ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਿਸਾਨਾਂ ਵੱਲੋਂ ਐੱਸਐੱਸਪੀ ਦਫ਼ਤਰ ਅੱਗੇ ਧਰਨਾ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 30 ਸਤੰਬਰ
ਹਫ਼ਤਾ ਪਹਿਲਾਂ ਹੋਈ ਕੁੱਟਮਾਰ ਤੋਂ ਦੋ ਦਿਨ ਮਗਰੋਂ ਦਮ ਤੋੜਨ ਵਾਲੇ ਪਿੰਡ ਫ਼ਿਰੋਜਸ਼ਾਹ ਵਾਸੀ ਚਾਹਤਪ੍ਰੀਤ ਸਿੰਘ (16) ਦਾ ਸਸਕਾਰ ਅਜੇ ਤੱਕ ਇਸ ਲਈ ਨਹੀਂ ਕੀਤਾ ਗਿਆ ਕਿਉਂਕਿ ਵਾਰਦਾਤ ਤੋਂ ਇੱਕ ਹਫ਼ਤੇ ਬਾਅਦ ਵੀ ਪੁਲੀਸ ਕਿਸੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਹਾਲਾਂਕਿ ਇੱਕ ਨਾਬਾਲਿਗ ਮੁਲਜ਼ਮ ਹੁਣ ਤੱਕ ਅਦਾਲਤ ਵਿਚ ਆਤਮਸਮਰਪਣ ਕਰ ਚੁੱਕਾ ਹੈ ਜਿਸ ਨੂੰ ਬਾਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਬਾਕੀ ਦੇ ਕਰੀਬ ਅੱਧੀ ਦਰਜਨ ਮੁਲਜ਼ਮ ਅਜੇ ਵੀ ਫ਼ਰਾਰ ਹਨ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਦੁਆਉਣ ਦਾ ਬੀੜਾ ਚੁੱਕਿਆ ਗਿਆ ਹੈ। ਲੰਘੇ ਕੱਲ੍ਹ ਵੀ ਪੀੜਤ ਪਰਿਵਾਰ ਅਤੇ ਕਿਸਾਨ ਜਥੇਬੰਦੀ ਵੱਲੋਂ ਸੜਕ ਮਾਰਗ ਜਾਮ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ ਸੀ। ਅੱਜ ਫ਼ਿਰ ਪ੍ਰਦਰਸ਼ਨਕਾਰੀਆਂ ਨੇ ਐੱਸਐੱਸਪੀ ਦਫ਼ਤਰ ਦੇ ਬਾਹਰ ਦੋ ਘੰਟੇ ਤੱਕ ਰੋਸ ਪ੍ਰਦਰਸ਼ਨ ਕਰਕੇ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਜਦੋਂ ਤੱਕ ਚਾਹਤਪ੍ਰੀਤ ਦੇ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਜਾਂਦੀ ਉਦੋਂ ਤੱਕ ਚਾਹਤਪ੍ਰੀਤ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਬਾਅਦ ਵਿੱਚ ਪੁਲੀਸ ਅਧਿਕਾਰੀਆਂ ਵੱਲੋਂ ਇੱਕ ਦਿਨ ਦਾ ਸਮਾਂ ਹੋਰ ਮੰਗਣ ਉਪਰੰਤ ਪ੍ਰਦਰਸ਼ਨਕਾਰੀ ਧਰਨਾ ਖ਼ਤਮ ਕਰਕੇ ਵਾਪਸ ਪਰਤ ਗਏ। ਅਧਿਕਾਰੀਆਂ ਨੇ ਪੀੜਤ ਪਰਿਵਾਰ ਨੂੰ ਯਕੀਨ ਦੁਆਇਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਤੇ ਛੇਤੀ ਹੀ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਛਾਉਣੀ ਸਥਿਤ ਮਨੋਹਰ ਲਾਲ ਮੈਮੋਰੀਅਲ ਸਕੂਲ ਵਿਚ ਪੜ੍ਹਦੇ ਦਸਵੀਂ ਜਮਾਤ ਦੇ ਵਿਦਿਆਰਥੀ ਚਾਹਤਪ੍ਰੀਤ ਸਿੰਘ (16) ਵਾਸੀ ਫ਼ਿਰੋਜਸ਼ਾਹ ਉਪਰ ਲੰਘੇ ਮੰਗਲਵਾਰ ਨੂੰ ਸਕੂਲ ਦੇ ਬਾਹਰ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਦੋ ਦਿਨ ਮਗਰੋਂ ਚਾਹਤਪ੍ਰੀਤ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਸੀ। ਹਮਲੇ ਦੌਰਾਨ ਚਾਹਤਪ੍ਰੀਤ ਦੇ ਸਿਰ ਵਿਚ ਗੰਭੀਰ ਸੱਟਾਂ ਮਾਰੀਆਂ ਗਈਆਂ ਸਨ। ਥਾਣਾ ਛਾਉਣੀ ਵਿਚ ਪੁਲੀਸ ਨੇ ਇਸ ਮਾਮਲੇ ਨੂੰ ਲੈ ਕੇ ਛੇ ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇਨ੍ਹਾਂ ਵਿਚੋਂ ਦੋ ਮੁਲਜ਼ਮਾਂ ਦੀ ਪਛਾਣ ਅਕਾਸ਼ਦੀਪ ਵਾਸੀ ਪਿੰਡ ਬਜੀਦਪੁਰ ਅਤੇ ਲਕਸ਼ ਵਾਸੀ ਪਿੰਡ ਨਵਾਂ ਪੁਰਬਾ ਵਜੋਂ ਕੀਤੀ ਗਈ ਹੈ ਜਦਕਿ ਚਾਰ ਮੁਲਜ਼ਮਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਇਹ ਮੁਕੱਦਮਾ ਚਾਹਤਪ੍ਰੀਤ ਦੇ ਦੋਸਤ ਕਿਰਨਪ੍ਰੀਤ ਸਿੰਘ (16) ਵਾਸੀ ਫ਼ਿਰੋਜਸ਼ਾਹ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ।
ਛੇਤੀ ਗ੍ਰਿਫ਼ਤਾਰ ਕੀਤੇ ਜਾਣਗੇ ਕਾਤਲ: ਐੱਸਪੀ ਰਣਧੀਰ ਕੁਮਾਰ
ਚਾਹਤਪ੍ਰੀਤ ਕਤਲ ਕੇਸ ਮਾਮਲੇ ਦੀ ਅਗਵਾਈ ਕਰ ਰਹੇ ਆਈਪੀਐੱਸ ਅਧਿਕਾਰੀ ਰਣਧੀਰ ਕੁਮਾਰ ਐੱਸਪੀ ਡੀ ਦਾ ਕਹਿਣਾ ਸੀ ਕਿ ਪੁਲੀਸ ਪਹਿਲੇ ਦਿਨ ਤੋਂ ਹੀ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਕਿਉਂਕਿ ਇਸ ਕੇਸ ਵਿੱਚ ਮਰਨ ਵਾਲਾ ਵੀ ਨਾਬਾਲਿਗ ਸੀ ਤੇ ਮਾਰਨ ਵਾਲਿਆਂ ਵਿੱਚ ਵੀ ਕੁਝ ਨਾਬਾਲਿਗ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਇਹ ਆਪਣੇ ਆਪ ਵਿੱਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਛੋਟੀ ਉਮਰ ਦੇ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲੀਸ ਇਸ ਮਾਮਲੇ ਦੀ ਤੈਅ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਤੌਰ ’ਤੇ ਕਈ ਟੀਮਾਂ ਦਿਨ-ਰਾਤ ਕੰਮ ਕਰ ਰਹੀਆਂ ਹਨ। ਹੁਣ ਤੱਕ ਕਈ ਥਾਵਾਂ ’ਤੇ ਛਾਪੇਮਾਰੀ ਵੀ ਕੀਤੀ ਗਈ ਹੈ। ਪੁਲੀਸ ਦੇ ਦਬਾਅ ਕਾਰਨ ਇੱਕ ਮੁਲਜ਼ਮ ਅਦਾਲਤ ਵਿਚ ਆਤਮ ਸਮਰਪਣ ਕਰ ਚੁੱਕਾ ਹੈ। ਟੀਮ ਦੀ ਅਗਵਾਈ ਕਰਨ ਵਾਲੇ ਅਫ਼ਸਰਾਂ ਤੋਂ ਰੋਜ਼ਾਨਾ ਕਾਰਵਾਈ ਰਿਪੋਰਟ ਮੰਗੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਬਾਕੀ ਮੁਲਜ਼ਮਾਂ ਨੂੰ ਵੀ ਛੇਤੀ ਕਾਬੂ ਕਰ ਲਿਆ ਜਾਵੇਗਾ।