ਧਨਖੜ ਵੱਲੋਂ ‘ਸੇਵਾ ਵਿੱਚ ਵਾਧੇ’ ਦਾ ਵਿਰੋਧ
07:05 AM Jan 12, 2025 IST
ਰਾਜ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨਾਂ ਦੀ ਕੌਮੀ ਕਾਨਫਰੰਸ ਦਾ ਉਦਘਾਟਨ ਕਰਦੇ ਹੋਏ ਉਪ ਰਾਸ਼ਟਰਪਤੀ ਜਗਦੀਪ ਧਨਖੜ, ਕਰਨਾਟਕ ਦੇ ਰਾਜਪਾਲ ਥਾਵਰ ਚੰਦ ਗਹਿਲੋਤ ਅਤੇ ਮੁੱਖ ਮੰਤਰੀ ਸਿੱਧਾਰਮਈਆ। -ਫੋਟੋ: ਏਐੱਨਆਈ
ਬੰਗਲੂਰੂ, 11 ਜਨਵਰੀ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਕਿਸੇ ਖਾਸ ਅਹੁਦੇ ਲਈ ਕਿਸੇ ਵੀ ਰੂਪ ਵਿੱਚ ਸੇਵਾ ’ਚ ਵਾਧਾ ਉਨ੍ਹਾਂ ਲਈ ਨੁਕਸਾਨਦਾਇਕ ਹੈ, ਜੋ ਉਨ੍ਹਾਂ ਦੇ ਪਿੱਛੇ ਲਾਈਨ ’ਚ ਲੱਗੇ ਹਨ। ਧਨਖੜ ਬੰਗਲੂਰੂ ਵਿੱਚ ਰਾਜ ਲੋਕ ਸੇਵਾ ਕਮਿਸ਼ਨ ਦੇ ਚੇਅਰਪਰਸਨਾਂ ਦੀ 25ਵੀਂ ਕੌਮੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਅਨੁਸਾਰ ਸੇਵਾ ’ਚ ਵਾਧਾ ਦਰਸਾਉਂਦਾ ਹੈ ਕਿ ਕੁਝ ਵਿਅਕਤੀ ਲਾਜ਼ਮੀ ਹਨ। ਉਨ੍ਹਾਂ ਕਿਹਾ, ‘ਦੇਸ਼ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ। ਕੋਈ ਵੀ ਲਾਜ਼ਮੀ ਨਹੀਂ ਹੈ। ਇਸ ਲਈ ਇਹ ਸੂਬੇ ਅਤੇ ਕੇਂਦਰੀ ਪੱਧਰ ’ਤੇ ਲੋਕ ਸੇਵਾ ਕਮਿਸ਼ਨਾਂ ਦੇ ਅਧਿਕਾਰ ਖੇਤਰ ’ਚ ਹੈ ਕਿ ਜਦੋਂ ਉਨ੍ਹਾਂ ਦੀ ਅਜਿਹੇ ਹਾਲਾਤ ’ਚ ਭੂਮਿਕਾ ਹੁੰਦੀ ਹੈ ਤਾਂ ਉਨ੍ਹਾਂ ਨੂੰ ਦ੍ਰਿੜ੍ਹ ਹੋਣਾ ਚਾਹੀਦਾ ਹੈ।’ ਉਨ੍ਹਾਂ ਇਹ ਵੀ ਕਿਹਾ ਕਿ ਲੋਕ ਸੇਵਾ ਕਮਿਸ਼ਨਾਂ ਦੀਆਂ ਨਿਯੁਕਤੀਆਂ ਸਰਪ੍ਰਸਤੀ ਜਾਂ ਪੱਖਪਾਤ ਨਾਲ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਕਿਹਾ, ‘ਲੋਕ ਸੇਵਾ ਕਮਿਸ਼ਨ ਦਾ ਚੇਅਰਮੈਨ ਜਾਂ ਮੈਂਬਰ ਕਿਸੇ ਵਿਸ਼ੇਸ਼ ਵਿਚਾਰਧਾਰਾ ਜਾਂ ਵਿਅਕਤੀ ਨਾਲ ਜੁੜਿਆ ਨਹੀਂ ਹੋਣਾ ਚਾਹੀਦਾ।’
ਉਨ੍ਹਾਂ ਕਿਹਾ, ‘ਕੁੱਝ ਸੂਬਿਆਂ ਵਿੱਚ ਢਾਂਚਾ ਇਹੋ ਜਿਹਾ ਬਣ ਗਿਆ ਹੈ ਕਿ ਕੁੱਝ ਕਰਮਚਾਰੀ, ਖਾਸ ਤੌਰ ’ਤੇ ਉੱਚੇ ਅਹੁਦਿਆਂ ’ਤੇ ਤਾਇਨਾਤ ਅਧਿਕਾਰੀ ਕਦੇ ਵੀ ਸੇਵਾਮੁਕਤ ਨਹੀਂ ਹੁੰਦੇ। ਇਹ ਠੀਕ ਨਹੀਂ ਹੈ। ਦੇਸ਼ ’ਚ ਹਰ ਕਿਸੇ ਨੂੰ ਬਣਦਾ ਹੱਕ ਮਿਲਣਾ ਚਾਹੀਦਾ ਹੈ ਅਤੇ ਇਹ ਹੱਕ ਕਾਨੂੰਨ ਵੱਲੋਂ ਪਰਿਭਾਸ਼ਿਤ ਕੀਤੇ ਗਏ ਹਨ।’ -ਪੀਟੀਆਈ
‘ਪੇਪਰ ਲੀਕ ਕਰਨਾ ਵਪਾਰ ਬਣਿਆ’
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਪੇਪਰ ਲੀਕ ਕਰਨਾ ਇੱਕ ਤਰ੍ਹਾਂ ਦਾ ਵਪਾਰ ਬਣ ਗਿਆ ਹੈ। ਇਹ ਇਕ ਅਜਿਹਾ ਖਤਰਾ ਹੈ, ਜਿਸ ’ਤੇ ਕਾਬੂ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ‘ਭਾਰਤ ਦੀ ਸਦੀ’ ਹੈ ਪਰ ਸੁਖਾਵੇਂ ਸਿਆਸੀ ਮਾਹੌਲ ਤੋਂ ਬਿਨਾਂ ਭਾਰਤ ਨੂੰ ਕੋਈ ਲਾਭ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਦੂਸ਼ਿਤ ਸਿਆਸੀ ਮਾਹੌਲ ਦੇਸ਼ ਲਈ ਉਸ ਜਲਵਾਯੂ ਪਰਿਵਰਤਨ ਤੋਂ ਵੀ ਵੱਧ ਖਤਰਨਾਕ ਹੈ, ਜਿਸ ਦਾ ਅਸੀਂ ਸਾਹਮਣਾ ਕਰ ਰਹੇ ਹਾਂ।
Advertisement
Advertisement