ਭਾਜਪਾ ਵੱਲੋਂ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ਅੱਗੇ ਧਰਨਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਅਕਤੁਬਰ
ਪੰਚਾਇਤੀ ਚੋਣ ਦੌਰਾਨ ਸਨੌਰ ਹਲਕੇ ਦੇ ਪਿੰਡ ਖੁੱਡਾ ਵਿੱਚ ਵੋਟਾਂ ਵਾਲੇ ਦਿਨ ਬੂਥ ’ਕੇ ਕਬਜ਼ੇ ਦੀ ਕੋਸ਼ਿਸ਼ ਦਾ ਵਿਰੋਧ ਕਰ ਰਹੇ ਪਿੰਡ ਦੇ ਨੌਜਵਾਨ ਸਰਬਜੀਤ ਸਿੰਘ ਦੇ ਗੋਲ਼ੀ ਵੱਜਣ ਕਾਰਨ ਉਹ ਜ਼ਖਮੀ ਹੋ ਗਿਆ ਸੀ। ਇਸ ਸਬੰਧੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਭਾਜਪਾ ਵੱਲੋਂ ਜਿਥੇ ਤਿੰਨ ਦਿਨ ਪਹਿਲਾਂ ਸਨੌਰ ਵਿੱਚ ਧਰਨਾ ਦਿੱਤਾ ਗਿਆ, ਉਥੇ ਹੀ ਅੱਜ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ਦੇ ਬਾਹਰ ਜੇਲ੍ਹ ਰੋਡ ’ਤੇ ਵੀ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਸੂਬਾਈ ਪ੍ਰਧਾਨ ਬੀਬਾ ਜੈਇੰਦਰ ਕੌਰ ਨੇ ਕਰਦਿਆਂ ਭੁੱਖ ਹੜਤਾਲ਼ ਵੀ ਰੱਖੀ।
ਇਸ ਮੌਕੇ ਸਾਬਕਾ ਲੋਕ ਸਭਾ ਮੈਂਬਰ ਪਰਨੀਤ ਕੌਰ, ਜੈਇੰਦਰ ਕੌਰ ਤੇ ਹਰਵਿੰਦਰ ਹਰਪਾਲਪੁਰ ਸਣੇ ਹੋਰ ਬੁਲਾਰਿਆਂ ਨੇ ਹੁਣ ਤੱਕ ਵੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਦੀ ਨਿੰਦਾ ਕੀਤੀ। ਇਸ ਦੌਰਾਨ ਸਾਬਕਾ ਚੇਅਰਮੈਨ ਕੇਕੇ ਸ਼ਰਮਾ ਅਤੇ ਨਰਿੰਦਰ ਸਹਿਗਲ ਹਾਜ਼ਰ ਸਨ। ਉਧਰ ਐੱਸਪੀ ਸਿਟੀ ਸਰਫਰਾਜ਼ ਆਲਮ ਨੇ ਧਰਨੇ ’ਚ ਪਹੁੰਚ ਕੇ ਧਰਨੇ ਦੇ ਮੋਹਰੀ ਆਗੂਆਂ ਵਜੋਂ ਬੀਬਾ ਜੈਇੰਦਰ ਕੌਰ ਨਾਲ ਗੱਲਬਾਤ ਕਰਦਿਆਂ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰਨ ਦਾ ਭਰੋਸਾ ਦਿਵਾਇਆ। ਇਸ ਮਗਰੋਂ ਭੁੱਖ ਹੜਤਾਲ ਅਤੇ ਧਰਨਾ ਸਮਾਪਤ ਕਰ ਦਿਤਾ ਗਿਆ। ਇਸ ਮੌਕੇ ਭਾਜਪਾ ਦੇ ਸੂਬਾਈ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਦਾ ਕਹਿਣਾ ਸੀ ਕਿ ਭਾਜਪਾ ਦੀ ਜ਼ਿਲ੍ਹਾ ਇਕਾਈ ਪਟਿਆਲਾ ਦੇ ਆਗੂ ਅਤੇ ਵਰਕਰ ਸਰਕਾਰ ਦੇ ਜ਼ੁਲਮ ਦਾ ਸ਼ਿਕਾਰ ਲੋਕਾਂ ਦੇ ਹੱਕ ’ਚ ਅੱਗੇ ਹੋ ਕੇ ਜੂਝਦੇ ਰਹਿਣਗੇ।