ਢਕੋਲੀ: ਠੇਕੇ ’ਤੇ ਲੁੱਟ ਦਾ ਨਹੀਂ ਮਿਲਿਆ ਕੋਈ ਸੁਰਾਗ
ਹਰਜੀਤ ਸਿੰਘ
ਜ਼ੀਰਕਪੁਰ, 3 ਨਵੰਬਰ
ਢਕੋਲੀ ਦੇ ਮਮਤਾ ਐਨਕਲੇਵ ਵਿੱਚ ਬੀਤੀ ਇਕ ਤਰੀਕ ਰਾਤ ਨੂੰ ਅਹਾਤਾ ਮਾਲਕ ਨੂੰ ਗੋਲੀ ਮਾਰ ਕੇ ਚਾਰ ਲੁੱਟੇਰਿਆਂ ਵੱਲੋਂ ਸ਼ਰਾਬ ਦਾ ਠੇਕਾ ਲੁੱਟਣ ਦੇ ਮਾਮਲੇ ਵਿੱਚ ਵਾਰਦਾਤ ਦੇ 48 ਘੰਟਿਆਂ ਬਾਅਦ ਵੀ ਪੁਲੀਸ ਦੇ ਹੱਥ ਖਾਲੀ ਹਨ। ਇਸ ਮਾਮਲੇ ਵਿੱਚ ਪੁਲੀਸ ਨੂੰ ਹਾਲੇ ਤੱਕ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ ਜਦਕਿ ਪੁਲੀਸ ਦੀਆਂ ਵੱਖ ਵੱਖ ਟੀਮਾਂ ਲੁਟੇਰਿਆਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ। ਦੂਜੇ ਪਾਸੇ ਛਾਤੀ ਵਿੱਚ ਗੋਲੀ ਲੱਗਣ ਨਾਲ ਜ਼ਖ਼ਮੀ ਅਹਾਤਾ ਮਾਲਕ ਦੀਪਕ ਸੰਧੂ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ ਜਿਸਦਾ ਇਲਾਜ ਚੰਡੀਗੜ੍ਹ ਪੀਜੀਆਈ ਵਿੱਚ ਚੱਲ ਰਿਹਾ ਹੈ। ਲੁੱਟੇਰਿਆਂ ਵੱਲੋਂ ਲੁੱਟ ਦਾ ਵਿਰੋਧ ਕਰਨ ’ਤੇ ਅਹਾਤਾ ਮਾਲਕ ਦੀ ਛਾਤੀ ਵਿੱਚ ਗੋਲੀ ਮਾਰੀ ਗਈ ਸੀ।
ਜ਼ਿਕਰਯੋਗ ਹੈ ਕਿ ਬੀਤੀ ਇਕ ਨਵੰਬਰ ਦੀ ਦੇਰ ਰਾਤ ਨੂੰ ਮੋਟਰਸਾਈਕਲ ਸਵਾਰ ਚਾਰ ਨਕਾਬਪੋਸ਼ ਲੁਟੇਰਿਆਂ ਨੇ ਮਮਤਾ ਐਨਕਲੇਵ ਸ਼ਰਾਬ ਦੇ ਠੇਕੇ ’ਤੇ ਪਿਸਤੌਲ ਦਿਖਾ ਕੇ ਨਕਦੀ ਲੁੱਟੀ ਸੀ। ਇਸ ਦੌਰਾਨ ਲੁਟੇਰਿਆਂ ਨੇ ਗੋਲੀਆਂ ਵੀ ਚਲਾਈਆਂ ਸਨ, ਜਿਨ੍ਹਾਂ ’ਚੋਂ ਇਕ ਗੋਲੀ ਅਹਾਤੇ ਦੇ ਮਾਲਕ ਦੀਪਕ ਸੰਧੂ ਦੀ ਛਾਤੀ ਵਿੱਚ ਲੱਗੀ ਸੀ। ਗੋਲੀ ਮਾਰਨ ਮਗਰੋਂ ਲੁਟੇਰੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ ਸੀ। ਥਾਣਾ ਮੁਖੀ ਦੀਪਇੰਦਰ ਸਿੰਘ ਬਰਾੜ ਨੇ ਕਿਹਾ ਕਿ ਪੁਲੀਸ ਨੇ ਠੇਕੇ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਹਾਲੇ ਲੁਟੇਰੇ ਪੁਲੀਸ ਦੀ ਪਹੁੰਚ ਤੋਂ ਬਾਹਰ ਹਨ ਪਰ ਛੇਤੀ ਪੁਲੀਸ ਉਨ੍ਹਾਂ ਨੂੰ ਕਾਬੂ ਕਰ ਲਏਗੀ।