ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਢਕੋਲੀ: ਲੁਟੇਰਿਆਂ ਨੇ ਗੋਲੀਆਂ ਚਲਾ ਕੇ ਸ਼ਰਾਬ ਦਾ ਠੇਕਾ ਲੁੱਟਿਆ

06:40 AM Nov 03, 2024 IST
ਮਾਮਲੇ ਦੀ ਜਾਂਚ ਕਰਦੇ ਹੋਏ ਪੁਲੀਸ ਅਧਿਕਾਰੀ।

ਹਰਜੀਤ ਸਿੰਘ
ਜ਼ੀਰਕਪੁਰ, 2 ਨਵੰਬਰ
ਢਕੋਲੀ ਖੇਤਰ ਅਧੀਨ ਆਉਂਦੇ ਮਮਤਾ ਐਨਕਲੇਵ ਵਿੱਚ ਬੀਤੀ ਦੇਰ ਰਾਤ ਚਾਰ ਹਥਿਆਰਬੰਦ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸ਼ਰਾਬ ਦੇ ਠੇਕੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਕੇ ਨਕਦੀ ਲੁੱਟ ਲਈ। ਲੁਟੇਰਿਆਂ ਵੱਲੋਂ ਮੌਕੇ ’ਤੇ ਦੋ ਫਾਇਰ ਕੀਤੇ ਗਏ ਜਿਨ੍ਹਾਂ ਵਿੱਚੋਂ ਇਕ ਗੋਲੀ ਠੇਕੇ ਦੀ ਬੇਸਮੈਂਟ ਵਿੱਚ ਚਲ ਰਹੇ ਅਹਾਤੇ ਦੀ ਕੰਧ ਅਤੇ ਦੂਜੀ ਗੋਲੀ ਅਹਾਤੇ ਦੇ ਮਾਲਕ ਦੀ ਛਾਤੀ ਵਿੱਚ ਲੱਗੀ। ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋਇਆ ਅਹਾਤੇ ਦਾ ਮਾਲਕ ਦੀਪਕ ਸੰਧੂ ਦਾ ਚੰਡੀਗੜ੍ਹ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲੀਸ ਨੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

ਜ਼ਖਮੀ ਅਹਾਤਾ ਮਾਲਕ ਦੀ ਤਸਵੀਰ।

ਪੁਲੀਸ ਨੂੰ ਦਿੱਤੇ ਬਿਆਨ ਵਿੱਚ ਮਨੋਜ ਕੁਮਾਰ ਵਾਸੀ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਉਹ ਮਮਤਾ ਐਨਕਲੇਵ ਢਕੋਲੀ ਵਿੱਚ ਸ਼ਰਾਬ ਦੇ ਠੇਕੇ ’ਤੇ ਬਤੌਰ ਸੇਲਜ਼ਮੈਨ ਕੰਮ ਕਰਦਾ ਹੈ। ਬੀਤੀ ਰਾਤ ਕਰੀਬ ਸਵਾ ਗਿਆਰਾਂ ਵਜੇ ਉਹ ਸ਼ਰਾਬ ਦੇ ਠੇਕੇ ’ਤੇ ਨਕਦੀ ਗਿਣ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ’ਤੇ ਚਾਰ ਨੌਜਵਾਨ ਆਏ ਜਿਨ੍ਹਾਂ ਵਿੱਚੋਂ ਇਕ ਬਾਹਰ ਮੋਟਰਸਾਈਕਲ ’ਤੇ ਹੀ ਬੈਠ ਗਿਆ ਅਤੇ ਤਿੰਨ ਅੰਦਰ ਆ ਗਏ। ਤਿੰਨਾਂ ਵਿੱਚੋਂ ਦੋ ਠੇਕੇ ਦੇ ਅੰਦਰ ਆ ਗਏ ਅਤੇ ਇਕ ਪਿਸਤੌਲ ਫੜ ਕੇ ਠੇਕੇ ਦੇ ਬਾਹਰ ਖੜ੍ਹਾ ਹੋ ਗਿਆ। ਦੋਵਾਂ ਵਿੱਚੋਂ ਇਕ ਨੇ ਆਉਂਦੇ ਹੀ ਉਸ ’ਤੇ ਪਿਸਤੌਲ ਤਾਣ ਲਿਆ ਅਤੇ ਗੱਲੇ ਵਿੱਚ ਪਈ ਨਕਦੀ ਚੁੱਕ ਲਈ। ਜਦੋਂ ਲੁਟੇਰੇ ਨਕਦੀ ਲੈ ਕੇ ਫ਼ਰਾਰ ਹੋਣ ਲੱਗੇ ਤਾਂ ਮਨੋਜ ਕੁਮਾਰ ਨੇ ਇੱਕ ਲੁਟੇਰੇ ਨੂੰ ਪਿੱਛੋਂ ਜੱਫਾ ਮਾਰ ਲਿਆ, ਜਿਸ ਨਾਲ ਉਨ੍ਹਾਂ ਦੀ ਹੱਥੋਂ ਪਾਈ ਹੋ ਗਈ ਅਤੇ ਉਹ ਦੋਵੇਂ ਜਣੇ ਬੇਸਮੈਂਟ ਵਿੱਚ ਬਣੇ ਅਹਾਤੇ ਦੀਆਂ ਪੌੜੀਆਂ ਤੋਂ ਰੁੜਕਦੇ ਹੋਏ ਹੇਠਾਂ ਜਾ ਡਿੱਗੇ। ਇਸ ਦੌਰਾਨ ਤੀਜੇ ਲੁਟੇਰੇ ਨੇ ਪਿਸਤੌਲ ਨਾਲ ਉਸ ’ਤੇ ਫਾਇਰ ਕੀਤਾ ਜੋ ਬੇਸਮੈਂਟ ਦੀ ਕੰਧ ’ਤੇ ਲੱਗਿਆ। ਰੌਲਾ ਸੁਣ ਕੇ ਅਹਾਤੇ ਦਾ ਮਾਲਕ ਦੀਪਕ ਸੰਧੂ ਵਾਸੀ ਪੀਰਮੁਛੱਲਾ ਬਾਹਰ ਆ ਗਿਆ ਜੋ ਬਾਹਰ ਖੜ੍ਹੇ ਲੁਟੇਰੇ ਨੂੰ ਫੜਨ ਲਈ ਅੱਗੇ ਵਧਿਆ ਤਾਂ ਲੁੱਟੇਰੇ ਨੇ ਦੂਜਾ ਫਾਇਰ ਉਸਦੀ ਛਾਤੀ ਵਿੱਚ ਮਾਰਿਆ। ਇਸ ਨਾਲ ਉਹ ਜ਼ਖ਼ਮੀ ਹੋ ਗਿਆ ’ਤੇ ਹੇਠਾਂ ਡਿੱਗ ਗਿਆ। ਲੁਟੇਰੇ ਮੋਟਰਸਾਈਕਲ ’ਤੇ ਆਪਣੇ ਸਾਥੀ ਨਾਲ ਫਰਾਰ ਹੋ ਗਏ। ਸੇਲਜ਼ਮੈਨ ਮਨੋਜ ਨੇ ਦੱਸਿਆ ਕਿ ਲੁੱਟੇਰਿਆਂ ਨੇ ਮੂੰਹ ਕਪੜੇ ਨਾਲ ਬੰਨੇ ਹੋਏ ਸੀ। ਡੀਐੱਸਪੀ ਜਸਪਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਮਗਰੋਂ ਥਾਣਾ ਮੁਖੀ ਦੀਪਇੰਦਰ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement
Advertisement