਾਲ 10 ਹਜ਼ਾਰ ਗੱਟਿਆਂ ਦੇ ਢੇਰ ਲੱਗੇ ਪਏ ਹਨ ਜਿਸ ਕਾਰਨ ਮੰਡੀ ਵਿੱਚ ਝੋਨਾ ਲਾਹੁਣ ਲਈ ਥਾਂ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਲਿਫਟਿੰਗ ਨਾ ਹੋਣ ਕਾਰਨ ਇੰਸਪੈਕਟਰ ਬੋਲੀ ਲਾਉਣ ਵਿੱਚ ਆਨਾ-ਕਾਨੀ ਕਰ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਦੀ ਸਰਕਾਰ 72 ਘੰਟਿਆਂ ਵਿੱਚ ਝੋਨਾ ਖਰੀਦਣ ਅਤੇ ਪੇਮੈਂਟ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਮੰਡੀਆਂ ਵਿੱਚ ਕਿਸਾਨ ਹਫਤੇ ਭਰ ਤੋਂ ਬੈਠੇ ਹਨ। ਇਸ ਮੌਕੇ ਅਵਤਾਰ ਸਿੰਘ, ਹਰਦੇਵ ਸਿੰਘ, ਮੇਜਰ ਸਿੰਘ, ਜਾਗਰ ਸਿੰਘ ਨੇ ਵੀ ਸੰਬੋਧਨ ਕੀਤਾ।