ਕਿਸਾਨਾਂ ਵੱਲੋਂ ਬਨੂੜ ਜ਼ਿਲ੍ਹੇਦਾਰ ਦਫ਼ਤਰ ਵਿੱਚ ਧਰਨਾ
ਕਰਮਜੀਤ ਸਿੰਘ ਚਿੱਲਾ
ਬਨੂੜ, 17 ਜੁਲਾਈ
ਬਨੂੜ ਨਹਿਰ ਵਿੱਚੋਂ ਪਾਣੀ ਚੁੱਕਣ ਵਾਲੇ ਪਿੰਡਾਂ ਦੇ ਕਿਸਾਨਾਂ ਦੀ ਇਕੱਤਰਤਾ ਅੱਜ ਬਨੂੜ ਦੇ ਜ਼ਿਲ੍ਹੇਦਾਰ ਦਫ਼ਤਰ ਦੇ ਅਹਾਤੇ ਵਿਚ ਹੋਈ। ਇਸ ਮੌਕੇ ਕਿਸਾਨਾਂ ਨੇ ਬਨੂੜ ਨਹਿਰ ਵਿੱਚ ਸਾਰਾ ਸਮਾਂ ਪਾਣੀ ਮੁਹੱਈਆ ਕਰਾਏ ਜਾਣ ਦੀ ਮੰਗ ਕਰਦਿਆਂ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਸਿੰਜਾਈ ਵਿਭਾਗ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਨਹਿਰ ਚਲਾਓ ਸੰਘਰਸ਼ ਕਮੇਟੀ ਦੇ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਗੁਰਮੇਲ ਸਿੰਘ ਬੂਟਾ ਸਿੰਘ ਵਾਲਾ, ਸੁਰਿੰਦਰ ਸਿੰਘ, ਹਰਦਿੱਤ ਸਿੰਘ, ਅਵਤਾਰ ਸਿੰਘ ਖਾਸਪੁਰ, ਸਤਪਾਲ ਸਿੰਘ ਰਾਜੋਮਾਜਰਾ, ਮੋਹਨ ਸਿੰਘ ਸੋਢੀ, ਹਰਿੰਦਰ ਸਿੰਘ ਲਾਖਾ, ਹਰਬੰਸ ਸਿੰਘ ਧਰਮਗੜ੍ਹ, ਗੁਰਚਰਨ ਸਿੰਘ ਮਮੌਲੀ, ਕੁਲਦੀਪ ਸਿੰਘ ਨੰਬਰਦਾਰ, ਕਾਕਾ ਸਿੰਘ ਕਨੌੜ, ਮਿਲਖਾ ਸਿੰਘ, ਧਰਮ ਸਿੰਘ ਬਨੂੜ, ਜਸਵੰਤ ਸਿੰਘ ਬਾਜਵਾ ਆਦਿ ਨੇ ਆਖਿਆ ਕਿ ਬਨੂੜ ਨਹਿਰ ਦੀ ਨਵ ਉਸਾਰੀ ਉੱਤੇ ਸਰਕਾਰ ਵੱਲੋਂ 140 ਕਰੋੜ ਦੇ ਕਰੀਬ ਰਾਸ਼ੀ ਖਰਚੀ ਹੋਈ ਹੈ। ਉਨ੍ਹਾਂ ਕਿਹਾ ਕਿ ਨਹਿਰ ਵਿੱਚ ਸਿਰਫ਼ ਦਸ ਦਿਨ ਪਾਣੀ ਛੱਡਣ ਦੀ ਕੋਈ ਤੁਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੰਜਾਈ ਵਿਭਾਗ 3-3-2016 ਨੂੰ ਇੰਜਣਾਂ ਨਾਲ ਘੱਗਰ ਦਰਿਆ ਵਿੱਚੋਂ ਪਾਣੀ ਚੁੱਕਣ ਸਮੇਂ ਕੀਤੇ ਕਿਸਾਨਾਂ ਨਾਲ ਕੀਤੇ ਸਮਝੌਤੇ ਮੌਕੇ ਨਹਿਰ ਤੋਂ ਪਾਣੀ ਹਾਸਿਲ ਕਰਨ ਵਾਲੇ ਕਿਸਾਨਾਂ ਨੂੰ ਬਾਹਰ ਰੱਖ ਕੇ ਪੱਖਪਾਤ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਬਨੂੜ ਦਾ ਸਮੁੱਚਾ ਖੇਤਰ ਸਬਜ਼ੀਆਂ ਪੈਦਾ ਕਰਨ ਵਾਲਾ ਖੇਤਰ ਹੈ। ਕਿਸਾਨਾਂ ਨੇ ਇਸ ਸਬੰਧੀ ਸਿੰਜਾਈ ਮੰਤਰੀ ਅਤੇ ਸਿੰਜਾਈ ਸਕੱਤਰ ਨੂੰ ਮਿਲਣ ਦਾ ਵੀ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਇਸ ਨਹਿਰ ਰਾਹੀਂ ਪੰਜਾਹ ਪਿੰਡਾਂ ਦਾ ਚਾਲੀ ਹਜ਼ਾਰ ਏਕੜ ਦੇ ਕਰੀਬ ਰਕਬਾ ਸਿੰਜਿਆ ਜਾ ਰਿਹਾ ਹੈ।