ਧਰਮ ਪ੍ਰਚਾਰ ਕਮੇਟੀ ਨੇ ਬਸੰਤ ਰਾਗ ਦਰਬਾਰ ਕਰਵਾਇਆ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਮਾਰਚ
ਚੀਫ਼ ਖਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਦੀਵਾਨ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਚੇਤ ਮਹੀਨੇ ਦੀ ਸੰਗਰਾਂਦ ਸੰਮਤ 557 ਦੀ ਆਰੰਭਤਾ ਅਤੇ ਬਸੰਤ ਰਾਗ ਦੀ ਸੰਪੂਰਨਤਾ ਨੂੰ ਸਮਰਪਿਤ ਬਸੰਤ ਰਾਗ ਦਰਬਾਰ ਕਰਵਾਇਆ ਗਿਆ ਜਿਥੇ ਸੀਕੇਡੀ ਦੇ ਗੁਰਮਤਿ ਸੰਗੀਤ ਅਧਿਆਪਕਾਂ ਨੇ ਪੁਰਾਤਨ ਤੰਤੀਸਾਜ਼ਾਂ ਦੇ ਨਾਲ ਰਾਗ ਬਸੰਤ ਵਿਚ ਇਲਾਹੀ ਬਾਣੀ ਦਾ ਕੀਰਤਨ ਕੀਤਾ।
ਇਸ ਮੌਕੇ ਗੁਰਦੁਆਰਾ ਸਾਹਿਬ ਨੂੰ ਸੁੰਦਰ ਬਸੰਤੀ ਫੁੱਲਾਂ ਅਤੇ ਪੀਲੇ ਰੰਗ ਦੀਆਂ ਸਜਾਵਟਾਂ ਨਾਲ ਬਹੁਤ ਸੁੰਦਰ ਤਰੀਕੇ ਨਾਲ ਸ਼ਿੰਗਾਰਿਆ ਗਿਆ ਸੀ ।
ਇਸ ਮੌਕੇ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਹੋਲੇ ਮਹੱਲੇ ਦੀ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਗੁਰਸਿਖਿਆਵਾਂ ਅਨੁਸਾਰ ਜੀਵਨ ਢਾਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਚੀਫ਼ ਖਾਲਸਾ ਦੀਵਾਨ ਪ੍ਰਤੀ ਨਿਭਾਈਆਂ ਵੱਡਮੁੱਲੀਆਂ ਸੇਵਾਵਾਂ ਪ੍ਰਤੀ ਉੱਘੇ ਸਿੱਖ ਚਿੰਤਕ ਅਤੇ ਵਿਦਵਾਨ ਮਰਹੂਮ ਡਾ. ਜਸਬੀਰ ਸਿੰਘ ਸਾਬਰ ਦੇ ਪਰਿਵਾਰ ਦਾ ਸਨਮਾਨ ਕੀਤਾ ਗਿਆ।
ਮੀਤ ਪ੍ਰਧਾਨ ਜਗਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਪ੍ਰਿੰਸ ਐਡੀ. ਆਨਰੇਰੀ ਸਕੱਤਰ ਸਮੇਤ ਸਮੂਹ ਅਹੁਦੇਦਾਰਾਂ ਅਤੇ ਧਰਮ ਪ੍ਰਚਾਰ ਕਮੇਟੀ ਨੇ ਧੰਨਵਾਦ ਕੀਤਾ। ਇਸ ਮੌਕੇ ਦੀਵਾਨ ਦੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤਰਲੋਚਨ ਸਿੰਘ, ਹਰਮਨਜੀਤ ਸਿੰਘ, ਅਤੇ ਗੁਰਬਖਸ਼ ਸਿੰਘ ਬੇਦੀ ਸਮੇਤ ਦੀਵਾਨ ਦੇ ਮੈਂਬਰ ਆਦਿ ਹਾਜ਼ਰ ਸਨ।