ਕਾਂਗਰਸੀ ਆਗੂਆਂ ਵੱਲੋਂ ਖੰਨਾ ਮੰਡੀ ਵਿੱਚ ਧਰਨਾ; ਸਰਕਾਰ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਨਾਅਰੇਬਾਜ਼ੀ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 18 ਅਕਤੂਬਰ
ਸਥਾਨਕ ਦਾਣਾ ਮੰਡੀ ਵਿੱਚ ਝੋਨੇ ਦੀ ਖਰੀਦ ਦਾ ਕੰਮ ਸੁਚਾਰੂ ਢੰਗ ਨਾਲ ਨਾ ਚੱਲਣ ਦੇ ਰੋਸ ਵਿੱਚ ਅੱਜ ਕਿਸਾਨ-ਮਜ਼ਦੂਰ ਯੂਨੀਅਨ ਅਤੇ ਹੋਰਨਾਂ ਜਥੇਬੰਦੀਆਂ ਨੇ ਖੰਨਾ-ਨਵਾਂਸ਼ਹਿਰ ਮਾਰਗ ’ਤੇ ਪਿੰਡ ਗੜ੍ਹੀ ਤਰਖਾਣਾ ਨੇੜੇ ਧਰਨਾ ਲਾ ਕੇ ਸੜਕ ਜਾਮ ਕਰ ਦਿੱਤੀ। ਧਰਨੇ ’ਤੇ ਬੈਠੇ ਯੂਨੀਅਨ ਦੇ ਯੂਥ ਵਿੰਗ ਕੌਮੀ ਪ੍ਰਧਾਨ ਜੁਗਰਾਜ ਸਿੰਘ ਮੰਡ ਨੇ ਕਿਹਾ ਕਿ ਝੋਨੇ ਦੀ ਫ਼ਸਲ ਨਾ ਵਿਕਣ ਕਾਰਨ ਅੱਜ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ ਅਤੇ ਸੜਕਾਂ ’ਤੇ ਉੱਤਰ ਕੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ ਕਈ ਦਿਨਾਂ ਤੋਂ ਆਪਣੀ ਫਸਲ ਵੇਚਣ ਲਈ ਮੰਡੀਆਂ ’ਚ ਬੈਠੇ ਹਨ ਪਰ ਕੋਈ ਉਨ੍ਹਾਂ ਦੀ ਸਾਰ ਨਹੀਂ ਲੈ ਰਿਹਾ। ਉਨ੍ਹਾਂ ਕਿਹਾ ਕਿ ਬੇਸ਼ੱਕ ਕਿਸਾਨ ਯੂਨੀਅਨਾਂ ਦੀ ਸਰਕਾਰਾਂ ਨਾਲ ਮੀਟਿੰਗਾਂ ਹੋਈਆਂ ਪਰ ਸਿਵਾਏ ਲਾਰਿਆਂ ਤੋਂ ਕੁਝ ਨਹੀਂ ਮਿਲਿਆ।
ਜੁਗਰਾਜ ਮੰਡ ਨੇ ਕਿਹਾ ਕਿ ਜਿੰਨੀ ਇਸ ਵਾਰ ਝੋਨੇ ਦੀ ਬੇਕਦਰੀ ਹੋਈ ਹੈ ਉਹ ਕਦੇ ਵੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕ ਝੋਨਾ ਚੁੱਕਣ ਨੂੰ ਤਿਆਰ ਨਹੀਂ ਕਿਉਂਕਿ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਉਹ ਬੇਹੱਦ ਘਾਟੇ ਵਿੱਚ ਹਨ। ਕਿਸਾਨ ਆਗੂ ਕਰਨਦੀਪ ਸਿੰਘ ਨੇ ਕਿਹਾ ਕਿ ਇੱਕ ਪਾਸੇ ਝੋਨਾ ਨਹੀਂ ਵਿਕ ਰਿਹਾ ਤੇ ਦੂਜੇ ਪਾਸੇ ਕਿਸਾਨਾਂ ਨੂੰ ਕਣਕ ਤੇ ਆਲੂਆਂ ਦੀ ਬਿਜਾਈ ਲਈ ਡੀਏਪੀ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਕਈ ਕੀਟਨਾਸ਼ਕ ਦਵਾਈ ਵਿਕ੍ਰੇਤਾ ਡੀਏਪੀ ਨਾਲ ਹੋਰ ਦਵਾਈਆਂ ਧੱਕੇ ਨਾਲ ਵੇਚ ਕੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰੇ। ਕਿਸਾਨਾਂ ਦਾ ਇਹ ਰੋਸ ਧਰਨਾ ਤੇ ਚੱਕਾ ਜਾਮ ਕਰੀਬ 2 ਘੰਟੇ ਤੋਂ ਵੱਧ ਚੱਲਿਆ ਜਿਸ ਦੌਰਾਨ ਆਵਾਜਾਈ ਠੱਪ ਰਹੀ ਤੇ ਸੜਕ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਮੌਕੇ ਪ੍ਰਕਾਸ਼ ਸਿੰਘ ਉਧੋਵਾਲ ਵੀ ਮੌਜੂਦ ਸਨ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਵਜੋਂ ਜਾਣੀ ਜਾਂਦੀ ਖੰਨਾ ਮੰਡੀ ’ਚ ਝੋਨੇ ਦੀ ਢਿੱਲੀ ਖਰੀਦ ਅਤੇ ਲਿਫਟਿੰਗ ਦੇ ਮਾਮਲੇ ’ਤੇ ਅੱਜ ਸਾਬਕਾ ਕੈਬਿਨਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਸੂਬੇ ਦੀ ‘ਆਪ’ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਅਤੇ ਮੰਡੀਆਂ ਲਈ ਸੰਘਰਸ਼ ਕਰਨ ਨੂੰ ਤਿਆਰ ਹੈ ਤੇ ਆਖਰੀ ਦਮ ਤੱਕ ਲੜਾਈ ਜਾਰੀ ਰਹੇਗੀ। ਕੋਟਲੀ ਨੇ ਕਿਹਾ ਕਿ ਪਹਿਲੀ ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਜਾਂਦੀ ਹੈ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਵੱਲੋਂ ਖਰੀਦ ਸ਼ੁਰੂ ਨਹੀਂ ਹੋਈ ਅਤੇ ਹਾਲੇ ਵੀ ਖਰੀਦ ਕਿਤੇ ਨਜ਼ਰ ਨਹੀਂ ਆ ਰਹੇ। ਉਨ੍ਹਾਂ ਦਾਅਵਾ ਕੀਤਾ ਕਿ 20 ਫੀਸਦ ਕਿਸਾਨ ਮੰਡੀਆਂ ’ਚ ਪੁੱਜ ਚੁੱਕੇ ਹਨ ਤੇ ਲਿਫ਼ਟਿੰਗ ਸਿਰਫ਼ 5 ਫੀਸਦ ਹੀ ਹੋਈ ਹੈ। ਮਜ਼ਦੂਰੀ ਦੇ ਮੁੱਦੇ ’ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਲੇਬਰ ਨੂੰ ਤਿੰਨ ਰੁਪਏ ਮੁਫ਼ਤ ਬੈਗ ਲੇਬਰ ਦਿੱਤੀ ਜਾਵੇਗੀ ਜਦਕਿ ਹੁਣ ਸਿਰਫ਼ ਇੱਕ ਰੁਪਿਆ ਪ੍ਰਤੀ ਕੁਇੰਟਲ ਦੇਣ ਦਾ ਵਾਅਦਾ ਕੀਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਛੇਤੀ ਹੱਲ ਨਾ ਕੱਢਿਆ ਗਿਆ ਤਾਂ ਕਾਂਗਰਸ ਪਾਰਟੀ ਕਿਸਾਨਾਂ ਤੇ ਮੰਡੀਆਂ ਲਈ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।
ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਕਿਹਾ ਕਿ ‘ਆਪ’ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ। ਹਲਕਾ ਸਮਰਾਲਾ ਦੇ ਕਾਂਗਰਸ ਪ੍ਰਧਾਨ ਰੁਪਿੰਦਰ ਸਿੰਘ ਰਾਜਾਗਿੱਲ ਨੇ ਕਿਹਾ ਝੋਨੇ ਦੀ ਖਰੀਦ ਅਤੇ ਲਿਫਟਿੰਗ ਦੇ ਸਹੀ ਪ੍ਰਬੰਧ ਨਾ ਹੋਣਾ ‘ਆਪ’ ਸਰਕਾਰ ਦੀ ਨਕਾਮੀ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਕਾਰਜਕਾਲ ’ਚ ਇਹ ਤੀਜਾ ਸੀਜ਼ਨ ਹੈ ਪਰ ਤਿਆਰੀ ਜ਼ੀਰੋ ਹੈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਿਆਲ ਸਿੰਘ ਦਿਆਲੀ, ਬਲਾਕ ਕਾਂਗਰਸ ਖੰਨਾ ਸ਼ਹਿਰੀ ਪ੍ਰਧਾਨ ਐਡਵੋਕੇਟ ਰਾਜੀਵ ਰਾਏ ਮਹਿਤਾ, ਗੁਰਦੀਪ ਸਿੰਘ ਰਸੂਲੜਾ ਹਾਜ਼ਰ ਸਨ।
ਕਿਸਾਨ ਯੂਨੀਅਨ ਵੱਲੋਂ ਵਿਧਾਇਕ ਗਿਆਸਪੁਰਾ ਦੇ ਦਫ਼ਤਰ ਅੱਗੇ ਧਰਨਾ
ਪਾਇਲ (ਦੇਵਿੰਦਰ ਸਿੰਘ ਜੱਗੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਝੋਨੇ ਦੀ ਨਿਰਵਿਘਨ ਖਰੀਦ ਅਤੇ ਲਿਫਟਿੰਗ ਕਰਵਾਉਣ ਦੀ ਮੰਗ ਤਹਿਤ ਭਾਜਪਾ ਆਗੂਆਂ ਅਤੇ ‘ਆਪ’ ਵਿਧਾਇਕਾਂ ਦੇ ਦਫ਼ਤਰਾਂ ਅੱਗੇ ਆਰੰਭੇ ਦਿਨ-ਰਾਤ ਦੇ ਧਰਨਿਆਂ ਦੇ ਪ੍ਰੋਗਰਾਮ ਤਹਿਤ ਅੱਜ ਸਥਾਨਕ ਇਕਾਈ ਦੇ ਆਗੂਆਂ ਨੇ ਵੱਡੀ ਗਿਣਤੀ ਕਿਸਾਨਾਂ ਨਾਲ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਨੂੰ ਮੰਡੀਆਂ ਵਿੱਚ ਰੋਲਿਆ ਜਾ ਰਿਹਾ ਹੈ, ਕੇਂਦਰ ਸਰਕਾਰ ਤੇ ਪੰਜਾਬ ਦੀ ਮਾਨ ਸਰਕਾਰ ਦੋਵੇਂ ਕਿਸਾਨਾਂ ਨੂੰ ਖੁਆਰ ਕਰ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਸਰਕਾਰੀ ਖਰੀਦ ਏਜੰਸੀਆਂ ਫ਼ਸਲ ਖਰੀਦਣ ਤੋਂ ਭੱਜ ਰਹੀਆਂ ਹਨ ਤੇ ਕਿਸਾਨ ਨਾ ਚਾਹੁੰਦੇ ਹੋਏ ਵੀ ਨਿੱਜੀ ਖਰੀਦ ਏਜੰਸੀਆਂ ਕੋਲ ਜਾਣ ਲਈ ਮਜਬੂਰ ਹਨ। ਬੀਕੇਯੂ ਏਕਤਾ ਉਗਰਾਹਾਂ ਵਲੋਂ 17 ਅਕਤੂਬਰ ਤੋਂ ਪੰਜਾਬ ਦੇ 25 ਟੌਲ ਪਲਾਜ਼ਾ ਲਗਾਤਾਰ ਮੁਫ਼ਤ ਕੀਤੇ ਗਏ ਹਨ ਤੇ ਅੱਜ ਇਸ ਨੂੰ ਹੋਰ ਅੱਗੇ ਵਧਾਉਂਦੇ ਹੋਏ ‘ਆਪ’ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਦਫ਼ਤਰਾਂ ਅੱਗੇ ਮੋਰਚੇ ਸ਼ੁਰੂ ਕਰ ਦਿੱਤੇ ਹਨ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰੀ ਖਰੀਦ ਨਿਰਵਿਘਨ ਸ਼ੁਰੂ ਕੀਤੀ ਜਾਵੇ, 26 ਕਿਸਮ ਦੇ ਝੋਨੇ ਨੂੰ ਘੱਟ ਭਾਅ ਦੀ ਭਰਪਾਈ ਕੀਤੀ ਜਾਵੇ, ਡੀਏਪੀ ਦਾ ਪ੍ਰਬੰਧ ਕੀਤਾ ਜਾਵੇ। ਪਰਾਲੀ ਨਾ ਸਾੜਨ ਵਾਲਿਆਂ ਨੂੰ 200 ਰੁਪਏ ਪ੍ਰਤੀ ਕੁਵਿੰਟਲ ਬੋਨਸ ਦਿੱਤਾ ਜਾਵੇ।