ਕਿਸਾਨਾਂ ਵੱਲੋਂ ਬਿਜਲੀ ਦਫ਼ਤਰ ਅੱਗੇ ਧਰਨਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 15 ਮਈ
ਹਲਕੇ ਦੇ ਕਿਸਾਨਾਂ ਨੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਜੀਟੀ ਰੋਡ ਸਥਿਤ ਐਕਸੀਅਨ ਦਫਤਰ ਦੇ ਸਾਹਮਣੇ ਧਰਨਾ ਦਿੱਤਾ। ਭਾਕਿਯੂ ਚੜੂਨੀ ਦੇ ਮੀਡੀਆ ਬੁਲਾਰੇ ਰਾਕੇਸ਼ ਬੈਂਸ ਨੇ ਦੱਸਿਆ ਕਿ ਸ਼ਾਹਬਾਦ ਐਕਸੀਅਨ ਦਫ਼ਤਰ ਦੇ ਤਹਿਤ ਸੈਂਕੜੇ ਟਿਊਬਵੈੱਲ ਕੁਨੈਕਸ਼ਨ ਅਪਲਾਈ ਕੀਤੇ ਗਏ ਹਨ ਜਿਨ੍ਹਾਂ ਵਿੱਚ ਦਫ਼ਤਰ ਨੰਬਰ ਇਕ ਵਿੱਚ 15, ਦਫ਼ਤਰ ਨੰਬਰ ਦੋ ਵਿੱਚ 42 ਤੇ ਅਜਰਾਣਾ ਕਲਾਂ ਵਿੱਚ 66 ਤੇ ਬਾਬੈਨ ਵਿੱਚ 50 ਕੁਨੈਕਸ਼ਨ ਹਨ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਜਾਂ ਠੇਕੇਦਾਰ ਵੱਲੋਂ ਅਜੇ ਤਕ ਇਕ ਵੀ ਕੁਨੈਕਸ਼ਨ ਚਾਲੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਠੇਕੇਦਾਰ ਕਿਸਾਨਾਂ ਨੂੰ ਨਾਜਾਇਜ਼ ਤੰਗ ਕਰਦਾ ਹੈ। ਬੈਂਸ ਨੇ ਕਿਹਾ ਕਿ ਕਈ ਕਿਸਾਨਾਂ ਨੇ ਹੜ੍ਹਾਂ ਵਿੱਚ ਖਰਾਬ ਹੋਏ ਟਿਊਬਵੈੱਲਾਂ ਦੇ ਕੁਨੈਕਸ਼ਨ ਤਬਦੀਲ ਕਰਾਉਣ ਲਈ ਪੈਸੇ ਜਮ੍ਹਾਂ ਕਰਾਏ ਹਨ ਪਰ ਅਜੇ ਤੱਕ ਕੁਨੈਕਸ਼ਨ ਬਦਲਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਜੀਰੀ ਦਾ ਸੀਜ਼ਨ ਸਿਰ ’ਤੇ ਹੈ ਤੇ ਇਸ ਲਈ ਪਾਣੀ ਦੀ ਲੋੜ ਹੈ। ਵਿਭਾਗ ਦਾ ਕਹਿਣਾ ਹੈ ਕਿ ਉਸ ਕੋਲ ਲੇਬਰ ਨਹੀਂ । ਉਨ੍ਹਾਂ ਦੱਸਿਆ ਕਿ ਕਈ ਕਿਸਾਨਾਂ ਨੇ ਲੋਡ ਵਧਾਉਣ ਲਈ ਪੈਸੇ ਜਮ੍ਹਾਂ ਕਰਾਏ ਹਨ ਪਰ ਲੋਡ ਨਹੀਂ ਵਧਿਆ ਤੇ ਬਿੱਲ ਵਧੇ ਹੋਏ ਲੋਡ ਦੇ ਹਿਸਾਬ ਨਾਲ ਆ ਰਹੇ ਹਨ। ਕਿਸਾਨਾਂ ਨੇ ਸਾਰੀਆਂ ਸਮੱਸਿਆਵਾਂ ਅਧਿਕਾਰੀਆਂ ਸਾਹਮਣੇ ਰੱਖੀਆਂ ਅਤੇ ਉਨ੍ਹਾਂ ਨੇ ਠੇਕੇਦਾਰ ਨੂੰ ਮੌਕੇ ਤੇ ਬੁਲਾ ਕੇ ਗੱਲਬਾਤ ਕੀਤੀ। ਬਿਜਲੀ ਵਿਭਾਗ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਜੋ ਕੁਨੈਕਸ਼ਨ ਅਪਲਾਈ ਕੀਤੇ ਗਏ ਹਨ ਇਕ ਜੂਨ ਤੋਂ ਪਹਿਲਾਂ ਸਬੰਧਤ ਠੇਕੇਦਾਰ ਪੂਰੇ ਕਰ ਦੇਵੇਗਾ ਤੇ ਬਿਜਲੀ ਵਿਭਾਗ 7 ਜੂਨ ਤਕ ਕੁਨੈਕਸ਼ਨ ਚਾਲੂ ਕਰ ਦੇਵੇਗਾ। ਜਿਨਾਂ ਕਿਸਾਨਾਂ ਦੇ ਲੋਡ ਵਧਾਉਣੇ ਹਨ ਉਹ ਵੀ ਜੀਰੀ ਦੇ ਸੀਜ਼ਨ ਤੋਂ ਪਹਿਲਾਂ ਵਧਾ ਦਿੱਤੇ ਜਾਣਗੇ। ਜੋ ਕੁਨੈਕਸ਼ਨ ਬਦਲਣੇ ਹਨ ਉਨ੍ਹਾਂ ਨੂੰ ਵੀ ਬਦਲ ਦਿੱਤਾ ਜਾਏਗਾ। ਵਿਭਾਗ ਦੇ ਅਧਿਕਾਰੀਆਂ ਦੇ ਭਰੋਸੇ ’ਤੇ ਕਿਸਾਨਾਂ ਨੇ ਧਰਨਾ ਖਤਮ ਕਰ ਦਿੱਤਾ।
ਇਸ ਮੌਕੇ ਬਲਾਕ ਪ੍ਰਧਾਨ ਹਰਕੇਸ਼ ਖਾਨਪੁਰ, ਪੰਕਜ ਹਬਾਣਾ, ਉਪਕਾਰ ਨਲਵੀ, ਹਾਕਮ ਸੁਰਾ, ਅਵਤਾਰ ਸੰਮਾਲਖੀ, ਪਵਨ ਬੈਂਸ,ਜੋਰਾ ਸਿੰਘ ਪਾਡਲੂ, ਕੁਲਦੀਪ ਦਿਨਾਰ ਪੁਰ ਮੌਜੂਦ ਸਨ।