ਧਰਮਵੀਰ ਗਾਂਧੀ ਦਾ ‘ਬੇਗ਼ਮਪੁਰਾ ਪੁਰਸਕਾਰ-2024’ ਨਾਲ ਸਨਮਾਨ
ਪੱਤਰ ਪ੍ਰੇਰਕ
ਪਟਿਆਲਾ, 21 ਅਕਤੂਬਰ
ਸ੍ਰੀ ਬੇਗ਼ਮਪੁਰਾ ਮਿਸ਼ਨ ਪੰਜਾਬ ਅਤੇ ਅਦਾਰਾ ਗੁਸਾਈਂਆਂ ਵੱਲੋਂ, ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਅਤੇ ਐਨਜੈੱਡਸੀਸੀ ਪਟਿਆਲਾ ਦੇ ਸਹਿਯੋਗ ਨਾਲ ਕੁਲਵੰਤ ਸਿੰਘ ਨਾਰੀਕੇ ਦੀ ਰਹਿਨੁਮਾਈ ਹੇਠ, ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਵਿੱਚ ਸਨਮਾਨ ਸਮਾਰੋਹ ਅਤੇ ਕਾਵਿ-ਮਹਿਫ਼ਲ ਦਾ ਪ੍ਰਬੰਧ ਕੀਤਾ ਗਿਆ। ਇਸ ਵਿੱਚ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦਾ ‘ਬੇਗ਼ਮਪੁਰਾ ਪੁਰਸਕਾਰ-2024’ ਅਤੇ ਪ੍ਰਧਾਨ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਡਾ. ਸਰਬਜੀਤ ਸਿੰਘ ਦਾ ‘ਗੁਸਾਈਂਆਂ ਪੁਰਸਕਾਰ-2024’ ਨਾਲ ਸਨਮਾਨ ਕੀਤਾ ਗਿਆ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਸ਼ਮੂਲੀਅਤ ਕੀਤੀ। ਪ੍ਰਧਾਨਗੀ ਮੰਡਲ ਵਿੱਚ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲਾ ਸਤਨਾਮ ਸਿੰਘ, ਡਾ. ਨਰਿੰਦਰ ਸਿੰਘ ਅਤੇ ਰਵਿੰਦਰ ਸ਼ਰਮਾ ਵੀ ਸ਼ਾਮਲ ਹੋਏ। ਗਿਆਨਦੀਪ ਮੰਚ ਦੇ ਪ੍ਰਧਾਨ ਡਾ. ਜੀਐਸ ਆਨੰਦ ਨੇ ਦੋਵਾਂ ਸੰਸਥਾਵਾਂ ਦੀ ਕਾਰਜ-ਸ਼ੈਲੀ ਰਿਪੋਰਟ ਪੇਸ਼ ਕੀਤੀ। ਡਾ. ਸਰਬਜੀਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਬਣਾਏ ਜਾਣ ਦੇ ਮੁੱਦੇ ‘ਤੇ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਕੋਲੋਂ ਪੰਜਾਬੀ ਨੂੰ ਖੋਹਣ ਦਾ ਕੁਕਰਮ ਨਾ ਕੀਤਾ ਜਾਵੇ। ਸਮਾਗਮ ਵਿੱਚ ਕੁਝ ਚੋਣਵੇਂ ਸ਼ਾਇਰਾਂ ਨੇ ਖ਼ੂਬਸੂਰਤ ਰਚਨਾਵਾਂ ਪੇਸ਼ ਕੀਤੀਆਂ।