For the best experience, open
https://m.punjabitribuneonline.com
on your mobile browser.
Advertisement

ਧਾਮੀ ਚੌਥੀ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ

06:54 AM Oct 29, 2024 IST
ਧਾਮੀ ਚੌਥੀ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਹੋਰ ਕਮੇਟੀ ਮੈਂਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਜਾਂਦੇ ਹੋਏ। -ਫੋਟੋ: ਵਿਸ਼ਾਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 28 ਅਕਤੂਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਸਾਲਾਨਾ ਚੋਣ ਵਿੱਚ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਚੌਥੀ ਵਾਰ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਦੇ ਵਿਰੋਧ ਵਿੱਚ ਖੜ੍ਹੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਉਮੀਦਵਾਰ ਬੀਬੀ ਜਗੀਰ ਕੌਰ ਚੋਣ ਹਾਰ ਗਏ ਹਨ। ਐਡਵੋਕੇਟ ਧਾਮੀ ਤੋਂ ਇਲਾਵਾ ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਕਲਿਆਣ ਜੂਨੀਅਰ ਮੀਤ ਪ੍ਰਧਾਨ ਅਤੇ ਸ਼ੇਰ ਸਿੰਘ ਮੰਡਵਾਲਾ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। ਇਸ ਤੋਂ ਇਲਾਵਾ 11 ਮੈਂਬਰ ਅੰਤਰਿੰਗ ਕਮੇਟੀ ਵਾਸਤੇ ਚੁਣੇ ਗਏ ਹਨ। ਸਾਲਾਨਾ ਜਨਰਲ ਇਜਲਾਸ ਦੌਰਾਨ ਕੁੱਲ 142 ਮੈਂਬਰਾਂ ਨੇ ਵੋਟ ਪਾਈ, ਜਿਨ੍ਹਾਂ ’ਚੋਂ ਐਡਵੋਕੇਟ ਧਾਮੀ ਨੂੰ 107 ਵੋਟਾਂ ਅਤੇ ਬੀਬੀ ਜਗੀਰ ਕੌਰ ਨੂੰ 33 ਵੋਟਾਂ ਮਿਲੀਆਂ। 2 ਵੋਟਾਂ ਰੱਦ ਕਰ ਦਿੱਤੀਆਂ ਗਈਆਂ। ਇਸ ਚੋਣ ਵਿੱਚ ਬੀਬੀ ਜਗੀਰ ਕੌਰ 74 ਵੋਟਾਂ ਨਾਲ ਹਾਰੇ ਹਨ। ਤੇਜਾ ਸਿੰਘ ਸਮੁੰਦਰੀ ਹਾਲ ’ਚ ਹੋਏ ਇਜਲਾਸ ਦੌਰਾਨ ਅਰਦਾਸ ਤੋਂ ਬਾਅਦ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਪ੍ਰਧਾਨ ਦੇ ਅਹੁਦੇ ਤੋਂ ਇਲਾਵਾ ਵਿਰੋਧੀ ਧਿਰ ਵੱਲੋਂ ਕਿਸੇ ਹੋਰ ਅਹੁਦੇ ਲਈ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ ਗਿਆ, ਜਿਸ ਕਾਰਨ ਬਾਕੀ ਸਾਰੇ ਅਹੁਦੇਦਾਰ ਬਿਨਾਂ ਵਿਰੋਧ ਚੁਣੇ ਗਏ ਹਨ। ਇਜਲਾਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਤੇ ਹੋਰ ਗ੍ਰੰਥੀ ਸਾਹਿਬਾਨ ਪੰਜ ਸਿੰਘ ਸਾਹਿਬਾਨ ਵਜੋਂ ਹਾਜ਼ਰ ਸਨ ਪਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਗੈਰ ਹਾਜ਼ਰ ਰਹੇ। ਚੁਣੀ ਗਈ 11 ਮੈਂਬਰੀ ਅੰਤ੍ਰਿੰਗ ਕਮੇਟੀ ਵਿਚ ਸੁਰਜੀਤ ਸਿੰਘ ਗੜ੍ਹੀ, ਬੀਬੀ ਹਰਜਿੰਦਰ ਕੌਰ, ਅਮਰੀਕ ਸਿੰਘ ਵਿਛੋਆ, ਸੁਰਜੀਤ ਸਿੰਘ ਤੁਗਲਵਾਲ, ਪਰਮਜੀਤ ਸਿੰਘ ਖ਼ਾਲਸਾ, ਬਲਦੇਵ ਸਿੰਘ ਕਾਇਮਪੁਰ, ਦਲਜੀਤ ਸਿੰਘ ਭਿੰਡਰ, ਸੁਖਹਰਪ੍ਰੀਤ ਸਿੰਘ ਰੋਡੇ, ਰਵਿੰਦਰ ਸਿੰਘ ਖ਼ਾਲਸਾ, ਜਸਵੰਤ ਸਿੰਘ ਪੁੜੈਣ ਤੇ ਪਰਮਜੀਤ ਸਿੰਘ ਰਾਏਪੁਰ ਸ਼ਾਮਲ ਹਨ। ਇਸ ਦੇ ਨਾਲ ਹੀ 3 ਸਾਲ ਬਾਅਦ ਆਨਰੇਰੀ ਮੁੱਖ ਸਕੱਤਰ ਵਜੋਂ ਕੁਲਵੰਤ ਸਿੰਘ ਮੰਨਣ ਨੂੰ ਨਿਯੁਕਤ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਊਸ ’ਚ ਤਖਤਾਂ ਦੇ ਜਥੇਦਾਰਾਂ ਤੋਂ ਇਲਾਵਾ ਕੁੱਲ 185 ਮੈਂਬਰ ਹਨ ਜਿਨ੍ਹਾਂ ’ਚੋਂ 170 ਮੈਂਬਰ ਵੋਟਾਂ ਰਾਹੀਂ ਚੁਣੇ ਹੋਏ ਤੇ 15 ਮੈਂਬਰ ਵੱਖ-ਵੱਖ ਸੂਬਿਆਂ ਤੋਂ ਨਾਮਜ਼ਦ ਕੀਤੇ ਹੋਏ ਹਨ। ਇਨ੍ਹਾਂ ਮੈਂਬਰਾਂ ਵਿੱਚੋਂ 31 ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਚਾਰ ਮੈਂਬਰ ਅਸਤੀਫਾ ਦੇ ਚੁੱਕੇ ਹਨ ਅਤੇ ਦੋ ਮੈਂਬਰਾਂ ਨੂੰ ਅਯੋਗ ਕਰਾਰ ਦਿੱਤਾ ਹੋਇਆ ਹੈ। ਇਸ ਵੇਲੇ ਮੌਜੂਦਾ ਹਾਊਸ ’ਚ ਕੁੱਲ 148 ਮੈਂਬਰ ਹਨ ਜਿਨ੍ਹਾਂ ਵਿੱਚੋਂ ਅੱਜ 142 ਮੈਂਬਰ ਵੋਟ ਪਾਉਣ ਲਈ ਪੁੱਜੇ ਸਨ। 142 ਮੈਂਬਰਾਂ ਵਿੱਚੋਂ ਲਗਭਗ ਅੱਧਾ ਦਰਜਨ ਮੈਂਬਰ ਬਿਮਾਰ ਸਨ, ਜੋ ਆਪਣੇ ਰਿਸ਼ਤੇਦਾਰਾਂ ਨਾਲ ਵੋਟ ਪਾਉਣ ਲਈ ਆਏ ਹੋਏ ਸਨ।

Advertisement

ਪੰਥਕ ਭਾਵਨਾਵਾਂ ਅਨੁਸਾਰ ਸੇਵਾ ਨਿਭਾਵਾਂਗਾ: ਧਾਮੀ

ਐਡਵੋਕੇਟ ਧਾਮੀ ਨੇ ਪ੍ਰਧਾਨ ਚੁਣੇ ਜਾਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਇਹ ਵੱਡੀ ਸੇਵਾ ਗੁਰੂ ਸਾਹਿਬ ਦੀ ਬਖ਼ਸ਼ਿਸ਼ ਨਾਲ ਪ੍ਰਾਪਤ ਹੋਈ ਹੈ, ਜਿਸ ਨੂੰ ਉਹ ਗੁਰੂ ਸਾਹਿਬ ਦੀ ਭੈਅ ਭਾਵਨੀ, ਨਿਰਮਤਾ ਤੇ ਪੰਥਕ ਭਾਵਨਾਵਾਂ ਅਨੁਸਾਰ ਨਿਭਾਉਣ ਦਾ ਯਤਨ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਾਲ ਦੀ ਚੋਣ ਵਿਚ ਪੰਜਾਬ ਦੀ ‘ਆਪ’ ਸਰਕਾਰ ਦੇ ਨਾਲ-ਨਾਲ ਭਾਰਤ ਸਰਕਾਰ, ਭਾਜਪਾ, ਆਰਐੱਸਐੱਸ, ਕਾਂਗਰਸ ਨੇ ਪੂਰਾ ਜ਼ੋਰ ਲਗਾਇਆ ਪ੍ਰੰਤੂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਦ੍ਰਿੜ੍ਹਤਾ ਨਾਲ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹ ਕੇ ਮਿਸਾਲ ਕਾਇਮ ਕੀਤੀ ਹੈ।

Advertisement

11 ਮੈਂਬਰੀ ਸਲਾਹਕਾਰ ਬੋਰਡ ਬਣਾਉਣ ਦਾ ਫ਼ੈਸਲਾ

ਅੰਮ੍ਰਿਤਸਰ (ਟਨਸ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਹੋਏ ਜਨਰਲ ਇਜਲਾਸ ਵਿੱਚ ਅਹਿਮ ਮਤਾ ਪਾਸ ਕਰਦਿਆਂ ਅਕਾਲ ਤਖ਼ਤ ਸਾਹਿਬ ’ਤੇ ਪੁੱਜਦੇ ਮਾਮਲਿਆਂ ਦੇ ਸਰਲੀਕਰਨ ਲਈ 11 ਮੈਂਬਰੀ ਸਲਾਹਕਾਰ ਬੋਰਡ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਅਤੇ ਇਸ ਫ਼ੈਸਲੇ ਨੂੰ ਹਾਊਸ ਵੱਲੋਂ ਪ੍ਰਵਾਨਗੀ ਦਿੱਤੀ ਗਈ। ਇਸ ਦੇ ਨਾਲ ਹੀ ਸਰਕਾਰ ਤੋਂ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਉੱਤੇ ਰੋਕ ਲਾਉਣ ਅਤੇ ਕੈਨੇਡਾ ਵਿੱਚ ਸਿੱਖ ਸ਼ਖ਼ਸੀਅਤਾਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਉਥੇ ਵਸਦੇ ਸਿੱਖਾਂ ਅੰਦਰ ਅਸੁਰੱਖਿਆ ਦੀ ਭਾਵਨਾ ’ਤੇ ਚਿੰਤਾ ਪ੍ਰਗਟ ਕਰਦਿਆਂ ਭਾਰਤ ਅਤੇ ਕੈਨੇਡਾ ਦੀ ਸਰਕਾਰ ਨੂੰ ਇੱਕ-ਦੂਜੇ ਦਾ ਸਹਿਯੋਗ ਕਰਕੇ ਸੱਚ ਸਾਹਮਣੇ ਲਿਆਉਣ ਤੇ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਯਤਨ ਕਰਨ ਲਈ ਵੀ ਅਪੀਲ ਕੀਤੀ ਗਈ। ਇਸੇ ਤਰ੍ਹਾਂ ਇਸ ਦੌਰਾਨ ਮਤੇ ਪਾਸ ਕਰਕੇ ਸਿੱਖਾਂ ਵਿਰੁੱਧ ਸੋਸ਼ਲ ਮੀਡੀਆ ਜ਼ਰੀਏ ਹੋ ਰਹੇ ਹਮਲਿਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਸਿੱਖਾਂ ਵਿਰੁੱਧ ਹੁੰਦੇ ਨਫ਼ਰਤੀ ਪ੍ਰਚਾਰ ਨੂੰ ਹਰ ਪੱਧਰ ’ਤੇ ਰੋਕਣ, ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਪ੍ਰਕਿਰਿਆ ਸਰਲ ਕਰਨ, ਬੇਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਡੇਰਾ ਸਿਰਸਾ ਮੁਖੀ ਅਤੇ ਉਸ ਦੇ ਪੈਰੋਕਾਰਾਂ ਤੇ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ, ਫ਼ਿਲਮਾਂ, ਨਾਟਕਾਂ ਤੇ ਸੀਰੀਅਲਾਂ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਗ਼ਲਤ ਤਰੀਕੇ ਨਾਲ ਦਿਖਾਉਣ ਦੇ ਰੁਝਾਨ ਤੁਰੰਤ ਰੋਕਣ, ਸਿੱਖਾਂ ਪ੍ਰਤੀ ਨਕਾਰਾਤਮਕ ਪ੍ਰਦਰਸ਼ਨ ਰੋਕਣ ਲਈ ਫ਼ਿਲਮ ਸੈਂਸਰ ਬੋਰਡ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੁਮਾਇੰਦਾ ਪੱਕੇ ਤੌਰ ’ਤੇ ਸ਼ਾਮਲ ਕਰਨ ਅਤੇ ਸਿੱਖ ਕੌਮ ਦੇ ਇਤਿਹਾਸਿਕ ਅਸਥਾਨਾਂ ਨਾਲ ਸਬੰਧਿਤ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮਾਮਲਿਆਂ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਗਈ।

ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਜ਼ਮੀਰ ਮਰੀ: ਬੀਬੀ ਜਗੀਰ ਕੌਰ

ਅੰਮ੍ਰਿਤਸਰ(ਟਨਸ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਹਾਰਨ ਤੋਂ ਬਾਅਦ ਅੱਜ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਲਾਸ਼ਾਂ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਇਨ੍ਹਾਂ ਅੰਦਰੋਂ ਜ਼ਮੀਰਾਂ ਮਰ ਚੁੱਕੀਆਂ ਹਨ। ਜਨਰਲ ਇਜਲਾਸ ਦੀ ਸਮਾਪਤੀ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਬੀਬੀ ਜਗੀਰ ਕੌਰ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਜਲਦੀ ਹੀ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਹੋਣ ਅਤੇ ਨਵੇਂ ਮੈਂਬਰ ਚੁਣ ਕੇ ਆਉਣ। ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਦਿੱਤਾ ਗਿਆ ਫਤਵਾ ਉਨ੍ਹਾਂ ਨੂੰ ਸਵੀਕਾਰ ਹੈ ਪਰ ਦੁੱਖ ਇਹ ਹੈ ਕਿ ਇਨ੍ਹਾਂ ਮੈਂਬਰਾਂ ਦੀਆਂ ਜ਼ਮੀਰਾਂ ਨਹੀਂ ਜਾਗੀਆਂ।

Advertisement
Author Image

sukhwinder singh

View all posts

Advertisement