ਧਾਲੀਵਾਲ ਨੇ ਸਪੋਰਟਸ ਕਲੱਬ ਨੂੰ ਸਹਾਇਤਾ ਰਾਸ਼ੀ ਦਿੱਤੀ
ਰਾਜਨ ਮਾਨ
ਰਮਦਾਸ, 24 ਸਤੰਬਰ
ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਸ਼ੁਰੂ ਕੀਤੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਤੀਜਾ ਸੀਜ਼ਨ ਚੱਲ ਰਿਹਾ ਹੈ ਜੋ ਇਸ ਗੱਲ ਦਾ ਗਵਾਹ ਹੈ ਕਿ ਸਾਡੇ ਨੌਜਵਾਨ ਵੱਧ ਚੜ੍ਹ ਕੇ ਖੇਡ ਮੈਦਾਨਾਂ ਵਿੱਚ ਆ ਰਹੇ ਹਨ ਅਤੇ ਸੂਬੇ ਦਾ ਨਾਮ ਵਿਸ਼ਵ ਭਰ ਵਿੱਚ ਉੱਚਾ ਕਰ ਰਹੇ ਹਨ।
ਬਾਬਾ ਬੁੱਢਾ ਸਾਹਿਬ ਜੀ ਸਪੋਰਟਸ ਐਂਡ ਕਬੱਡੀ ਕਲੱਬ ਰਮਦਾਸ ਨੂੰ ਖੇਡ ਮੈਦਾਨ ਦੇ ਨਵੀਨੀਕਰਨ ਲਈ 4 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਦਿੰਦਿਆਂ ਸ੍ਰੀ ਧਾਲੀਵਾਲ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਖੇਡਾਂ ਬਹੁਤ ਜ਼ਰੂਰੀ ਹਨ ਕਿਉਂਕਿ ਖੇਡਾਂ ਨਾਲ ਜੁੜ ਕੇ ਹੀ ਨੌਜਵਾਨ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਸਕਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਇੱਕ ਨਰੋਏ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਦਿੱਤੀ ਇੱਕ-ਇੱਕ ਗਾਰੰਟੀ ਪੂਰੀ ਕਰੇਗੀ। ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਗੁਰਜੰਟ ਸਿੰਘ ਸੋਹੀ, ਕਬੱਡੀ ਪ੍ਰਮੋਟਰ ਸਤਨਾਮ ਸਿੰਘ ਸੱਤਾ ਰਮਦਾਸ,ਤੇ ਹੋਰ ਪਤਵੰਤੇ ਹਾਜ਼ਰ ਸਨ।