ਕਿਸਾਨਾਂ ਵੱਲੋਂ ਡੀਏਪੀ ਲਈ ਐੱਸਡੀਐੱਮ ਦਫ਼ਤਰ ਅੱਗੇ ਧਰਨਾ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 11 ਨਵੰਬਰ
ਡੀਏਪੀ ਖਾਦ ਦੀ ਘਾਟ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੇ ਅੱਜ ਕਾਲਾਂਵਾਲੀ ਦੇ ਐੱਸਡੀਐੱਮ ਦਫ਼ਤਰ ਵਿੱਚ ਧਰਨਾ ਦਿੱਤਾ ਅਤੇ ਰੋਸ ਪ੍ਰਗਟ ਕਰਦਿਆਂ ਸਰਕਾਰ ਤੋਂ ਡੀਏਪੀ ਖਾਦ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਪਿੰਡ ਸੁਖਚੈਨ ਦੇ ਕਿਸਾਨ ਕੁਲਦੀਪ ਸਿੰਘ, ਗਦਰਾਣਾ ਦੇ ਭੁਪਿੰਦਰ ਸਿੰਘ, ਕਾਲਾਂਵਾਲੀ ਦੇ ਰਣਜੀਤ ਸਿੰਘ, ਟੱਪੀ ਦੇ ਹੈਪੀ ਸ਼ਰਮਾ, ਫੁੱਲੋ ਦੇ ਬੂਟਾ ਸਿੰਘ, ਜੀਤਾ ਸ਼ਰਮਾ, ਰਾਜਵਿੰਦਰਾ ਸਿੰਘ ਆਦਿ ਕਿਸਾਨਾਂ ਨੇ ਐੱਸਡੀਐੱਮ ਦਫ਼ਤਰ ਵਿੱਚ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨ ਡੀਏਪੀ ਖਾਦ ਲਈ ਦਿਨ ਰਾਤ ਭਟਕ ਰਹੇ ਹਨ ਪਰ ਉਨ੍ਹਾਂ ਨੂੰ ਲੋੜੀਂਦੀ ਮਾਤਰਾ ਵਿੱਚ ਖਾਦ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਜਿਸ ਦੁਕਾਨਦਾਰ ਨੂੰ ਖਾਦ ਮਿਲ ਜਾਂਦੀ ਹੈ ਪਰ ਉਹ ਆਪਣੇ ਜਾਣਕਾਰ ਕਿਸਾਨਾਂ ਨੂੰ ਹੀ ਵੰਡ ਦਿੰਦੇ ਹਨ, ਅਜਿਹੇ ’ਚ ਘੰਟਿਆਂਬੱਧੀ ਕਤਾਰ ਵਿੱਚ ਖੜ੍ਹੇ ਕਿਸਾਨ ਨੂੰ ਖਾਲੀ ਹੱਥ ਪਰਤਣਾ ਪੈਂਦਾ ਹੈ। ਕਿਸਾਨਾਂ ਨੇ ਦੱਸਿਆ ਕਿ ਖਾਦ ਦੀ ਘਾਟ ਕਾਰਨ ਉਨ੍ਹਾਂ ਦੀ ਕਣਕ ਦੀ ਬਿਜਾਈ ਪ੍ਰਭਾਵਿਤ ਹੋ ਰਹੀ ਹੈ, ਇਨ੍ਹਾਂ ਦਿਨਾਂ ਵਿੱਚ ਖੇਤਾਂ ਵਿੱਚ ਕੰਮ ਜ਼ਿਆਦਾ ਹੈ। ਕਿਸਾਨਾਂ ਨੇ ਕਿਹਾ ਕਿ ਜਿਸ ਦੁਕਾਨ ’ਤੇ ਖਾਦ ਪਹੁੰਚਦੀ ਹੈ, ਉਥੇ ਕੋਈ ਵੀ ਖੇਤੀਬਾੜੀ ਅਧਿਕਾਰੀ ਮੌਜੂਦ ਨਹੀਂ ਹੈ ਅਤੇ ਖਾਦ ਰਾਤ ਨੂੰ ਹੀ ਵੰਡੀ ਜਾਂਦੀ ਹੈ। ਕਿਸਾਨਾਂ ਨੇ ਦੱਸਿਆ ਕਿ ਖਾਦ ਲਈ ਭੱਜ-ਦੌੜ ਤੋਂ ਤੰਗ ਆ ਕੇ ਹੀ ਉਨ੍ਹਾਂ ਨੇ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਦੇ ਕੇ ਰੋਗ ਪ੍ਰਗਟਾਇਆ। ਦੂਜੇ ਪਾਸੇ ਐੱਸਡੀਐੱਮ ਦਫ਼ਤਰ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਛੁੱਟੀ ’ਤੇ ਹੋਣ ਕਾਰਨ ਉਨ੍ਹਾਂ ਨੂੰ ਮੌਕੇ ’ਤੇ ਕੋਈ ਅਧਿਕਾਰੀ ਨਹੀਂ ਮਿਲਿਆ। ਸੂਚਨਾ ਮਿਲਣ ’ਤੇ ਥਾਣਾ ਇੰਚਾਰਜ ਰਾਮਫਲ ਪੁਲੀਸ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਕਿਸਾਨ ਆਪਣੀ ਮੰਗ ’ਤੇ ਅੜੇ ਰਹੇ।