For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਵੱਲੋਂ ਮਕਾਨ ਦੀ ਕੁਰਕੀ ਖ਼ਿਲਾਫ਼ ਧਰਨਾ

07:13 AM Apr 25, 2024 IST
ਕਿਸਾਨਾਂ ਵੱਲੋਂ ਮਕਾਨ ਦੀ ਕੁਰਕੀ ਖ਼ਿਲਾਫ਼ ਧਰਨਾ
ਸੰਗਰੂਰ ਸ਼ਹਿਰ ’ਚ ਇੱਕ ਮਕਾਨ ਦੀ ਕੁਰਕੀ ਰੋਕਣ ਲਈ ਮਕਾਨ ਅੱਗੇ ਰੋਸ ਧਰਨੇ ’ਤੇ ਬੈਠੇ ਕਿਸਾਨ। -ਫੋਟੋ: ਲਾਲੀ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 24 ਅਪਰੈਲ
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਬਲਾਕ ਇਕਾਈ ਦੇ ਝੰਡੇ ਹੇਠ ਕਿਸਾਨਾਂ ਵੱਲੋਂ ਸ਼ਹਿਰ ਦੇ ਪਟਿਆਲਾ ਗੇਟ ਸਥਿਤ ਇੱਕ ਮਕਾਨ ਦੀ ਕੁਰਕੀ ਦਾ ਵਿਰੋਧ ਕਰਦਿਆਂ ਰੋਸ ਧਰਨਾ ਦਿੱਤਾ ਗਿਆ। ਕਿਸਾਨ ਕੁਰਕੀ ਰੁਕਵਾਉਣ ਲਈ ਸਾਰਾ ਦਿਨ ਮਕਾਨ ਅੱਗੇ ਰੋਸ ਧਰਨੇ ’ਤੇ ਡਟੇ ਰਹੇ, ਜਿਸ ਕਾਰਨ ਪ੍ਰਸ਼ਾਸਨ ਅਤੇ ਬੈਂਕ ਦਾ ਕੋਈ ਵੀ ਅਧਿਕਾਰੀ ਨਹੀਂ ਪੁੱਜਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਫੇਸੀ ਐਕਟ 2022 ਦੀ ਧਾਰਾ 14 ਅਧੀਨ ਕਾਰਵਾਈ ਕਬਜ਼ਾ ਕਰਾਉਣ ਲਈ 24 ਅਪਰੈਲ ਦੀ ਤਾਰੀਖ ਨਿਸ਼ਚਿਤ ਕੀਤੀ ਗਈ ਸੀ ਜਿਸ ਸਬੰਧੀ ਬਕਾਇਦਾ ਨੋਟਿਸ ਲਗਾਇਆ ਗਿਆ ਸੀ ਪਰ ਮਕਾਨ ਦੀ ਕੁਰਕੀ ਰੁਕਵਾਉਣ ਲਈ ਸਵੇਰੇ ਹੀ ਭਾਕਿਯੂ ਏਕਤਾ ਉਗਰਾਹਾਂ ਦੇ ਕਿਸਾਨਾਂ ਨੇ ਮਕਾਨ ਅੱਗੇ ਰੋਸ ਧਰਨਾ ਲਗਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ ਅਤੇ ਜਨਰਲ ਸਕੱਤਰ ਜਗਤਾਰ ਸਿੰਘ ਲੱਡੀ ਨੇ ਕਿਹਾ ਕਿ ਨਰੇਸ਼ ਕੁਮਾਰ ਨਾਮੀ ਵਿਅਕਤੀ ਵੱਲੋਂ ਸਰਕਾਰੀ ਬੈਂਕ ਤੋਂ 70 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜਿਸ ਮਗਰੋਂ ਉਸ ਨੇ ਕਿਸ਼ਤਾਂ ਰਾਹੀਂ ਮੂਲ ਰਕਮ ਤੋਂ ਵੱਧ ਰਾਸ਼ੀ ਬੈਂਕ ਵਿਚ ਜਮ੍ਹਾਂ ਕਰਵਾਈ ਜਾ ਚੁੱਕੀ ਹੈ ਪਰ ਅਜੇ ਵੀ ਸਬੰਧਤ ਬੈਂਕ ਵੱਲੋਂ ਕਰਜ਼ੇ ਦੀ ਕਾਫ਼ੀ ਬਕਾਇਆ ਰਾਸ਼ੀ ਬਣਾ ਰੱਖੀ ਹੈ। ਉਨ੍ਹਾਂ ਕਿਹਾ ਕਿ ਛੋਟੇ ਕਰਜ਼ਦਾਰਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾ ਰਹੀਆਂ ਹਨ, ਜਦੋਂ ਕਿ ਵੱਡੇ ਧਨਾਢ ਬੈਂਕਾਂ ਦੇ ਅਰਬਾਂ ਰੁਪਏ ਲੈ ਕੇ ਰਫੂ ਚੱਕਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਕਰੋੜਾਂ ਰੁਪਏ ਦੇ ਕਰਜ਼ੇ ਮੂਆਫ਼ ਕਰ ਰਹੀ ਹੈ ਜਦੋਂ ਕਿ ਛੋਟੇ ਕਾਰੋਬਾਰੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਕੁਰਕੀ ਕਿਸੇ ਵੀ ਹਾਲਤ ਵਿਚ ਨਹੀਂ ਹੋਣ ਦਿੱਤੀ ਜਾਵੇ ਅਤੇ ਕਿਸੇ ਨੂੰ ਘਰੋਂ ਬੇਘਰ ਨਹੀਂ ਹੋਣ ਦਿੱਤਾ ਜਾਵੇਗਾ। ਧਰਨੇ ਵਿਚ ਬਲਾਕ ਆਗੂ ਕਰਮਜੀਤ ਸਿੰਘ ਮੰਡੇਰ, ਗੁਰਦੀਪ ਸਿੰਘ ਕੰਮੋਮਾਜਰਾ, ਹਾਕਮ ਸਿੰਘ ਖੇੜੀ, ਬੂਟਾ ਸਿੰਘ ਲੌਂਗੋਵਾਲ, ਜਰਨੈਲ ਸਿੰਘ ਸੰਗਰੂਰ, ਚਮਕੌਰ ਸਿੰਘ ਲੱਡੀ ਅਤੇ ਹੋਰ ਇਕਾਈਆਂ ਦੇ ਪ੍ਰਧਾਨ ਤੇ ਹਾਜ਼ਰ ਸਨ। ਸ਼ਾਮ ਕਰੀਬ ਪੰਜ ਵਜੇ ਤੱਕ ਕਿਸਾਨ ਮਕਾਨ ਅੱਗੇ ਰੋਸ ਧਰਨੇ ’ਤੇ ਡਟੇ ਰਹੇ ਅਤੇ ਕੋਈ ਵੀ ਅਧਿਕਾਰੀ ਨਹੀਂ ਪੁੱਜਿਆ। ਇਸ ਤੋਂ ਪਹਿਲਾਂ ਵੀ ਕਬਜ਼ੇ ਲਈ 5 ਅਪਰੈਲ ਦੀ ਤਾਰੀਖ ਨਿਸ਼ਚਿਤ ਕੀਤੀ ਸੀ ਉਸ ਦਿਨ ਵੀ ਕਿਸਾਨਾਂ ਦੇ ਵਿਰੋਧ ਕਾਰਨ ਕੋਈ ਅਧਿਕਾਰੀ ਨਹੀਂ ਪੁੱਜਿਆ ਸੀ।

Advertisement

Advertisement
Author Image

sukhwinder singh

View all posts

Advertisement
Advertisement
×