For the best experience, open
https://m.punjabitribuneonline.com
on your mobile browser.
Advertisement

ਘੁੰਗਰਾਲੀ ਰਾਜਪੂਤਾਂ ਵਿੱਚ ਬਾਇਓਗੈਸ ਪਲਾਂਟ ਖ਼ਿਲਾਫ਼ ਧਰਨਾ

11:04 AM Apr 20, 2024 IST
ਘੁੰਗਰਾਲੀ ਰਾਜਪੂਤਾਂ ਵਿੱਚ ਬਾਇਓਗੈਸ ਪਲਾਂਟ ਖ਼ਿਲਾਫ਼ ਧਰਨਾ
ਪਿੰਡ ਘੁੰਗਰਾਲੀ ਰਾਜਪੂਤਾਂ ਵਿੱਚ ਪਲਾਂਟ ਖ਼ਿਲਾਫ਼ ਧਰਨਾ ਦਿੰਦੇ ਹੋਏ ਲੋਕ। 
Advertisement

ਜੋਗਿੰਦਰ ਸਿੰਘ ਓਬਰਾਏ
ਖੰਨਾ, 19 ਅਪਰੈਲ
ਇੱਥੋਂ ਦੇ ਪਿੰਡ ਘੁੰਗਰਾਲੀ ਰਾਜਪੂਤਾਂ ਵਿੱਚ ਬਾਇਓਗੈਸ ਪਲਾਂਟ ਖ਼ਿਲਾਫ਼ ਪਾਇਲ ਤੇ ਖੰਨਾ ਹਲਕੇ ਦੇ ਕਈ ਪਿੰਡਾਂ ਦੇ ਲੋਕਾਂ ਨੇ ਧਰਨਾ ਲਾ ਦਿੱਤਾ ਹੈ। ਫੈਕਟਰੀ ਬਾਹਰ ਵੱਡੀ ਗਿਣਤੀ ਵਿੱਚ ਲੋਕ ਇੱਕਠੇ ਹੋਣ ਕਾਰਨ ਸਥਿਤੀ ਤਣਾਅਪੂਰਨ ਬਣੀ ਰਹੀ ਤੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਡੀਐੱਸਪੀ ਸੁਖਅੰਮ੍ਰਿਤ ਸਿੰਘ ਤੇ ਥਾਣਾ ਸਦਰ ਮੁਖੀ ਹਰਦੀਪ ਸਿੰਘ ਦੀ ਅਗਵਾਈ ਵਿਚ ਪੁਲੀਸ ਫੋਰਸ ਤਾਇਨਾਤ ਰਹੀ। ਮਾਮਲੇ ਦੀ ਜਾਂਚ ਲਈ ਡੀਡੀਪੀਓ ਲੁਧਿਆਣਾ ਨਵਦੀਪ ਕੌਰ, ਏਡੀਓ ਨਵਜੋਤ ਕੌਰ, ਏਡੀਓ ਸਿਰਤਾਜ ਸਿੰਘ, ਐੱਸਈਪੀਓ ਕੁਲਦੀਪ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਰਬਜੀਤ ਸਿੰਘ ਅਤੇ ਪੰਚਾਇਤ ਅਫ਼ਸਰ ਕੁਲਦੀਪ ਸਿੰਘ ਮੌਕੇ ’ਤੇ ਪੁੱਜੇ। ਦੱਸਣਯੋਗ ਹੈ ਕਿ ਪਿੰਡ ਘੁੰਗਰਾਲੀ ਵਿੱਚ ਪਿਛਲੇ ਕੁਝ ਸਾਲਾਂ ਤੋਂ ਬਾਇਓਗੈਸ ਫੈਕਟਰੀ ਚੱਲ ਰਹੀ ਹੈ। ਕੁਝ ਦਿਨ ਪਹਿਲਾਂ ਲੋਕਾਂ ਨੂੰ ਸ਼ੱਕ ਹੋਇਆ ਕਿ ਫੈਕਟਰੀ ਕਾਰਨ ਪਿੰਡਾਂ ਵਿਚ ਅੱਧੀ ਰਾਤ ਉਪਰੰਤ ਬਦਬੂ ਆਉਂਦੀ ਹੈ ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਿਲ ਆਉਣ ਲੱਗੀ ਅਤੇ ਆਲੇ ਦੁਆਲੇ ਦੇ ਪਿੰਡਾਂ ਦਾ ਵਾਤਾਵਰਨ ਵੀ ਦੂਸ਼ਿਤ ਹੋ ਰਿਹਾ ਹੈ। ਪਿੰਡ ਦੇ ਲੋਕਾਂ ਨੇ ਫੈਕਟਰੀ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੋਈ ਹੱਲ ਨਹੀਂ ਹੋਇਆ ਜਿਸ ਉਪਰੰਤ ਲੋਕਾਂ ਨੇ ਫੈਕਟਰੀ ਖਿਲਾਫ਼ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ। ਧਰਨਾਕਾਰੀਆਂ ਨੇ ਕਿਹਾ ਕਿ ਫੈਕਟਰੀ ਵੱਲੋਂ ਰਾਤ ਸਮੇਂ ਪਰਾਲੀ ਦੀ ਥਾਂ ਕੋਈ ਕੈਮੀਕਲ ਫੂਕਿਆ ਜਾਂਦਾ ਹੈ ਜਿਸ ਕਾਰਨ ਇਥੇ ਕਾਫ਼ੀ ਬਦਬੂ ਆਉਂਦੀ ਹੈ ਅਤੇ ਪਲਾਂਟ ਦੀ ਰਹਿੰਦ ਖੂੰਹਦ ਖੇਤਾਂ ਵਿਚ ਸੁੱਟੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਕਾਰਨ ਪਿੰਡਾਂ ਵਿਚ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਅਤੇ ਉਪਜਾਊ ਜ਼ਮੀਨ ਵੀ ਬਰਬਾਦ ਹੋ ਰਹੀ ਹੈ। ਇਸ ਲਈ ਜੇਕਰ ਪ੍ਰਸ਼ਾਸਨ ਨੇ ਲੋਕਹਿੱਤ ਵਿਚ ਰਿਪੋਰਟ ਪੇਸ਼ ਕਰਕੇ ਇਸ ਮਸਲੇ ਨੂੰ ਤੁਰੰਤ ਹੱਲ ਨਾ ਕੀਤਾ ਤਾਂ ਵੱਡੀ ਪੱਧਰ ’ਤੇ ਸੰਘਰਸ਼ ਆਰੰਭਿਆ ਜਾਵੇਗਾ। ਇਸ ਮੌਕੇ ਕਾਮਰੇਡ ਜਸਵਿੰਦਰ ਸਿੰਘ ਹੈਪੀ, ਗੁਰਪ੍ਰੀਤ ਸਿੰਘ, ਸਰਪੰਚ ਹਰਪਾਲ ਸਿੰਘ ਚਹਿਲ, ਹਰਮਨਦੀਪ ਸਿੰਘ ਕਾਹਲੋਂ, ਮਲਕੀਤ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਡੀਡੀਪੀਓ ਨਵਦੀਪ ਕੌਰ ਨੇ ਧਰਨਾਕਾਰੀਆਂ ਅਤੇ ਫੈਕਟਰੀ ਪ੍ਰਬੰਧਕਾਂ ਤੋਂ ਜਾਣਕਾਰੀ ਲਈ। ਇਸ ਦੌਰਾਨ ਫੈਕਟਰੀ ਦੇ ਪਿਛਲੇ ਪਾਸੇ ਜਾ ਕੇ ਮੁਆਇਨਾ ਕੀਤਾ ਤਾਂ ਬਦਬੂ ਦੀ ਜਾਂਚ ਕੀਤੀ ਜਾ ਸਕੇ।

Advertisement

Advertisement
Author Image

sukhwinder singh

View all posts

Advertisement
Advertisement
×