ਧਨਖੜ ਨੇ ਰਾਘਵ ਖ਼ਿਲਾਫ਼ ਸ਼ਿਕਾਇਤ ਮਰਿਯਾਦਾ ਕਮੇਟੀ ਕੋਲ ਭੇਜੀ
ਨਵੀਂ ਦਿੱਲੀ, 9 ਅਗਸਤ
ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਅੱਜ ਕੁਝ ਸੰਸਦ ਮੈਂਬਰਾਂ ਦੀਆਂ ਸ਼ਿਕਾਇਤਾਂ ਮਰਿਯਾਦਾ ਕਮੇਟੀ ਕੋਲ ਭੇਜ ਦਿੱਤੀਆਂ ਹਨ। ਇਨ੍ਹਾਂ ਵਿੱਚ ਦੋਸ਼ ਲਾਇਆ ਗਿਆ ਹੈ ਕਿ ‘ਆਪ’ ਐੱਮਪੀ ਰਾਘਵ ਚੱਢਾ ਨੇ ਨਿਯਮਾਂ ਦੀ ਉਲੰਘਣਾ ਕਰਦਿਆਂ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਸਦਨ ਦੇ ਇੱਕ ਪੈਨਲ ਵਿੱਚ ਉਨ੍ਹਾਂ ਦਾ ਨਾਂ ਸ਼ਾਮਲ ਕਰਨ ਲਈ ਆਖਿਆ ਸੀ। ਰਾਜ ਸਭਾ ਦੇ ਇੱਕ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਚੇਅਰਮੈਨ ਨੂੰ ਐੱਮਪੀ ਸਸ਼ਮਿਤ ਪਾਤਰਾ, ਐੱਸ. ਫੈਂਗਨੌਨ ਕੋਯੰਕ, ਐੱਮ. ਥੰਬੀਦੁਰਾਈ ਤੇ ਨਰਹਰੀ ਆਮੀਨ ਤੋਂ ਸ਼ਿਕਾਇਤਾਂ ਮਿਲੀਆਂ ਸਨ। ਇਨ੍ਹਾਂ ਸ਼ਿਕਾਇਤਾਂ ਵਿੱਚ ਰਾਘਵ ਚੱਢਾ ’ਤੇ ਹੋਰ ਗੱਲਾਂ ਦੇ ਨਾਲ-ਨਾਲ 7 ਅਗਸਤ ਨੂੰ ਇੱਕ ਤਜਵੀਜ਼ ਪੇਸ਼ ਕਰ ਕੇ ਨਿਯਮਾਂ ਦੀ ਉਲੰਘਣਾ ਕਰ ਕੇ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਦੇ ਨਾਂ ਸ਼ਾਮਲ ਕਰਨ ਦਾ ਦੋਸ਼ ਲਾਇਆ ਗਿਆ ਹੈ। ਜਾਂਚ ਮਗਰੋਂ ਸ੍ਰੀ ਧਨਖੜ ਨੇ ਇਨ੍ਹਾਂ ਸ਼ਿਕਾਇਤਾਂ ਦੀ ਅਗਲੇਰੀ ਜਾਂਚ ਲਈ ਇਨ੍ਹਾਂ ਨੂੰ ਮਰਯਾਦਾ ਕਮੇਟੀ ਕੋਲ ਭੇਜ ਦਿੱਤਾ ਹੈ। -ਪੀਟੀਆਈ
ਸਰਕਾਰ ਚੱਢਾ ਦੀ ਮੈਂਬਰਸ਼ਿਪ ਖ਼ਤਮ ਕਰਨਾ ਚਾਹੁੰਦੀ ਹੈ: ਸੰਜੈ ਸਿੰਘ
ਇਸ ਦੌਰਾਨ ‘ਆਪ’ ਆਗੂ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਸਰਕਾਰ ‘ਆਪ’ ਆਗੂ ਰਾਘਵ ਚੱਢਾ ਦੀ ਰਾਜ ਸਭਾ ਮੈਂਬਰਸ਼ਿਪ ਖ਼ਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ,‘ਉਨ੍ਹਾਂ ਦਾ ਮਕਸਦ ਰਾਘਵ ਚੱਢਾ ਦੀ ਮੈਂਬਰਸ਼ਿਪ ਖ਼ਤਮ ਕਰਨਾ ਹੈ, ਜਿਵੇਂ ਉਨ੍ਹਾਂ ਰਾਹੁਲ ਗਾਂਧੀ ਦੀ ਕੀਤੀ ਸੀ। ਉਹ ਖਤਰਨਾਕ ਲੋਕ ਹਨ, ਜੋ ਕੁਝ ਵੀ ਕਰ ਸਕਦੇ ਹਨ ਪਰ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਹਾਂ, ਅਸੀਂ ਡਰੇ ਨਹੀਂ ਹਾਂ। ਉਹ ਮੁੜ ਜਿੱਤੇਗਾ ਤੇ ਵਾਪਸੀ ਕਰੇਗਾ।’