ਈਟੀਟੀ ਅਧਿਆਪਕਾਂ ਵੱਲੋਂ ਬੀਪੀਈਓ ਦਫ਼ਤਰ ਅੱਗੇ ਧਰਨਾ
ਪੱਤਰ ਪ੍ਰੇਰਕ
ਸ਼ੇਰਪੁਰ, 8 ਜੂਨ
ਈਟੀਟੀ ਅਧਿਆਪਕ ਯੂਨੀਅਨ ਦੇ ਸੱਦੇ ‘ਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਕਹੇਰੂ ਦਫ਼ਤਰ ਅੱਗੇ ਰੋਸ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਈਟੀਟੀ ਅਧਿਆਪਕ ਯੂਨੀਅਨ ਦੇ ਸੂਬਾਈ ਵਿੱਤ ਸਕੱਤਰ ਕੁਲਵਿੰਦਰ ਸਿੰਘ ਜਹਾਂਗੀਰ ਅਤੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਘਨੌਰ ਨੇ ਕਿਹਾ ਕਿ ਬਲਾਕ ਅਧੀਨ ਕੰਮ ਕਰਦੇ ਅਧਿਆਪਕ, ਜਿਨ੍ਹਾਂ ਦੀ ਨਿਯੁਕਤੀ 2006 ਵਿੱਚ ਹੋਈ ਸੀ ਅਤੇ ਅਕਤੂਬਰ 2007 ਵਿੱਚ ਨਿਯੁਕਤ ਅਧਿਆਪਕ ਨਾਲ ਉਨ੍ਹਾਂ ਨੂੰ ਨੌਂ ਸਾਲ ਲੱਗਣ ਉਪਰੰਤ ਪੇਅ ਅਨਾਮਲੀ (ਜੂਨੀਅਰ/ਸੀਨੀਅਰ) ਪੈਦਾ ਹੋ ਗਈ, ਜਿਸ ਨੂੰ ਦੂਰ ਕੀਤਾ ਜਾਵੇ। ਧਰਨੇ ਦੌਰਾਨ ਇੱਕ ਜਨਵਰੀ, 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਫੈਮਿਲੀ ਪੈਨਸ਼ਨ ਦੇ ਨੋਟੀਫਿਕੇਸ਼ਨ ਦੀ ਐਂਟਰੀ ਨਾ ਕਰਨ ਦਾ ਮੁੱਦਾ ਭਾਰੂ ਰਿਹਾ। ਇਸ ਮੌਕੇ ਖਾਸ ਤੌਰ ‘ਤੇ ਪੁੱਜੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸ਼ਿਵਰਾਜ ਕਪੂਰ ਨੇ ਅਧਿਆਪਕ ਮਸਲੇ ਦੇ ਹੱਲ ਲਈ 10 ਦਿਨ ਦਾ ਸਮਾਂ ਮੰਗਿਆ, ਜਦੋਂ ਕਿ ਧਰਨਾਕਾਰੀਆਂ ਨੇ ਨਿਰਧਾਰਤ ਸਮੇਂ ਦੌਰਾਨ ਨਿਬੇੜਾ ਨਾ ਹੋਣ ‘ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ।