ਕਿਸਾਨ ਯੂਨੀਅਨ ਵੱਲੋਂ ਖਾਦ ਵਿਕਰੇਤਾ ਖ਼ਿਲਾਫ਼ ਧਰਨਾ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 7 ਨਵੰਬਰ
ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਖੇਤੀਬਾੜੀ ਵਿਭਾਗ ਵੱਲੋਂ ਘੱਗਾ ਦੇ ਇੱਕ ਖਾਦ ਡੀਲਰ ਦੀ ਖਾਦ ਸੀਲ ਕੀਤੇ ਜਾਣ ਉਪਰੰਤ ਡੀਲਰ ਖਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਿਸ ਦੌਰਾਨ ਪ੍ਰਸ਼ਾਸਨ ਨੇ ਤਿੰਨ ਦਿਨ ਦਾ ਸਮਾਂ ਮੰਗਿਆ ਤੇ ਜਾਂਚ ਪੁਲੀਸ ਨੂੰ ਦੇਣ ਦਾ ਭਰੋਸਾ ਦਿਵਾਇਆ। ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਘੱਗਾ ਨੇ ਕਿਹਾ ਕਿ ਕਣਕ ਦੀ ਬਿਜਾਈ ਲਈ ਜ਼ਰੂਰੀ ਡੀਏਪੀ ਖਾਦ ਨਾ ਮਿਲਣ ਕਾਰਨ ਕਿਸਾਨ ਭਟਕ ਰਹੇ ਹਨ ਪਰ ਕੁੱਝ ਡੀਲਰਾਂ ਨੇ ਖਾਦ ਦੁਕਾਨਾਂ ਤੋਂ ਲਾਂਭੇ ਰੱਖੀ ਹੋਈ ਹੈ। ਬੀਤੇ ਦਿਨੀ ਇੱਕ ਖਾਦ ਡੀਲਰ ਦੇ 100 ਦੇ ਕਰੀਬ ਖਾਦ ਦੇ ਥੈਲਿਆਂ ਨੂੰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਘੱਗਾ ਦੇ ਬੂਟਾ ਸਿੰਘ ਵਾਲਾ ਰੋਡ ’ਤੇ ਸਥਿਤ ਇੱਕ ਸ਼ੈਲਰ ਵਿੱਚੋਂ ਲਿਆ ਕੇ ਇੱਕ ਦੁਕਾਨ ’ਚ ਸੀਲ ਕਰਨ ਮਗਰੋਂ ਸਬੰਧਤ ਡੀਲਰ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਖਾਦ ਡੀਲਰ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਉਨ੍ਹਾਂ ਵੱਲੋਂ ਰੋਸ ਧਰਨਾ ਦੇਣ ਦੀ ਚਿਤਾਵਨੀ ਦਿੱਤੇ ਜਾਣ ’ਤੇ ਵੀ ਕੋਈ ਕਾਰਵਾਈ ਨਹੀਂ ਹੋਈ ਜਿਸ ਕਾਰਨ ਮਜਬੂਰੀਵੱਸ ਉਨ੍ਹਾਂ ਨੂੰ ਧਰਨਾ ਲਾਉਣ ਪਿਆ ਹੈ।
ਇਸ ਦੌਰਾਨ ਐੱਸਡੀਐੱਮ ਪਾਤੜਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾ ਕੇ ਧਰਨਾਕਾਰੀਆਂ ਨੂੰ ਕਾਰਵਾਈ ਦਾ ਯਕੀਨ ਦਿਵਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਫੂਡ ਸਪਲਾਈ ਵਿਭਾਗ ਤੋਂ ਮਾਮਲੇ ਸਬੰਧੀ ਰਿਪੋਰਟ ਮੰਗ ਲਈ ਹੈ। ਇਹ ਮਾਮਲਾ ਡੀਸੀ ਪਟਿਆਲਾ ਦੇ ਧਿਆਨ ਵਿੱਚ ਲਿਆ ਕੇ ਥਾਣਾ ਘੱਗਾ ਨੂੰ ਪੜਤਾਲ ਦਿੱਤੇ ਜਾਣ ਦੇ ਭਰੋਸੇ ਮਗਰੋਂ ਧਰਨਾ ਸਮਾਪਤ ਕਰਵਾਇਆ ਗਿਆ।