ਧਾਰੀਵਾਲ: ਭੂਤ ਕੱਢਣ ਲਈ ਕੁੱਟਮਾਰ ਕਾਰਨ ਨੌਜਵਾਨ ਦੀ ਮੌਤ, ਪੁਲੀਸ ਨੇ ਕੇਸ ਦਰਜ ਕੀਤਾ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 24 ਅਗਸਤ
ਥਾਣਾ ਧਾਰੀਵਾਲ ਅਧੀਨ ਪਿੰਡ ਸਿੰਘਪੁਰਾ ਵਿੱਚ ਬਿਮਾਰ ਨੌਜਵਾਨ ਲਈ ਦੁਆ ਕਰਨ ਆਏ ਦੋ ਵਿਅਕਤੀਆਂ ਅਤੇ ਸਾਥੀਆਂ ਵਲੋਂ ਭੂਤ ਕੱਢਣ ਦੇ ਨਾਮ ’ਤੇ ਕਾਫੀ ਮਾਰ-ਕੁੱਟ ਕਰਕੇ ਨੌਜਵਾਨ ਨੂੰ ਮਾਰ ਦਿੱਤਾ। ਮ੍ਰਿਤਕ ਦੀ ਪਛਾਣ ਸੈਮੂਅਲ ਮਸੀਹ (30) ਪੁੱਤਰ ਮੰਗਾ ਮਸੀਹ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰ ਵਿੱਚ ਪਤਨੀ ਅਤੇ ਦੋ ਛੋਟੇ ਬੱਚੇ ਹਨ। ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਪਿੰਡ ਦੇ ਕਬਰਸਤਾਨ ਵਿੱਚ ਦਫ਼ਨਾ ਦਿੱਤਾ। ਇਸ ਬਾਰੇ ਇਤਲਾਹ ਮਿਲਣ ’ਤੇ ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਬਲਜੀਤ ਕੌਰ ਨੇ ਪੁਲੀਸ ਪਾਰਟੀ ਸਮੇਤ ਪਿੰਡ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਮ੍ਰਿਤਕ ਦੀ ਮਾਤਾ ਨੇ ਦੱਸਿਆ ਉਸ ਦਾ ਲੜਕਾ ਸੈਮੂਅਲ ਮਸੀਹ ਬਿਮਾਰ ਸੀ। ਪਰਿਵਾਰ ਵਲੋਂ ਦੁਆ ਕਰਨ ਵਾਸਤੇ ਬੁਲਾਉਣ ’ਤੇ ਜੈਕਬ ਮਸੀਹ ਉਰਫ ਜੱਕੀ ਵਾਸੀ ਸੰਘਰ ਕਲੋਨੀ ਅਤੇ ਬਲਜੀਤ ਸਿੰਘ ਉਰਫ ਸੋਨੂੰ ਵਾਸੀ ਸੁਚੈਨੀਆਂ ਉਨ੍ਹਾਂ ਦੇ ਘਰ 21 ਅਗਸਤ ਨੂੰ ਰਾਤ ਕਰੀਬ 10 ਵਜੇ ਆਏ ਅਤੇ ਬਾਅਦ ਵਿੱਚ ਉਨ੍ਹਾਂ ਨੇ 7-8 ਹੋਰ ਵਿਅਕਤੀਆਂ ਨੂੰ ਬੁਲਾ ਲਿਆ, ਜਿਨ੍ਹਾਂ ਨੇ ਸੈਮੂਅਲ ਮਸੀਹ ਦੀ ਭੂਤ ਕੱਢਣ ਦੇ ਨਾਮ ’ਤੇ ਕਾਫੀ ਮਾਰ ਕੁਟਾਈ ਕੀਤੀ ਅਤੇ ਉਸ ਨੂੰ ਮੰਜੇ ’ਤੇ ਪਾ ਕੇ ਚਲੇ ਗਏ। ਪਰਿਵਾਰਕ ਮੈਂਬਰਾਂ ਜਦੋਂ ਦੇਖਿਆ ਤਾਂ ਉਸ ਦੀ ਮੌਤ ਚੁੱਕੀ ਸੀ। ਪਰਿਵਾਰਕ ਮੈਂਬਰਾਂ ਨੇ 22 ਅਗਸਤ ਨੂੰ ਉਸਦੀ ਲਾਸ਼ ਪਿੰਡ ਦੇ ਕਬਰਸਤਾਨ ਵਿੱਚ ਦਫਨਾ ਦਿੱਤੀ। ਪੁਲੀਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨ ਅਨੁਸਾਰ ਜੈਕਬ ਮੀਸਹ, ਬਲਜੀਤ ਸਿੰਘ ਅਤੇ 7-8 ਹੋਰ ਨਾਮਲੂਮ ਵਿਅਕਤੀਆਂ ਵਿਰੁੱਧ ਧਾਰਾ 105, 190, 191(3) ਬੀਐੱਨਐੱਸ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।