ਮਜ਼ਦੂਰ ਦੇ ਘਰ ਦੀ ਕੁਰਕੀ ਖ਼ਿਲਾਫ਼ ਧਰਨਾ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 30 ਦਸੰਬਰ
ਇੱਥੋਂ ਨੇੜਲੇ ਪਿੰਡ ਕਪਿਆਲ ਵਿੱਚ ਇੱਕ ਫਾਇਨਾਂਸ ਕੰਪਨੀ ਵੱਲੋਂ ਮਜ਼ਦੂਰ ਪਰਿਵਾਰ ਦੇ ਘਰ ਅਤੇ ਵਰਕਸ਼ਾਪ ਦੇ ਵਾਰੰਟ ਕਬਜ਼ਾ ਕਰਨ ਖ਼ਿਲਾਫ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਸਤਨਾਮ ਸਿੰਘ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ।
ਇਸ ਮੌਕੇ ਯੂਨੀਅਨ ਦੇ ਬਲਾਕ ਆਗੂ ਅਮਨਦੀਪ ਸਿੰਘ ਮਹਿਲਾ ਚੌਂਕ ਅਤੇ ਮਨਜੀਤ ਸਿੰਘ ਘਰਾਚੋਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪਿੰਡ ਕਪਿਆਲ ਦੇ ਵਾਸੀ ਮਜੀਦ ਮੁਹੰਮਦ ਨੇ ਚਾਰ ਸਾਲ ਪਹਿਲਾਂ ਵਰਕਸ਼ਾਪ ਦਾ ਕੰਮ ਚਲਾਉਣ ਲਈ ਇਕ ਫਾਇਨਾਂਸ ਕੰਪਨੀ ਤੋਂ ਲੋਨ ਲਿਆ ਸੀ ਜਿਸ ਦੀਆਂ ਉਹ ਸਹੀ ਕਿਸ਼ਤਾਂ ਭਰ ਰਿਹਾ ਸੀ। ਕਰੋਨਾਵਾਇਰਸ ਕਾਰਨ ਹੋਈ ਤਾਲਾਬੰਦੀ ਕਾਰਨ ਉਸ ਦਾ ਕੰਮ ਨਹੀਂ ਚੱਲਿਆ ਅਤੇ ਘਰਵਾਲੀ ਬਿਮਾਰ ਰਹਿਣ ਲੱਗ ਪਈ। ਇਸੇ ਦੌਰਾਨ ਫਾਇਨਾਂਸ ਕੰਪਨੀ ਵੱਲੋਂ ਉਸ ਦੇ ਲੋਨ ਵਿੱਚੋਂ ਪਹਿਲਾਂ ਹੀ 86 ਹਜ਼ਾਰ ਰੁਪਏ ਖਰਚਿਆ ਦੇ ਨਾਮ ’ਤੇ ਕੱਟ ਲਏ ਗਏ ਸਨ ਜਿਸ ਦਾ ਉਸ ਨੂੰ ਬਾਅਦ ਵਿੱਚ ਪਤਾ ਲੱਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਇਹ ਪੈਸੇ ਨਾਜਾਇਜ਼ ਕੱਟੇ ਗਏ ਹਨ, ਜਦੋਂ ਕਿ ਉਹ ਰਹਿੰਦੀ ਰਕਮ ਹੁਣ ਵੀ ਮੋੜਨ ਲਈ ਤਿਆਰ ਹੈ। ਜਥੇਬੰਦੀ ਦੇ ਵਿਰੋਧ ਨੂੰ ਦੇਖਦਿਆ ਅੱਜ ਕੋਈ ਵੀ ਅਧਿਕਾਰੀ ਵਾਰੰਟ ਕਬਜ਼ਾ ਲੈਣ ਨਹੀਂ ਪਹੁੰਚਿਆ। ਇਸ ਮੌਕੇ ਬਲਾਕ ਆਗੂ ਗੁਰਚੇਤ ਸਿੰਘ ਭੱਟੀਵਾਲ, ਕਰਮ ਚਦ ਪੰਨਵਾਂ, ਗੁਰਦੇਵ ਸਿੰਘ ਆਲੋਅਰਖ ਅਤੇ ਹਰਜਿੰਦਰ ਸਿੰਘ ਘਰਾਚੋਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਔਰਤਾਂ ਹਾਜ਼ਰ ਸਨ।