ਕਿਸਾਨਾਂ ਤੇ ਆੜ੍ਹਤੀਆਂ ਵੱਲੋਂ ਵਿਧਾਇਕ ਦੇ ਦਫ਼ਤਰ ਅੱਗੇ ਧਰਨਾ
ਪੱਤਰ ਪ੍ਰੇਰਕ
ਮੋਰਿੰਡਾ, 15 ਅਕਤੂਬਰ
ਇਲਾਕੇ ਦੇ ਕਿਸਾਨਾਂ ਤੇ ਆੜ੍ਹਤੀਆਂ ਨੇ ਅਨਾਜ ਮੰਡੀ ਵਿੱਚ ਝੋਨੇ ਦੀ ਖ਼ਰੀਦ ਅਤੇ ਚੁਕਾਈ ਨਾ ਹੋਣ ਕਾਰਨ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਥੱਲੇ ਵਿਧਾਇਕ ਡਾ. ਚਰਨਜੀਤ ਸਿੰਘ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਧਰਨਾਕਾਰੀਆਂ ਨੇ ਕੁਝ ਸਮੇਂ ਲਈ ਮੋਰਿੰਡਾ-ਲੁਧਿਆਣਾ ਸੜਕ ’ਤੇ ਆਵਾਜਾਈ ਵੀ ਜਾਮ ਕੀਤੀ। ਇਸ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਵੱਲੋਂ ਸਰਕਾਰ ਕੋਲੋਂ ਝੋਨੇ ਦੀ ਤੁਰੰਤ ਖ਼ਰੀਦ ਕਰਨ ਅਤੇ ਮੰਡੀਆਂ ਵਿੱਚੋਂ ਚੁਕਾਈ ਸ਼ੁਰੂ ਕਰਨ ਦੀ ਮੰਗ ਕੀਤੀ ਗਈ। ਇਸ ਉਪਰੰਤ ਵਿਧਾਇਕ ਚਰਨਜੀਤ ਸਿੰਘ ਵੱਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਭਲਕ ਦੋ ਵਜੇ ਤੋਂ ਮੋਰਿੰਡਾ ਮੰਡੀ ਤੋਂ ਝੋਨੇ ਦੀ ਖ਼ਰੀਦ ਅਤੇ ਚੁਕਾਈ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਉਪਰੰਤ ਕਿਸਾਨਾਂ ਤੇ ਆੜ੍ਹਤੀਆਂ ਨੇ ਧਰਨਾ ਸਮਾਪਤ ਕੀਤਾ।
ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਪਰਮਿੰਦਰ ਸਿੰਘ ਚਲਾਕੀ, ਦਿਲਜੀਤ ਸਿੰਘ ਚਲਾਕੀ, ਗੁਰਚਰਨ ਸਿੰਘ ਢੋਲਣ ਮਾਜਰਾ, ਆੜ੍ਹਤੀ ਐਸੋਸੀਏਸ਼ਨ ਮੋਰਿੰਡਾ ਦੇ ਪ੍ਰਧਾਨ ਜੁਝਾਰ ਸਿੰਘ ਮਾਵੀ, ਜਨਰਲ ਸਕੱਤਰ ਗੁਰਮੀਤ ਸਿੰਘ ਸਿੱਧੂ, ਆੜ੍ਹਤੀ ਗੁਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਸਥਾਨਕ ਅਨਾਜ ਮੰਡੀ ਵਿੱਚ ਪੰਜ ਦਿਨਾਂ ਤੋਂ ਝੋਨੇ ਦੀ ਕੋਈ ਖ਼ਰੀਦ ਨਹੀਂ ਕੀਤੀ ਜਾ ਰਹੀ। ਆਗੂਆਂ ਨੇ ਕਿਹਾ ਕਿ ਸਰਕਾਰ ਤੇ ਵਿਧਾਇਕ ਨੇ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਸਮੇਂ ਦਾਣਾ-ਦਾਣਾ ਖ਼ਰੀਦਣ ਦਾ ਵਾਅਦਾ ਕੀਤਾ ਸੀ ਜੋ ਵਫ਼ਾ ਨਹੀਂ ਹੋਇਆ। ਇੱਥੇ ਸਿਰਫ਼ ਤਿੰਨ ਦਿਨ ਖ਼ਰੀਦ ਹੋਣ ਉਪਰੰਤ ਜਦੋਂ ਸਰਕਾਰ ਵੱਲੋਂ ਝੋਨੇ ਦੀ ਚੁਕਾਈ ਨਾ ਕੀਤੀ ਗਈ ਤਾਂ ਆੜ੍ਹਤੀਆਂ ਨੂੰ ਵੀ ਖ਼ਰੀਦ ਬੰਦ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਐਲਾਨ ਕੀਤਾ ਕਿ ਜੇ ਭਲਕੇ ਦੋ ਵਜੇ ਤੱਕ ਹਲਕਾ ਵਿਧਾਇਕ ਵੱਲੋਂ ਮੋਰਿੰਡਾ ਦੀ ਮੰਡੀ ਵਿੱਚ ਝੋਨੇ ਦੀ ਖ਼ਰੀਦ ਅਤੇ ਚੁਕਾਈ ਸ਼ੁਰੂ ਨਾ ਕਰਵਾਈ ਗਈ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੋਈ ਸਖ਼ਤ ਐਕਸ਼ਨ ਲੈਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।