ਫ਼ਸਲਾਂ ਦੀ ਖ਼ਰੀਦ ਦੌਰਾਨ ਕੱਟ ਲਗਾਉਣ ਖ਼ਿਲਾਫ਼ ਧਰਨਾ
ਐੱਨਪੀ ਧਵਨ
ਪਠਾਨਕੋਟ, 18 ਨਵੰਬਰ
ਫ਼ਸਲਾਂ ਦੀ ਖਰੀਦ ਦੌਰਾਨ ਕੱਟ ਲਗਾਏ ਜਾਣ ਦੇ ਵਿਰੋਧ ਵਿੱਚ ਕਿਸਾਨਾਂ ਨੇ ਪਠਾਨਕੋਟ ਦੇ ਸਰਹੱਦੀ ਖੇਤਰ ਕਥਲੌਰ ਪੁਲ ’ਤੇ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਧਰਨੇ ਕਾਰਨ ਜੰਮੂ-ਕਸ਼ਮੀਰ ਅਤੇ ਹੋਰ ਥਾਵਾਂ ਤੋਂ ਪਠਾਨਕੋਟ ਜਾਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਧਰਨੇ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮੁਖਤਿਆਰ ਸਿੰਘ, ਰਿਤੇਸ਼ ਮਹਿਤਾ, ਗੁਲਚਰਨ ਸਿੰਘ, ਰਾਜੇਸ਼ ਛੋਟਾ ਤਲੂਰ, ਮਹਿਤਾਬ ਸਿੰਘ, ਕਿਸ਼ੋਰ ਸਿੰਘ, ਰਾਜੇਸ਼ਵਰ ਸਿੰਘ ਅਤੇ ਪ੍ਰਵੀਨ ਸਿੰਘ ਹਾਜ਼ਰ ਸਨ।
ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮੁਖਤਿਆਰ ਸਿੰਘ ਤੇ ਰਿਤੇਸ਼ ਨੇ ਕਿਹਾ ਕਿ ਕਿਸਾਨਾਂ ਦੀ ਫ਼ਸਲ ਪਹਿਲਾਂ 15 ਦਿਨ ਮੰਡੀਆਂ ਵਿੱਚ ਰੁਲਦੀ ਰਹੀ ਅਤੇ ਹੁਣ ਆੜ੍ਹਤੀ ਉਨ੍ਹਾਂ ਦੀ ਝੋਨੇ ਦੀ ਫ਼ਸਲ ’ਤੇ 200 ਤੋਂ 250 ਰੁਪਏ ਦਾ ਕੱਟ ਲਗਾ ਰਹੇ ਹਨ। ਜਦੋਂ ਉਨ੍ਹਾਂ ਕਮਿਸ਼ਨ ਏਜੰਟਾਂ ਨੂੰ ਪੁੱਛਿਆ ਕਿ ਇਹ ਕਟੌਤੀ ਕਿਉਂ ਕੀਤੀ ਜਾ ਰਹੀ ਹੈ ਤਾਂ ਉਹ ਕੋਈ ਠੋਸ ਜਵਾਬ ਨਹੀਂ ਦੇ ਸਕੇ। ਜਦੋਂ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਕੋਲ ਪੁੱਜੇ ਤਾਂ ਉਨ੍ਹਾਂ ਨਾਲ ਵੀ ਕੋਈ ਗੱਲਬਾਤ ਨਹੀਂ ਹੋ ਸਕੀ। ਜਦ ਕਿ ਮਾਰਕੀਟ ਕਮੇਟੀ ਦੇ ਸਕੱਤਰ ਨਾਲ ਫੋਨ ਰਾਹੀਂ ਗੱਲ ਕੀਤੀ ਗਈ ਤਾਂ ਉਹ ਕਦੇ ਕਿਤੇ ਸੱਦਦੇ ਰਹੇ ਤੇ ਕਦੇ ਕਿਤੇ ਪਰ ਕਿਧਰੇ ਵੀ ਉਨ੍ਹਾਂ ਦੀ ਸੁਣਵਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਮਜਬੂਰੀਵੱਸ ਅੱਜ ਟਰੈਫਿਕ ਜਾਮ ਕਰਨਾ ਪਿਆ। ਜਾਮ ਲੱਗਾ ਹੋਣ ਕਾਰਨ ਪੁਲੀਸ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਪੁਲੀਸ ਅਧਿਕਾਰੀ ਨੇ ਧਰਨੇ ’ਤੇ ਬੈਠੇ ਕਿਸਾਨਾਂ ਦੀ ਗੱਲ ਸੁਣ ਕੇ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਨਾਲ ਮਿਲਾਉਣ ਦਾ ਭਰੋਸਾ ਦਿੱਤਾ।
ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਬੁੱਧਵਾਰ ਤੱਕ ਦਾ ਸਮਾਂ ਲਿਆ ਹੈ ਅਤੇ ਇਸ ਭਰੋਸੇ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ ਹੈ।
ਦਾਣਾ ਮੰਡੀਆਂ ’ਚ ਕਿਸਾਨਾਂ ਦੀ ਲੁੱਟ ਖ਼ਿਲਾਫ਼ ਨਾਅਰੇਬਾਜ਼ੀ
ਗੁਰਦਾਸਪੁਰ (ਜਤਿੰਦਰ ਬੈਂਸ): ਦਾਣਾ ਮੰਡੀਆਂ ਵਿੱਚ ਕਿਸਾਨਾਂ ਦੀ ਕਥਿਤ ਲੁੱਟ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਮੈਂਬਰਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਦਾ ਇੱਕ ਵਫਦ ਜ਼ਿਲ੍ਹਾ ਮੰਡੀ ਬੋਰਡ ਅਫ਼ਸਰ ਗੁਰਦਾਸਪੁਰ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪ ਕੇ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਵਫ਼ਦ ਦੀ ਅਗਵਾਈ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜ, ਜਤਿੰਦਰ ਸਿੰਘ ਚੀਮਾ, ਸੁਖਵਿੰਦਰ ਸਿੰਘ ਅੱਲੜ ਪਿੰਡੀ, ਕੁਲਜੀਤ ਸਿੰਘ ਹਯਾਤ ਨਗਰ, ਰਣਬੀਰ ਸਿੰਘ ਡੁਗਰੀ, ਸੁੱਚਾ ਸਿੰਘ ਬਲੱਗਣ ਨੇ ਕੀਤੀ। ਉਨ੍ਹਾਂ ਕਿਹਾ ਕਿ ਝੋਨੇ ਵਿੱਚ ਵੱਧ ਨਮੀ ਹੋਣ ਦਾ ਆਖ ਕੇ ਅਤੇ ਦਾਣਾ ਮੰਡੀਆਂ ਵਿੱਚ ਪ੍ਰਤੀ ਕੁਇੰਟਲ 200 ਰੁਪਏ ਤੋਂ ਲੈ ਕੇ 320 ਰੁਪਏ ਤੱਕ ਦਾ ਆੜ੍ਹਤੀ ਕੱਟ ਲਾ ਰਹੇ ਹਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਕਿਸਾਨ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਨੂੰ ਨਿਆਂ ਨਾ ਦੁਵਾਇਆ ਤਾਂ ਸਰਕਾਰ ਦੇ ਖ਼ਿਲਾਫ਼ ਵੱਡਾ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ ਕਾਲਾ ਨੰਗਲ, ਸੋਹਣ ਸਿੰਘ ਗਿੱਲ, ਨਰਿੰਦਰ ਸਿੰਘ ਆਲੀਨੰਗਲ, ਦਿਲਬਰ ਸਿੰਘ ਹਰਦੋਛੰਨੀ, ਵੱਸਣ ਸਿੰਘ ਪੀਰਾਂ ਬਾਗ਼, ਦਲਜਿੰਦਰ ਸਿੰਘ ਦੋਰਾਗਲਾ ਅਤੇ ਜਪਕੀਰਤ ਹੁੰਦਲ ਹਾਜ਼ਰ ਸਨ।