ਧਾਮੀ ਵੱਲੋਂ ਵਿਸ਼ੇਸ਼ ਬੱਚਿਆਂ ਦੇ ਯੂਨਿਟ ਦਾ ਉਦਘਾਟਨ
ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 5 ਫ਼ਰਵਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਚ ਸੇਰੇਬ੍ਰਲ ਪਾਲਸੀ ਵਾਲੇ ਬੱਚਿਆਂ ਦੇ ਇਲਾਜ ਅਤੇ ਪੁਨਰਵਾਸ ਲਈ ਫਿਜ਼ੀਓਥੈਰੇਪੀ ਵਿਭਾਗ ਵਿੱਚ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਸੇਰੇਬ੍ਰਲ ਪਾਲਸੀ ਯੂਨਿਟ ਦਾ ਉਦਘਾਟਨ ਅਤੇ ਮਾਊਂਟ ਐਵਰੇਸਟ ਦੀ ਚੋਟੀ ਨੂੰ ਸਰ ਕਰਨ ਵਾਲੇ ਪਹਿਲੇ ਅੰਮ੍ਰਿਤਧਾਰੀ ਗੁਰਸਿੱਖ ਭਾਈ ਮਲਕੀਤ ਸਿੰਘ ਦੇ ਸਨਮਾਨ ਦੇ ਦੋ ਸਮਾਗਮਾਂ ਵਿਚ ਭਾਗ ਲੈਣ ਮੌਕੇ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਮਾਨਵਤਾ ਦੀ ਸੇਵਾ ਦਾ ਮਾਰਗ ਦਿਖਾਇਆ ਹੈ ਜਿਸ ਤੇ ਚੱਲ ਕੇ ਸਾਨੂੰ ਗੁਰੂ ਦਾ ਅਸੀਰਵਾਦ ਹਾਸਲ ਕਰਨਾ ਚਾਹੀਦਾ ਹੈ। ਉਨ੍ਹਾਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੇ ਐੱਨਆਰਆਈ ਸਾਥੀਆਂ ਦੀ ਮਦਦ ਨਾਲ ਯੂਨੀਵਰਸਿਟੀ ਵਿਚ ਅਤਿ-ਆਧੁਨਿਕ ਸਹੂਲਤਾ ਨਾਲ ਲੈਸ ਸੇਰੇਬ੍ਰਲ ਪਾਲਸੀ ਵਾਲੇ ਬੱਚਿਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕੀਮਤੀ ਮਸ਼ੀਨਾਂ ਦਾ ਪ੍ਰਬੰਧ ਕਰਵਾਇਆ ਹੈ ਜਿਨ੍ਹਾਂ ਵਿਚ ਸੁਰਜੀਤ ਸਿੰਘ ਮਾਵੀ, ਅਮਰੀਕ ਸਿੰਘ ਟਿਵਾਣਾ, ਪਰਮਜੀਤ ਸਿੰਘ ਗਰਚਾ, ਹੈਪੀ ਮੁੰਡੀ, ਪਾਲ ਤਲਾਣੀਆਂ, ਤੇਜਿੰਦਰ ਸਿੰਘ ਭੰਗੂ, ਗੁਰਸਿਮਰ ਸਿੰਘ, ਮਨਦੀਪ ਸਿੰਘ ਕੰਗ ਅਤੇ ਗੁਰਬੀਰ ਸਿੰਘ ਧਾਰਨੀ ਸਾਮਲ ਹਨ ਜਿਨ੍ਹਾਂ ਖੁੱਲ੍ਹੇ ਦਿਲ ਨਾਲ ਇਨ੍ਹਾਂ ਦੀ ਖਰੀਦ ਕਰਵਾਈ। ਦੂਸਰੇ ਸਮਾਗਮ ਵਿਚ ਉਨ੍ਹਾਂ ਮਾਊਂਟ ਐਵਰੇਸਟ ਚੋਟੀ ਨੂੰ ਸਰ ਕਰਨ ਵਾਲੇ ਪਹਿਲੇ ਅੰਮਿਤਧਾਰੀ ਗੁਰਸਿੱਖ, ਭਾਈ ਮਲਕੀਤ ਸਿੰਘ ਅਤੇ ਉਸ ਦੀ ਪਤਨੀ ਦਾ ਸਨਮਾਨ ਕਰਦਿਆਂ ਸ੍ਰੀ ਧਾਮੀ ਨੇ ਕਿਹਾ ਕਿ ਮਲਕੀਤ ਸਿੰਘ ਨੇ ਸਿੱਖ ਪੰਥ ਦਾ ਮਾਣ ਉੱਚਾ ਕੀਤਾ। ਯੂਨੀਵਰਸਿਟੀ ਵੱਲੋਂ ਉਸ ਨੂੰ ਸ੍ਰੀ ਸਾਹਿਬ ਅਤੇ ਮੋਮੈਂਟੋ ਭੇਟ ਕੀਤਾ ਗਿਆ। ਵਾਈਸ ਚਾਂਸਲਰ ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਡ ਉਦਘਾਟਨ ਮੌਕੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਅਰਦਾਸ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ, ਮਨਮੋਹਨ ਜਰਗਰ, ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਤੇ ਸਿੱਖਿਆ ਸਕੱਤਰ ਸੁਖਮਿੰਦਰ ਸਿੰਘ ਆਦਿ ਹਾਜ਼ਰ ਸਨ।