ਮਰਹੂਮ ਰਜਨੀ ਸਾਥੀ ਨੂੰ ਧਰਮ ਰਤਨ ਸਨਮਾਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਨਵੰਬਰ
29 ਸਾਲ ਬਾਅਦ ਪੜ੍ਹਾਈ ਮੁੜ ਸ਼ੁਰੂ ਕਰ ਕੇ 2018 ਵਿੱਚ ਆਪਣੇ ਬੇਟੇ ਦੀਪਕ ਸਾਥੀ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ 10ਵੀਂ ਅਤੇ 2020 ਵਿੱਚ 12ਵੀਂ ਦੀ ਪ੍ਰੀਖਿਆ ਪਾਸ ਕਰਨ ਵਾਲੀ ਰਜਨੀ ਸਾਥੀ ਨੂੰ ਮਰਨ ਮਗਰੋਂ ਧਰਮ ਸਮਾਜ ਦੇ ਸਭ ਤੋਂ ਵੱਡੇ ਸਨਮਾਨ ਧਰਮ ਰਤਨ ਨਾਮ ਸਨਮਾਨਿਤ ਕੀਤਾ ਗਿਆ ਹੈ।
ਬੀਤੇ ਦਿਨੀਂ ਸਥਾਨਕ ਗੁਰੂ ਨਾਨਕ ਦੇਵ ਭਵਨ ਵਿੱਚ ਕਰਵਾਏ ਭਾਰਤੀ ਵਾਲਮੀਕਿ ਧਰਮ ਸਮਾਜ ਦੇ ਕੌਮੀ ਸਮਾਗਮ ਦੌਰਾਨ ਆਦਿ ਧਰਮ ਗੁਰੂ ਸਵਾਮੀ ਚੰਦਰਪਾਲ ਅਨਾਰੀਆ ਨੇ ਰਜਨੀ ਸਾਥੀ ਦਾ ਧਰਮ ਰਤਨ ਸਨਮਾਨ ਉਨ੍ਹਾਂ ਦੇ ਪਤੀ ਰਾਜ ਕੁਮਾਰ ਸਾਥੀ ਨੂੰ ਭੇਟ ਕੀਤਾ। 1974 ਵਿੱਚ ਤਰਨ ਤਾਰਨ ’ਚ ਪੈਦਾ ਹੋਈ ਰਜਨੀ ਨੇ 1989 ਵਿੱਚ ਨੌਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ, ਪਰ ਦਸਵੀਂ ਨਹੀਂ ਕਰ ਸਕੀ ਸੀ। ਪਤੀ ਰਾਜਕੁਮਾਰ ਸਾਥੀ ਦੀ ਪ੍ਰੇਰਣਾ ਸਦਕਾ ਰਜਨੀ ਨੇ ਬੇਟੇ ਦੀਪਕ ਦੇ 2018 ਵਿੱਚ 10ਵੀਂ ਦੀ ਪ੍ਰੀਖਿਆ ਦਿੱਤੀ। ਇਸ ਮਗਰੋਂ ਦੋਵਾਂ ਨੇ 2020 ’ਚ 12ਵੀਂ ਦੀ ਪ੍ਰੀਖਿਆ ਪਾਸ ਕੀਤੀ। ਰਜਨੀ ਦੇ ਪਤੀ ਨੇ ਦੱਸਿਆ ਕਿ ਉਸ ਦੀਆਂ ਕਿਡਨੀਆਂ ਕੋਰੋਨਾ ਇਨਫੈਕਸ਼ਨ ਕਾਰਨ ਫੇਲ੍ਹ ਹੋ ਗਈਆਂ ਸਨ ਤੇ ਲੰਬੇ ਇਲਾਜ ਤੋਂ ਬਾਅਦ 27 ਅਕਤੂਬਰ 2023 ਨੂੰ ਰਜਨੀ ਸਾਥੀ ਦੀ ਮੌਤ ਹੋ ਗਈ ਸੀ।