ਧਾਲੀਵਾਲ ਨੇ ਪਲੀਤ ਹੋ ਰਹੇ ਵਾਤਾਵਰਨ ’ਤੇ ਚਿੰਤਾ ਪ੍ਰਗਟਾਈ
ਪੱਤਰ ਪ੍ਰੇਰਕ
ਲੌਂਗੋਵਾਲ, 8 ਮਾਰਚ
ਇੱਥੇ ਸਲਾਈਟ ਦੇ ਟਰੇਨਿੰਗ ਅਤੇ ਪਲੇਸਮੈਂਟ ਵਿਭਾਗ ਵੱਲੋਂ ਬਾਬਾ ਮੇਹਰ ਦਾਸ ਪਿਆਓ ਕਮੇਟੀ ਦੇ ਸਹਿਯੋਗ ਨਾਲ ਚੇਤਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਯੂ.ਕੇ. ਦੇ ਚੇਅਰਮੈਨ ਅਤੇ ਸਮਾਜ ਸੇਵੀ ਕੁਲਵੰਤ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ ਜਰਨਲ ਹੈਲਥ ਅਤੇ ਸਮਾਜਿਕ ਮੁੱਦਿਆਂ ਬਾਰੇ ਵਿਚਾਰ ਸਾਂਝੇ ਕੀਤੇ।
ਸਮਾਗਮ ਵਿੱਚ ਸਲਾਇਟ ਲੌਂਗੋਵਾਲ ਦੇ ਡਾਇਰੈਕਟਰ ਪ੍ਰੋ. ਮਨੀ ਕਾਂਤ ਪਾਸਵਾਨ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਮਹਾਮੰਡਲੇਸ਼ਵਰ ਡਾ. ਸਵਾਮੀ ਚੰਦਰ ਮੁਨੀ, ਸਮਾਜ ਸੇਵੀ ਭਰਤ ਹਰੀ ਸ਼ਰਮਾ, ਨਗਰ ਕੌਂਸਲ ਦੇ ਪ੍ਰਧਾਨ ਪਰਮਿੰਦਰ ਕੌਰ ਬਰਾੜ ਤੋਂ ਇਲਾਵਾ ਇਲਾਕੇ ਭਰ ਦੇ ਪੰਚਾਂ, ਸਰਪੰਚਾਂ, ਵਿਦਿਆਰਥੀਆਂ, ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਅਤੇ ਹੋਰ ਮੋਹਤਬਰਾਂ ਨੇ ਸ਼ਮੂਲੀਅਤ ਕੀਤੀ। ਕੁਲਵੰਤ ਸਿੰਘ ਧਾਲੀਵਾਲ ਨੇ ਸੂਬੇ ਦੇ ਨਿੱਘਰ ਰਹੇ ਹਾਲਾਤ, ਦਿਨੋਂ ਦਿਨ ਵਧ ਰਹੀ ਨਸ਼ਾਖੋਰੀ, ਫਜ਼ੂਲ ਖਰਚਿਆਂ, ਆਪ ਮੁਹਾਰੇ ਵਿਦੇਸ਼ੀ ਪਰਵਾਸ, ਪਲੀਤ ਹੋ ਰਹੇ ਵਾਤਾਵਰਨ, ਜਿਉਣ ਚੱਜ ਵਿੱਚ ਲਾਪਰਵਾਹੀ, ਨਾਕਸ ਸਿਹਤ ਸਹੂਲਤਾਂ ਜਿਹੇ ਵਿਸ਼ਿਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਅਤੇ ਸੂਬੇ ਦੀ ਬਿਹਤਰੀ ਲਈ ਯੋਗਦਾਨ ਦੀ ਅਪੀਲ ਕੀਤੀ। ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਟੀ. ਐਂਡ ਪੀ. ਪ੍ਰਮੁੱਖ ਪ੍ਰੋ. ਆਰ. ਕੇ.ਸਕਸੇਨਾ ਨੇ ਧਾਲੀਵਾਲ ਦਾ ਧੰਨਵਾਦ ਕੀਤਾ।