For the best experience, open
https://m.punjabitribuneonline.com
on your mobile browser.
Advertisement

ਸਰਵਿਸ ਲੇਨ ਦਾ ਕੰਮ ਵਿਚਾਲੇ ਛੱਡਣ ’ਤੇ ਉਸਮਾ ਟੌਲ ਪਲਾਜ਼ਾ ’ਤੇ ਧਰਨਾ

08:35 AM Aug 27, 2024 IST
ਸਰਵਿਸ ਲੇਨ ਦਾ ਕੰਮ ਵਿਚਾਲੇ ਛੱਡਣ ’ਤੇ ਉਸਮਾ ਟੌਲ ਪਲਾਜ਼ਾ ’ਤੇ ਧਰਨਾ
ਕੌਮੀ ਸ਼ਾਹ ਮਾਰਗ ਦੀ ਸਰਵਿਸ ਲੇਨ ਦਾ ਕੰਮ ਵਿਚਾਲੇ ਛੱਡਣ ਖਿਲਾਫ਼ ਧਰਨਾ ਦਿੰਦੇ ਹੋਏ ਇਲਾਕਾ ਵਾਸੀ।
Advertisement

ਗੁਰਬਖਸ਼ਪੁਰੀ
ਤਰਨ ਤਾਰਨ, 26 ਅਗਸਤ
ਕੌਮੀ ਸ਼ਾਹ ਮਾਰਗ (ਐੱਨਐੱਚ) ਨੰਬਰ 54 ’ਤੇ ਪਿੰਡ ਚੁਤਾਲਾ ਨੇੜੇ ਸਰਵਿਸ ਲੇਨ ਦਾ ਕੰਮ ਵਿਚਾਲੇ ਹੀ ਛੱਡ ਦੇਣ ਖ਼ਿਲਾਫ਼ ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਉਸਮਾਂ ਟੌਲ ਪਲਾਜ਼ਾ ’ਤੇ ਧਰਨਾ ਦਿੱਤਾ। ਸਿੱਟੇ ਵਜੋਂ ਵਾਹਨਾਂ ਦੀ ਆਵਾਜਾਈ ਫਰੀ ਰੱਖੀ ਗਈ| ਸਰਵਿਸ ਲੇਨ ਦੀ ਮੁਰਮੰਤ ਦਾ ਕੰਮ ਕਰਵਾਉਣ ਲਈ ਚੁਤਾਲਾ ਪਿੰਡ ਦੇ ਵਾਸੀ ਬੀਤੇ ਚਾਰ ਸਾਲਾਂ ਤੋਂ ਸੰਘਰਸ਼ ਦੇ ਰਾਹ ’ਤੇ ਹਨ| ਧਰਨਾਕਾਰੀਆਂ ਦੀ ਅਗਵਾਈ ਪਿੰਡ ਵਾਸੀ ਅਤੇ ਕਿਸਾਨ ਜਥੇਬੰਦੀ ਦੇ ਆਗੂ ਤਰਸੇਮ ਸਿੰਘ ਨੇ ਕੀਤੀ|
ਇਸ ਮੌਕੇ ਜਥੇਬੰਦੀ ਦੇ ਸੂਬਾ ਆਗੂ ਸ਼ਿਵੰਦਰ ਸਿੰਘ ਚੁਤਾਲਾ ਨੇ ਸੰਬੋਧਨ ਕਰਦਿਆਂ ਕਿਹਾਂ ਕਿ ਅੱਠ ਸਾਲ ਪਹਿਲਾਂ ਇਸ ਕੌਮੀ ਸ਼ਾਹ ਮਾਰਗ ਦੇ ਬਣਦਿਆਂ ਇੱਥੋਂ ਦੀ ਸਰਵਿਸ ਲੇਨ ਲਾਗੇ ਬਣਾਏ ਨਾਲੇ ਵਿੱਚ ਨੇੜਲੇ ਪਿੰਡ ਅਲਾਦੀਨਪੁਰ ਦੇ ਸੀਵਰੇਜ ਦਾ ਗੰਦਾ ਪਾਣੀ ਪੈਣ ਕਰਕੇ ਅਤੇ ਇਸ ਦੀ ਨਿਕਾਸੀ ਦਾ ਉਚਿੱਤ ਬੰਦੋਬਸਤ ਨਾ ਹੋਣ ਕਾਰਨ ਇੱਥੋਂ ਸੜਕ ਖਰਾਬ ਹੋ ਗਈ ਸੀ। ਖਰਾਬ ਸੜਕ ਨੂੰ ਬਣਾਉਣ ਦੀ ਮੰਗ ਨੂੰ ਲੈ ਕੇ ਨੇ ਜਥੇਬੰਦੀ ਨੇ ਬੀਤੇ ਚਾਰ ਸਾਲਾਂ ਤੋਂ ਪ੍ਰਸ਼ਾਸਨ ਅਤੇ ਐੱਨਐੱਚਏ (ਨੈਸ਼ਨਲ ਹਾਈਵੇ ਅਥਾਰਿਟੀ) ਦੇ ਅਧਿਕਾਰੀਆਂ ਨੂੰ ਇਸ ਸੜਕ ਨੂੰ ਬਣਾਉਣ ਲਈ ਅਪੀਲਾਂ ਕੀਤੀਆਂ|
ਉਨ੍ਹਾਂ ਕਿਹਾ ਕਿ ਦੋ ਮਹੀਨੇ ਪਹਿਲਾਂ ਇਸ ਸੜਕ ਨੂੰ ਬਣਾਉਣ ਲਈ ਸ਼ੁਰੂ ਕੀਤਾ ਕੰਮ ਇਕ ਮਹੀਨੇ ਤੋਂ ਫਿਰ ਬੰਦ ਕਰ ਦਿੱਤਾ ਗਿਆ ਹੈ ਜਿਸ ਦੇ ਨਤੀਜੇ ਵਜੋਂ ਸੜਕ ਨੂੰ ਚਾਲੂ ਨਾ ਕੀਤੇ ਜਾਣ ਕਰਕੇ ਪਿੰਡ ਚੁਤਾਲਾ ਵਾਸੀਆਂ ਅਤੇ ਆਉਣੇ ਜਾਂਦੇ ਹੋਰਨਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਧਰਨਾਕਾਰੀਆਂ ਨੂੰ ਸ਼ਾਂਤ ਕਰਨ ਕਰਨ ਲਈ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਆਸ਼ੂ ਸ਼ਰਮਾ, ਟੌਲ ਪਲਾਜ਼ਾ ਦੇ ਮੈਨੇਜਰ ਸਤਿੰਦਰ ਕੁਮਾਰ ਅਤੇ ਥਾਣਾ ਸਰਹਾਲੀ ਦੇ ਐੱਸਐੱਚਓ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਸੜਕ ਦਾ ਰਹਿੰਦਾ ਭਾਗ 20 ਸਤੰਬਰ ਤੱਕ ਮੁਕੰਮਲ ਕਰਕੇ ਰਸਤਾ ਖੋਲ੍ਹ ਦੇਣ ਦਾ ਯਕੀਨ ਦਿੱਤਾ, ਜਿਸ ’ਤੇ ਧਰਨਾ ਚੁੱਕ ਲਿਆ ਗਿਆ| ਇਸ ਮੌਕੇ ਜਥੇਬੰਦੀ ਦੇ ਆਗੂ ਸਤਿਨਾਮ ਸਿੰਘ, ਅਨੋਖ ਸਿੰਘ, ਸੁਖਦੇਵ ਸਿੰਘ, ਨਰਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਦਿਆਲ ਸਿੰਘ, ਬੀਬੀ ਹਰਜੀਤ ਕੌਰ, ਸੁਖਵਿੰਦਰ ਕੌਰ ਤੇ ਸੁਖਜੀਤ ਕੌਰ ਨੇ ਵੀ ਸੰਬੋਧਨ ਕੀਤਾ।

Advertisement

Advertisement
Advertisement
Author Image

Advertisement