For the best experience, open
https://m.punjabitribuneonline.com
on your mobile browser.
Advertisement

ਵੀਸੀ ਦਾ ਕਾਰਜਕਾਲ ਵਧਾਉਣ ਦੀ ਮੰਗ ਲਈ ਮੁਲਾਜ਼ਮਾਂ ਵੱਲੋਂ ਧਰਨਾ

07:04 AM Apr 26, 2024 IST
ਵੀਸੀ ਦਾ ਕਾਰਜਕਾਲ ਵਧਾਉਣ ਦੀ ਮੰਗ ਲਈ ਮੁਲਾਜ਼ਮਾਂ ਵੱਲੋਂ ਧਰਨਾ
ਵਿਦਾਇਗੀ ਸਮਰੋਹ ਦੌਰਾਨ ਵੀਸੀ ਪ੍ਰੋ. ਅਰਵਿੰਦ ਨੂੰ ਸਨਮਾਨਤ ਕੀਤੇ ਜਾਣ ਦਾ ਦ੍ਰਿਸ਼। ਫੋਟੋ:ਭੰਗੂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 25 ਅਪਰੈਲ
ਪ੍ਰੋ. ਅਰਵਿੰੰਦ ਦਾ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵਜੋਂ ਤਿੰਨ ਸਾਲਾ ਕਾਰਜਕਾਲ ਅੱਜ ਪੂਰਾ ਹੋ ਗਿਆ। ਇਸ ਦੇ ਚੱਲਦਿਆਂ ਅੱਜ ਅੰਤਲੇ ਦਿਨ ਉਨ੍ਹਾਂ ਨੂੰ ਇੱਥੋਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਨਮਾਨ ਵਿੱਚ ਵਿਦਾਇਗੀ ਪਾਰਟੀ ਦਿੱਤੀ ਗਈ। ਉਧਰ ਪੰਜਾਬ ਸਰਕਾਰ ਤੋਂ ਉਨ੍ਹਾਂ ਦੇ ਕਾਰਜਕਾਲ ’ਚ ਹੋਰ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਅੱਜ ਇੱਥੋਂ ਦੇ ਮੁਲਾਜ਼ਮਾਂ ਵੱਲੋਂ ਮੁੱਖ ਗੇਟ ’ਤੇ ਧਰਨਾ ਮਾਰ ਕੇ ਆਵਾਜਾਈ ਵੀ ਠੱਪ ਕੀਤੀ ਗਈ।
ਉੱਧਰ ਵਿਦਾਇਗੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰੋ. ਅਰਵਿੰਦ ਨੇ ਕਿਹਾ ਕਿ ਯੂਨੀਵਰਸਿਟੀ ਉਨ੍ਹਾਂ ਨੂੰ ਆਪਣੇ ਘਰ ਵਾਂਗ ਹੀ ਲੱਗੀ ਹੈ। ਅਧਿਆਪਨ ਅਤੇ ਗ਼ੈਰ-ਅਧਿਆਪਨ ਅਮਲੇ ਸਣੇ ਸਾਰੇ ਵਰਗਾਂ ਵੱਲੋਂ ਦਿੱਤੇ ਗਏ ਭਰਪੂਰ ਸਹਿਯੋਗ ਸਦਕਾ ਹੀ ਉਹ ਆਪਣੀ ਬਣਦੀ ਭੂਮਿਕਾ ਨਿਭਾਅ ਸਕੇ ਹਨ। ਉਨ੍ਹਾਂ ਦੱਸਿਆ ਕਿ ਉਹ ਆਈਆਈਟੀ ਚੇਨੱਈ ਜਿਹੇ ਦੇਸ਼ ਦੇ ਵੱਕਾਰੀ ਅਦਾਰੇ ਵਿੱਚ ਨੌਕਰੀ ਕਰਦਿਆਂ ਹਮੇਸ਼ਾ ਪੰਜਾਬ ਆਉਣ ਲਈ ਤਾਂਘਦੇ ਸਨ। ਇਸੇ ਖਿੱਚ ਕਾਰਨ ਹੀ ਉਹ ਆਇਸਰ ਮੁਹਾਲੀ ਆਏ ਸਨ ਪਰ ਪੰਜਾਬੀ ਯੂਨੀਵਰਸਿਟੀ ਵਿੱਚ ਤਿੰਨ ਸਾਲ ਬਿਤਾ ਕੇ ਉਨ੍ਹਾਂ ਨੂੰ ਲੱਗਿਆ ਕਿ ਉਹ ਸੱਚਮੁੱਚ ਹੀ ਮੁੜ ਪੰਜਾਬ ਆ ਗਏ ਹਨ।
ਉਨ੍ਹਾਂ ਭਵਿੱਖ ਵਿੱਚ ਖੋਜ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ, ਕਿਹਾ ਕਿ ਗ਼ੈਰ-ਮਿਆਰੀ ਖੋਜ ਸਮਾਜ ਦਾ ਉਲਟਾ ਨੁਕਸਾਨ ਹੀ ਕਰਦੀ ਹੈ। ਇਸ ਮੌਕੇ ਬੁਲਾਰਿਆਂ ਨੇ ਉਨ੍ਹਾਂ ਵੱਲੋਂ ਆਪਣੇ ਸ਼ਾਨਦਾਰ ਅਤੇ ਸਫਲ ਕਾਰਜਕਾਲ ਦੌਰਾਨ ਯੂਨੀਵਰਸਿਟੀ ਨੂੰ ਸੰਕਟ ਵਿੱਚੋਂ ਕੱਢਣ ਲਈ ਲਏ ਗਏ ਫ਼ੈਸਲਿਆਂ ਦੀ ਸ਼ਲਾਘਾ ਕੀਤੀ ਗਈ।
ਡੀਨ ਅਕਾਦਮਿਕ ਮਾਮਲੇ ਪ੍ਰੋ. ਏ. ਕੇ. ਤਿਵਾੜੀ ਨੇ ਕਿਹਾ ਕਿ ਪ੍ਰੋ. ਅਰਵਿੰਦ ਨੇ ਹਰ ਕਦਮ ਉੱਤੇ ਪ੍ਰਬੰਧਕੀ ਅਤੇ ਅਕਾਦਮਿਕ ਕਾਰਜਾਂ ਵਿੱਚ ਉਨ੍ਹਾਂ ਨੂੰ ਸਹੀ ਅਗਵਾਈ ਵੀ ਦਿੱਤੀ ਅਤੇ ਖੁੱਲ੍ਹ ਕੇ ਕੰਮ ਕਰਨ ਤੇ ਢੁਕਵੇਂ ਫ਼ੈਸਲੇ ਲੈਣ ਦੀ ਅਜ਼ਾਦੀ ਦਿੱਤੀ। ਡੀਨ ਖੋਜ ਡਾ. ਮਨਜੀਤ ਪਾਤਰ, ਡੀਨ ਭਾਸ਼ਾਵਾਂ ਪ੍ਰੋ. ਰਾਜੇਸ਼ ਸ਼ਰਮਾ, ਪੰਜ ਸਾਲਾ ਏਕੀਕ੍ਰਿਤ ਕੋਰਸਾਂ ਦੇ ਡੀਨ ਪ੍ਰੋ. ਸੰਜੀਵ ਪੁਰੀ, ਡੀਨ ਅਲੂਮਨੀ ਡਾ. ਗੁਰਮੁਖ ਸਿੰਘ ਸਮੇਤ ਡਾ. ਉਮਰਾਉ ਸਿੰਘ, ਈ.ਐੱਮ.ਆਰ.ਸੀ. ਦੇ ਡਾਇਰੈਕਟਰ ਦਲਜੀਤ ਅਮੀ, ਸਾਬਕਾ ਡੀਨ ਅਕਾਦਮਿਕ ਪ੍ਰੋ. ਬੀ. ਐੱਸ. ਸੰਧੂ, ਕਾਨੂੰਨ ਵਿਭਾਗ ਤੋਂ ਡਾ. ਮੋਨਿਕਾ ਚਾਵਲਾ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਤੋਂ ਡਾ. ਸੁਰਿੰਦਰ ਮੰਡ ਸਮੇਤ ਕਈ ਹੋਰਨਾ ਨੇ ਵੀ ਵਿਚਾਰ ਪੇਸ਼ ਕੀਤੇ।
ਨਾਨ ਟੀਚਿੰਗ ਸੰਘ ਦੇ ਪ੍ਰਧਾਨ ਰਾਜਿੰਦਰ ਬਾਗੜੀਆਂ ਅਤੇ ਗੁਰਿੰਦਰਪਾਲ ਬੱਬੀ ਨੇ ਵੀ ਵਿਚਾਰ ਰੱਖੇ। ਪੰਜਾਬੀ ਵਿਕਾਸ ਵਿਭਾਗ ਦੀ ਮੁਖੀ ਡਾ. ਪਰਮਿੰਦਰਜੀਤ ਦੀ ਅਗਵਾਈ ਵਿੱਚ ਵਿਭਾਗ ਦੇ ਕਰਮਚਾਰੀਆਂ ਨੇ ਵੀ.ਸੀ ਨੂੰ ਸਨਮਾਨਤ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×