ਧਰਮਸ਼ਾਲਾ- 5ਵੇਂ ਟੈਸਟ ਦਾ ਪਹਿਲਾ ਦਿਨ: ਯਾਦਵ ਤੇ ਅਸ਼ਿਵਨ ਨੇ ਇੰਗਲੈਂਡ ਨੂੰ 218 ਦੌੜਾਂ ’ਤੇ ਆਊਟ ਕੀਤਾ, ਭਾਰਤ ਦੀ ਸਥਿਤੀ ਮਜ਼ਬੂਤ
ਧਰਮਸ਼ਾਲਾ, 7 ਮਾਰਚ
ਭਾਰਤ ਨੇ ਇੰਗਲੈਂਡ ਖ਼ਿਲਾਫ਼ ਪੰਜਵੇਂ ਅਤੇ ਆਖਰੀ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਪਹਿਲੀ ਪਾਰੀ 'ਚ ਇਕ ਵਿਕਟ 'ਤੇ 135 ਦੌੜਾਂ ਬਣਾਈਆਂ ਹਨ। ਇੰਗਲੈਂਡ ਨੇ ਪਹਿਲੀ ਪਾਰੀ 'ਚ 218 ਦੌੜਾਂ ਬਣਾਈਆਂ ਸਨ, ਜਿਸ ਕਾਰਨ ਭਾਰਤ ਹੁਣ 9 ਵਿਕਟਾਂ ਬਾਕੀ ਰਹਿੰਦਿਆਂ 83 ਦੌੜਾਂ ਨਾਲ ਪਿੱਛੇ ਹੈ। ਦਿਨ ਦੀ ਖੇਡ ਖਤਮ ਹੋਣ ਸਮੇਂ ਰੋਹਿਤ ਸ਼ਰਮਾ 52, ਜਦਕਿ ਸ਼ੁਭਮਨ ਗਿੱਲ 26 ਦੌੜਾਂ ਬਣਾ ਕੇ ਖੇਡ ਰਹੇ ਸਨ। ਇਸ ਤੋਂ ਪਹਿਲਾਂ ਭਾਰਤ ਨੇ ਇੰਗਲੈਂਡ ਨੂੰ ਪਹਿਲੀ ਪਾਰੀ ਵਿਚ 218 ਦੌੜਾਂ 'ਤੇ ਆਊਟ ਕਰ ਦਿੱਤਾ। ਇੰਗਲੈਂਡ ਲਈ ਸਲਾਮੀ ਬੱਲੇਬਾਜ਼ ਜੈਕ ਕਰਾਊਲੀ ਨੇ ਸਭ ਤੋਂ ਵੱਧ 79 ਦੌੜਾਂ ਬਣਾਈਆਂ। ਭਾਰਤ ਲਈ ਕੁਲਦੀਪ ਯਾਦਵ ਨੇ ਪੰਜ ਅਤੇ ਰਵੀਚੰਦਰਨ ਅਸ਼ਵਿਨ ਨੇ ਚਾਰ ਵਿਕਟਾਂ ਲਈਆਂ। ਇੰਗਲੈਂਡ ਨੇ ਚਾਹ ਤੱਕ ਅੱਠ ਵਿਕਟਾਂ 'ਤੇ 194 ਦੌੜਾਂ ਬਣਾਈਆਂ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਤਜਰਬੇਕਾਰ ਭਾਰਤੀ ਆਫ ਸਪਿੰਨਰ ਆਰ. ਅਸ਼ਵਿਨ ਅਤੇ ਇੰਗਲੈਂਡ ਦੇ ਬੱਲੇਬਾਜ਼ ਜੌਨੀ ਬੇਅਰਸਟੋ ਇੱਥੇ ਆਪਣਾ 100ਵਾਂ ਟੈਸਟ ਖੇਡ ਰਹੇ ਹਨ। ਭਾਰਤ ਨੇ ਕਰਨਾਟਕ ਦੇ ਬੱਲੇਬਾਜ਼ ਦੇਵਦੱਤ ਪਡਿਕਲ ਨੂੰ ਮੌਕਾ ਦਿੱਤਾ, ਜਿਸ ਦਾ ਘਰੇਲੂ ਸੀਜ਼ਨ 2023-24 ਸ਼ਾਨਦਾਰ ਰਿਹਾ। ਉਹ ਜ਼ਖ਼ਮੀ ਰਜਤ ਪਾਟੀਦਾਰ ਦੀ ਥਾਂ ਖੇਡੇਗਾ।