ਧਾਰੀਵਾਲ: ਪਠਾਨਕੋਟ-ਅੰਮ੍ਰਿਤਸਰ ਕੌਮੀ ਮਾਰਗ ’ਤੇ ਟਰੈਕਟਰ-ਟਰਾਲੀ ਪਿੱਛੇ ਕਾਰ ਵੱਜਣ ਕਾਰਨ 3 ਨੌਜਵਾਨਾਂ ਦੀ ਮੌਤ, ਇਕ ਦੀ ਹਾਲਤ ਗੰਭੀਰ
ਸੁੱਚਾ ਸਿੰਘ ਧਾਰੀਵਾਲ
ਧਾਰੀਵਾਲ, 18 ਸਤੰਬਰ
ਇਥੇ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਉਪਰ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਨੌਸ਼ਹਿਰਾ ਮੱਝਾ ਸਿੰਘ ਸਾਹਮਣੇ ਟਰੈਕਟਰ-ਟਰਾਲੀ ਅਤੇ ਸਵਿਫਟ ਕਾਰ ਵਿੱਚ ਟੱਕਰ ਕਾਰਨ ਕਾਰ ਸਵਾਰ ਚਾਰ ਦੋਸਤਾਂ ਵਿੱਚੋਂ ਤਿੰਨ ਦੀ ਮੌਕੇ ’ਤੇ ਮੌਤ ਹੋ ਗਈ। ਚੌਥੇ ਦੀ ਹਾਲਤ ਗੰਭੀਰ ਹੈ। ਹਾਦਸੇ ਕਾਰਨ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਟਰੈਕਟਰ-ਟਰਾਲੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਮ੍ਰਿਤਕਾਂ ਦੀ ਪਛਾਣ ਰਜਿਤਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਫੱਜੂਪੁਰ ਧਾਰੀਵਾਲ, ਭੁਪਿੰਦਰ ਐਰੀ ਉਰਫ ਜਾਨੂੰ ਪੁੱਤਰ ਸੰਜੀਵ ਕੁਮਾਰ ਵਾਸੀ ਕ੍ਰਿਸ਼ਨਾ ਗਲੀ ਧਾਰੀਵਾਲ, ਪੰਕਜ ਪੁੱਤਰ ਵਿਨੋਦ ਕੁਮਾਰ ਵਾਸੀ ਪਿੰਡ ਭੁੰਬਲੀ ਹਾਲ ਵਾਸੀ ਧਾਰੀਵਾਲ ਵਜੋਂ ਹੋਈ, ਜਦਕਿ ਗੰਭੀਰ ਜ਼ਖ਼ਮੀ ਦੀ ਪਛਾਣ ਪੰਕਜ ਉਰਫ ਪੰਕੂ ਪੁੱਤਰ ਰਮੇਸ਼ ਕੁਮਾਰ ਵਾਸੀ ਫੱਜੂਪੁਰ ਧਾਰੀਵਾਲ ਵਜੋਂ ਹੋਈ ਹੈ। ਰਜਿਤਪ੍ਰੀਤ ਸਿੰਘ, ਭੁਪਿੰਦਰ ਐਰੀ ਉਰਫ ਜਾਨੂੰ,ਪੰਕਜ ਅਤੇ ਪੰਕਜ ਉਰਫ ਪੰਕੂ ਸਵਿਫਟ ਕਾਰ ਨੰਬਰ ਪੀਬੀ 08 ਬੀਟੀ 0142 ’ਤੇ ਸਵਾਰ ਹੋ ਕੇ ਲੰਘੀ ਦੇਰ ਰਾਤ ਨੂੰ ਨੈਸ਼ਨਲ ਹਾਈਵੇਅ ਉਪਰ ਧਾਰੀਵਾਲ ਤੋਂ ਬਟਾਲਾ ਨੂੰ ਜਾਂਦੇ ਸਮੇਂ ਕਾਰ ਸੀਐੱਚਸੀ ਨੌਸ਼ਹਿਰਾ ਮੱਝਾ ਸਿੰਘ ਦੇ ਸਾਹਮਣੇ ਟਰੈਕਟਰ ਟਰਾਲੀ ਦੇ ਪਿੱਛੇ ਜਾ ਟਕਰਾਈ। ਥਾਣਾ ਸੇਖਵਾਂ ਅਧੀਨ ਪੈਂਦੀ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੇ ਇੰਚਾਰਜ ਰਮੇਸ਼ ਕੁਮਾਰ ਨੇ ਦੱਸਿਆ ਕਿ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤੀਆਂ ਹਨ ਅਤੇ ਜ਼ਖ਼ਮੀ ਨੌਜਵਾਨ ਗੁਰਦਾਸਪੁਰ ਦੇ ਨਿੱਜੀ ਹਸਪਤਾਲ ਵਿੱਚ ਹੈ। ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲੈ ਕੇ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ।