ਡੱਕਾ
ਜਗਜੀਤ ਸਿੰਘ ਲੋਹਟਬੱਦੀ
“ਬਾਈ ਸਾਸਰੀ ਕਾਲ... ਐਤਕੀਂ ਗੇੜਾ ਨੀ ਮਾਰਨਾ ਪਿੰਡ...” ਕਾਲ ਜੱਗਰ ਦੀ ਸੀ ਇੰਡੀਆ ਤੋਂ।
“ਜੱਗਰਾ, ਸਿਹਤ ਥੋੜ੍ਹੀ ਢਿੱਲੀ ਐ... ਸ਼ੈਦ ਨਾ ਆ ਹੋਵੇ... ਦਿਲ ਤਾਂ ਕਰਦੈ... ਬਹੁਤ...” ਬਲਵੰਤ ਸਿਹੁੰ ਨੇ ਮਜਬੂਰੀ ਜ਼ਾਹਰ ਕੀਤੀ।
“...ਸਾਰਾ ਨਗਰ ਯਾਦ ਕਰਦੈ ਤੈਨੂੰ, ਬਾਈ... ਟੂਰਨਾਮੈਂਟ ਦੀ ਤਰੀਕ ਪੱਕੀ ਹੋਗੀ... ਲੱਭੂ ਮੋਚੀ ਨੇ ਕੁੜੀ ਦਾ ਵਿਆਹ ਵੀ ਧਰਿਆ ਹੋਇਆ... ਨਾਲੇ ਝਿੜੀ ਆਲ਼ਾ ਬਾਬਾ ਵੀ ਉਡੀਕਣ ਡਿਹੈ...” ਜੱਗਰ ਨੇ ਸੁਨੇਹਿਆਂ ਦੀ ਝੜੀ ਲਾ ਦਿੱਤੀ।
“ਮੈਂ ਕਰਦਾਂ ਤੇਰੀ ਭਰਜਾਈ ਨਾਲ ਸਲਾਹ... ਜੇ ਨਾਲ ਆਉਣ ਨੂੰ ਮੰਨਗੀ... ਨਹੀਂ ਤਾਂ ਮੈਂ ’ਕੱਲਾ ਆਊਂਗਾ... ਥੋੜ੍ਹੇ ਦਿਨਾਂ ਲਈ...।”
“ਠੀਕ ਐ ਬਾਈ...” ਜੱਗਰ ਨੂੰ ਬਲਵੰਤ ਦੇ ਬੋਲਾਂ ਨਾਲ ਆਉਣ ਦੀ ਆਸ ਬੱਝ ਗਈ ਸੀ।
ਬਲਵੰਤ ਦਾ ਮਨ ਕਈ ਤਰ੍ਹਾਂ ਦੇ ਤਾਣੇ ਬਾਣਿਆਂ ਵਿੱਚ ਉਲਝ ਗਿਆ, ‘ਕਿਉਂ ਨਾ ਜੱਗਰ ਨੂੰ ਸਾਫ਼ ਕਹਿ ਦਿੱਤਾ ਕਿ ਮੇਰਾ ਹੁਣ ਉੱਥੇ ਹੈ ਕੌਣ? ... ਘਰ ਵੱਲ ਦੇਖ ਕੇ ਐਵੇਂ ਮਨ ਹੀ ਖਰਾਬ ਹੁੰਦਾ... ਬਲੌਰੇ ਕੇ ਟੱਬਰ ਦਾ ਕੋਈ ਜੀਅ ਸਿੱਧੇ ਮੂੰਹ ਗੱਲ ਤਾਂ ਕਰਦਾ ਨੀ...।’ ਫਿਰ ਆਪਣੇ ਅੰਦਰੋਂ ਹੀ ਜਵਾਬ ਅਹੁੜਿਆ: ‘ਕੀ ਹੋਇਆ ਜੇ ਆਪਣਿਆਂ ਨੇ ਮੁਖ ਮੋੜ ਲਿਆ... ਗ਼ਰੀਬ ਗੁਰਬਿਆਂ ਦੀਆਂ ਅਸੀਸਾਂ ਤਾਂ ਨਾਲ ਨੇ... ਜਿਨ੍ਹਾਂ ਕਰਕੇ ਇੱਥੇ ਤੱਕ ਅੱਪੜੇ ਹਾਂ... ਕੀ ਸੀ ਆਪਣੇ ਕੋਲ... ਜਦੋਂ ਪਿੰਡ ਛੱਡਿਆ ਸੀ... ਹੁਣ ਅਕਾਲ ਪੁਰਖ ਦੀ ਬਖ਼ਸ਼ਿਸ਼ ਹੈ ਕਿ ਕਿਸੇ ਦਾ ਕੁਝ ਸੰਵਾਰਨ ਜੋਗੇ ਹੋਏ ਆਂ...।’
ਜਕੋ-ਤਕੀ ’ਚ ਪ੍ਰੀਤਮ ਕੌਰ ਨਾਲ ਗੱਲ ਕੀਤੀ, “ਮਖਾਂ... ਤੂੰ ਚੱਲੇਂਗੀ ਮੇਰੇ ਨਾਲ... ਜੱਗਰ ਦਾ ਫੋਨ ਆਇਆ ਸੀ... ਜ਼ਮੀਨ ਦੇ ਠੇਕੇ ਦਾ ਸ੍ਵਾਬ ਕਿਤਾਬ ਵੀ ਕਰਲਾਂਗੇ... ਤੇ ਬਹਾਨੇ ਨਾਲ ਚਾਰ ਪੈਸੇ ਦਾਨ ਪੁੰਨ ਵੀ ਹੋ ਜਾਂਦੇ ਐ...।”
“ਨਾਲੇ ਤੂੰ ਐਸ ਵਾਰ ਜਾਣ ਤੋਂ ਨਾਂਹ ਕਹਿੰਦਾ ਸੀ... ਬਾਕੀ ਤੇਰੀ ਮਰਜ਼ੀ... ਜਵਾਕਾਂ ਦੀ ਝਾਕ ਵੀ ਏਹੀ ਐ... ਬਈ ਪਿੰਡ ਵਾਲੇ ਖੇਤ ਵੇਚ ਵੱਟ ਕੇ ਪੈਸਾ ਇੱਥੇ ਲੈ ਆਈਏ।” ਬਲਵੰਤ ਨੇ ਕੋਈ ਜਵਾਬ ਨਾ ਦਿੱਤਾ। ਉਹ ਜਵਾਬ ਦੇਣਾ ਵੀ ਨਹੀਂ ਸੀ ਚਾਹੁੰਦਾ।
ਰਾਤੀਂ ਸੁਪਨੇ ਵਿੱਚ ਉਹ ਜਿਵੇਂ ਉੱਡ ਕੇ ਪਿੰਡ ਪਹੁੰਚ ਗਿਆ ਹੋਵੇ। ਚਾਲੀ ਸਾਲ ਹੋ ਗਏ ਕੈਨੇਡਾ ਆਇਆਂ। ਕੋਈ ਟਾਵਾਂ ਟੱਲਾ ਹੀ ਆਉਂਦਾ ਸੀ ਉਨ੍ਹੀਂ ਦਿਨੀਂ। ਬੀ.ਏ. ਕਰਨ ਸਾਰ ਨੰਬਰਦਾਰ ਮੁਖਤਿਆਰ ਨੇ ਪ੍ਰੀਤਮ ਕੌਰ ਦੇ ਪਰਿਵਾਰ ਦੀ ਦੱਸ ਪਾਈ ਸੀ। ਉਸ ਦਾ ਪਿਉ ਦਲੀਪ ਸਿੰਘ ਵੈਨਕੂਵਰ ਦੀ ਕਿਸੇ ਲੰਬਰ ਮਿੱਲ ਵਿੱਚ ਨੌਕਰੀ ਕਰਦਾ ਸੀ। ਇੱਧਰੋਂ ਫ਼ੌਜ ਵਿੱਚੋਂ ਰਿਟਾਇਰ ਹੋ ਕੇ ਉੱਥੇ ਚਲਾ ਗਿਆ ਸੀ- ਘਰਵਾਲੀ ਤੇ ਧੀ ਨਾਲ। ਪੈਨਸ਼ਨ ਇੱਥੇ ਵੀ ਬੱਝੀ ਹੋਈ ਸੀ। ਆਪਣੇ ਮਿੱਤਰ ਮੁਖਤਿਆਰ ਨੂੰ ਕਿਸੇ ਚੰਗੇ ਮੁੰਡੇ ਦੀ ਭਾਲ ਦੀ ਜ਼ਿੰਮੇਵਾਰੀ ਸੌਂਪੀ ਸੀ। ਮੁਖਤਿਆਰ ਦੀ ਨਜ਼ਰ ਵਿੱਚ, ਬਲਵੰਤ ਅੱਵਲ ਦਰਜਾ ਸੀ। ਜ਼ਮੀਨ ਛੇ ਕਿੱਲੇ ਸੀ। ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਪੜ੍ਹਿਆ ਲਿਖਿਆ ਵੀ।
“ਬਾਈ, ਮੇਰੀ ਜਾਚੇ ਮੁੰਡਾ ਸੋਲਾਂ ਆਨੇ ਖਰਾ...।” ਰਿਸ਼ਤਾ ਸਿਰੇ ਚੜ੍ਹ ਗਿਆ ਸੀ।
ਬਾਪੂ ਚੰਨਣ ਸਿਹੁੰ, ਬਲਵੰਤ ਨੂੰ ਦੂਰ ਭੇਜਣਾ ਨਹੀਂ ਸੀ ਚਾਹੁੰਦਾ ਪਰ ਬੇਬੇ ਬਿਸ਼ਨ ਕੌਰ ਦੇ ਜ਼ੋਰ ਪਾਉਣ ’ਤੇ ਉਸ ‘ਹਾਂ’ ਕਰ ਦਿੱਤੀ। “ਆਪਣੀ ਤਾਂ ਲੰਘ ਗੀ ਬੰਤੇ ਦੇ ਬਾਪੂ... ਜੇ ਜੁਆਕ ਬਾਹਰਲੇ ਮੁਲਕ ਨਿਕਲ ਜੂ ਤਾਂ ਕਿਸੇ ਭੈਣ ਭਾਈ ਦਾ ਕੁਸ਼ ਭਲਾ ਕਰਨ ਜੋਗਾ ਹੋਜੂ... ਬਾਕੀ ਤੇਰਾ ਭਾਈ ਸੱਜਣ ਹੈਗਾ ਆਪਣੇ ਦੁੱਖ ਸੁੱਖ ਲਈ ਏਥੇ...।” ਵਿਆਹ ਤੋਂ ਸਾਲ ਕੁ ਬਾਅਦ ਬਲਵੰਤ ਉਡਾਰੀ ਮਾਰ ਗਿਆ ਸੀ। ਦੋ ਕੁ ਮਹੀਨੇ ਬਹੁਤ ਔਖੇ ਗੁਜ਼ਰੇ। ਦਿਲ ਨਾਬਰ ਹੋ ਗਿਆ ਸੀ। ‘ਘਰ ਦੀ ਅੱਧੀ ਰੋਟੀ ਕੈਨੇਡਾ ਦੀ ਪੂਰੀ ਨਾਲੋਂ ਕਿਤੇ ਚੰਗੀ ਐ।’ ਫਿਰ ਪੈਰ ਜਿਵੇਂ ਬੇੜੀਆਂ ਨੇ ਜਕੜ ਲਏ। ਦਲੀਪ ਸਿਹੁੰ ਨੇ ਗੋਰੇ ਮਿੱਲ ਮਾਲਕ ਦਾ ਮਿੰਨਤ ਤਰਲਾ ਕਰ ਕੇ ਬਲਵੰਤ ਨੂੰ ਲੱਕੜਾਂ ਚੀਰਨ ਵਾਲੇ ਆਰੇ ’ਤੇ ਰਖਾ ਦਿੱਤਾ। ਮਿੱਲ ਵਿੱਚ ਪੰਜਾਬੀ ਇੱਕ ਦੋ ਹੀ ਸਨ। ਜ਼ਿਆਦਾ ਗਿਣਤੀ ਚੀਨਿਆਂ ਤੇ ਜਪਾਨੀਆਂ ਦੀ ਸੀ। ਕੰਮ ਕਰਦਿਆਂ ਹੱਥਾਂ ’ਤੇ ਅੱਟਣ ਪੈ ਗਏ ਸਨ, ਪਰ ਡਾਲਰਾਂ ਦੀ ਠਣਕਾਰ ਨੇ ਮਨ ਨੂੰ ਡੋਲਣੋਂ ਵਰਜ ਦਿੱਤਾ ਸੀ। ਪਹਿਲੀ ਤਨਖ਼ਾਹ ਘਰ ਭੇਜ ਕੇ ਬਾਪੂ ਨੂੰ ਸੁਨੇਹਾ ਲਾ ਦਿੱਤਾ ਸੀ ਕਿ ਮਾਇਆ, ਜਿੱਥੇ ਚਾਹੁਣ ਵਰਤ ਲੈਣ। ਬਾਪੂ ਨੇ ਗੁਰੂਘਰ ਲਈ ਦਸਵੰਧ ਕੱਢ ਕੇ ਬਾਕੀ ਰਕਮ ਕੁੜੀਆਂ ਦੇ ਸਕੂਲ ਦੀ ਚਾਰਦੀਵਾਰੀ ਵਾਸਤੇ ਦਾਨ ਦੇ ਦਿੱਤੀ ਸੀ।
ਬਲਵੰਤ ਦੀ ਮਿਹਨਤ ਰੰਗ ਲਿਆਈ। ਹੁਣ ਉਸ ਦੀ ਗਿਣਤੀ ਐਬਸਫੋਰਡ ਦੇ ਧਨਾਢ ਪਰਿਵਾਰਾਂ ਵਿੱਚ ਹੋਣ ਲੱਗ ਪਈ ਸੀ। ਆਪਣਾ ਭਾਈਚਾਰਾ ਮਾਣ ਸਤਿਕਾਰ ਦਿੰਦਾ ਸੀ ਅਤੇ ਨਾਂਹ ਨੁੱਕਰ ਕਰਨ ਦੇ ਬਾਵਜੂਦ ਇਲਾਕੇ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ।
ਘਰ ਤਿੰਨ ਪੁੱਤਰਾਂ ਨੇ ਜਨਮ ਲਿਆ- ਨਵ, ਜੈਜ਼ ਤੇ ਬਿੱਲ। ਉਸ ਦੀ ਦਿਲੀ ਇੱਛਾ ਸੀ ਕਿ ਮੁੰਡੇ ਪੰਜਾਬ ਵਿਆਹੁਣੇ ਹਨ। ਜਨਮ ਭੋਇੰ ਨਾਲ ਰਿਸ਼ਤਾ ਜੁੜਿਆ ਰਹੇਗਾ ਤੇ ਪੁਰਖਿਆਂ ਨੂੰ ਮਿਲਣ ਦਾ ਸਬੱਬ ਵੀ। ਪ੍ਰਦੇਸੀ ਹੋਣ ਦਾ ਹੇਰਵਾ ਵੀ ਤੰਗ ਨਹੀਂ ਕਰੇਗਾ। ਵੱਡੇ ਨਵ ਦਾ ਵਿਆਹ ਗੁਆਂਢੀ ਪਿੰਡ ਰਛੀਨ ਦੇ ਸਰਪੰਚ ਮਹਿੰਦਰ ਸਿੰਘ ਦੀ ਧੀ ਨਾਲ ਕਰ ਦਿੱਤਾ ਸੀ। ਕੈਨੇਡਾ ਦੇ ਮਾਹੌਲ ਨੇ ਰੰਗ ਦਿਖਾਇਆ। ਵਿਚਲੇ ਜੈਜ਼ ਨੇ ਮਾਂ ਪਿਉ ਨੂੰ ਸਾਫ਼ ਕਹਿ ਦਿੱਤਾ ਸੀ ਕਿ ਉਹ ਆਪਣੀ ਗੋਰੀ ਗਰਲ ਫਰੈਂਡ ਨਾਲ ਹੀ ਰਹੇਗਾ। ਤੀਜੇ ਬਿੱਲ ਨੇ ਤਾਂ ਵਿਆਹ ਕਰਵਾਉਣ ਤੋਂ ਕੋਰਾ ਮਨ੍ਹਾ ਕਰ ਦਿੱਤਾ, “ਡੈਡ, ਆਈ ਐਮ ਇਨਜੌਇੰਗ ਮਾਈ ਲਾਈਫ ਵਿਦਆਊਟ ਮੈਰਿਜ।”
ਨਵ ਨੇ ਵਿਆਹ ਤੋਂ ਬਾਅਦ ਇੱਕ ਦੋ ਵਾਰ ਇੰਡੀਆ ਦਾ ਚੱਕਰ ਲਗਾਇਆ ਸੀ, ਪਰ ਹੁਣ ਤਿੰਨੇ ਹੀ ਉੱਥੇ ਜਾਣ ਤੋਂ ਇਨਕਾਰੀ ਸਨ, “ਤੁਸੀਂ ਇੰਡੀਆ ਜਾਣਾ ਤਾਂ ਜਾਓ... ਅਸੀਂ ਉੱਥੇ ਪੈਰ ਨੀ ਪਾਉਣਾ।” ਬਲਵੰਤ ਦੇ ਸੰਜੋਏ ਸੁਪਨੇ ਇਹ ਸੁਣ ਕੇ ਚੂਰ ਚੂਰ ਹੋ ਗਏ ਸਨ। ਫਿਰ ਵੀ ਉਹ ਆਪਣੀ ਮਿੱਟੀ ਨੂੰ ਕਿਵੇਂ ਭੁਲਾ ਸਕਦਾ ਸੀ?
ਇਸੇ ਕਰਕੇ ਜੱਗਰ ਦੀ ਕਾਲ ਨਾਲ ਉਸ ਦੀ ਵਤਨ ਜਾਣ ਦੀ ਤੜਪ ਵਧ ਗਈ ਸੀ। ਸੁਵਖਤੇ ਉੱਠਣ ਸਾਰ ਉਸ ਨੇ ਸਭ ਤੋਂ ਪਹਿਲਾਂ ਜੱਗਰ ਨੂੰ ਫੋਨ ਲਗਾਇਆ, “ਛੋਟੇ ਵੀਰ, ਮੈਂ ਅਗਲੇ ਬੁੱਧਵਾਰ ਤੱਕ ਪਿੰਡ ਆਊਂਗਾ।” ਜੱਗਰ ਨੂੰ ਖੁਮਾਰੀ ਜਿਹੀ ਚੜ੍ਹ ਗਈ ਸੀ। ‘ਵਲੈਤੀ ਦਾਰੂ ਦਾ ਆਪਣਾ ਹੀ ਰੰਗ ਹੁੰਦੈ।’
ਫਲਾਈਟ ਵਿੱਚ ਬੈਠੇ ਬਲਵੰਤ ਨੂੰ ਸੋਚਾਂ ਨੇ ਫਿਰ ਆਪਣੀ ਜਕੜ ਵਿੱਚ ਲੈ ਲਿਆ। ਪਿੰਡ ਵਾਲੇ ਉਸ ਨੂੰ ਹਰ ਸਾਲ ਯਾਦ ਕਰਦੇ। ਦੋ ਤਿੰਨ ਗ਼ਰੀਬ ਘਰਾਂ ਦੀਆਂ ਕੁੜੀਆਂ ਦੇ ਹੱਥ ਪੀਲੇ ਕਰਨੇ ਜਿਵੇਂ ਉਹਨੇ ਆਪਣੇ ਜ਼ਿੰਮੇ ਲਏ ਹੋਏ ਹੁੰਦੇ। ਧੀਆਂ ਧਿਆਣੀਆਂ ਦੇ ਕਾਰਜ ਕਰਨ ਤੋਂ ਵੱਡਾ ਕੋਈ ਪੁੰਨ ਹੋ ਸਕਦੈ? ਲਿੱਸੇ ਪਰਿਵਾਰਾਂ ਦੀਆਂ ਅਸੀਸਾਂ ਉਸ ਨੂੰ ਰੱਬੀ ਆਸ਼ੀਰਵਾਦ ਲੱਗਦੀਆਂ। ਪਿੰਡ ਦੇ ਸਕੂਲ ਵਿੱਚ ਲੋੜ ਮੁਤਾਬਿਕ ਕੋਈ ਕਮਰਾ ਬਣਾਉਣ, ਲਾਇਬਰੇਰੀ ਲਈ ਕਿਤਾਬਾਂ ਜਾਂ ਰੰਗ ਰੋਗਨ ਦਾ ਖ਼ਰਚ ਕਰਨ ਦੀ ਉਹ ਹਮੇਸ਼ਾ ਹਾਮੀ ਭਰਦਾ। ਦੋ ਸਾਲ ਪਹਿਲਾਂ ਗੁਰਦੁਆਰੇ ਦੀ ਕਾਰ ਸੇਵਾ ਵੇਲੇ ਵੀ ਉਸ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਇਆ ਸੀ।
ਪੰਚਾਇਤੀ ਟੂਰਨਾਮੈਂਟ ਵਿੱਚ ਉਹ ਹਰ ਸਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਮਨ ਲਗਾਉਣ ਦੀ ਪ੍ਰੇਰਨਾ ਦਿੰਦਾ। ਕਬੱਡੀ ਮੈਚਾਂ ਵਿੱਚ ‘ਬੈਸਟ ਰੇਡਰ’ ਤੇ ‘ਬੈਸਟ ਕੈਚਰ’ ਦੇ ਇਨਾਮ ਬਲਵੰਤ ਵੱਲੋਂ ਸਪਾਂਸਰ ਕੀਤੇ ਜਾਂਦੇ। ਟੂਰਨਾਮੈਂਟ ਵਿੱਚ ਕੁਮੈਂਟਰੀ ਕਰਦੇ ਘੁੱਦੇ ਦੇ ਬੋਲ ਉਸ ਦੀ ਰੂਹ ਨੂੰ ਨਸ਼ਿਆ ਦਿੰਦੇ: “ਔਹ ਗਿਆ ਕਾਲਾ ਭੈਣੀ ਆਲਾ... ਰੇਡ ਕਰਨ... ਬਿਜਲੀ ਐ ਬਿਜਲੀ... ਦੋਖੋ ਕਿਵੇਂ ਮੇਲ੍ਹਦਾ ਜਾਂਦਾ... ਮੂਹਰਿਓਂ ਪੰਗਾ ਪੈ ਗਿਐ... ਛਪਾਰ ਆਲੇ ਭੂੰਡ ਨਾਲ... ਉਹਨੇ ਵੀ ਕੈਂਚੀ ਮਾਰੀ ਐ... ਹੱਥ ਛੱਡ ਕੇ... ਵੜੇਵੇਂ ਖਾਣੀ ਨਿੱਤਰੂ... ਮਿੱਤਰੋ ਕਾਲਾ ਪੁਆਇੰਟ ਲੈ ਗਿਐ... ਉਹਨੇ ਪੱਟ ’ਤੇ ਥਾਪੀ ਮਾਰਤੀ... ਪੰਜ ਸੌ ਰੁਪਈਆ... ਬਾਈ ਕਨੇਡਾ ਆਲੇ ਵੰਨੀਓਂ...।” ਲੋਕਾਂ ਦੇ ਸਾਹ ਰੁਕ ਜਾਂਦੇ। ਸਾਰੀਆਂ ਨਜ਼ਰਾਂ ਬਲਵੰਤ ਨੂੰ ਦੇਖ ਅਸ਼ ਅਸ਼ ਕਰ ਉੱਠਦੀਆਂ।
“ਜਿਊਂਦਾ ਰਹਿ ਓ ਪੁੱਤਰਾ... ਹੁਣ ਤੱਕ ਪਿੰਡ ਨੂੰ ਮਨ ’ਚ ਵਸਾਈ ਬੈਠੈਂ...” ਨੱਬਿਆਂ ਨੂੰ ਢੁੱਕੇ ਬਾਪੂ ਕੁੰਦਨ ਸਿਹੁੰ ਨੇ ਬਲਵੰਤ ਦੀ ਪਿੱਠ ਥਾਪੜਦਿਆਂ ਸਲਾਹਿਆ ਸੀ। “ਥੋਡੇ ਅਸ਼ੀਰਵਾਦ ਨਾਲ ਤਾਂ ਇੱਥੇ ਤੱਕ ਪਹੁੰਚਿਆਂ, ਤਾਇਆ...” ਬਲਵੰਤ ਜਿਵੇਂ ਹਵਾ ਵਿੱਚ ਉਡਾਰੀਆਂ ਮਾਰ ਰਿਹਾ ਹੋਵੇ।
ਪਿੰਡ ਆ ਕੇ ਝਿੜੀ ਵਾਲੇ ਬਾਬਾ ਝੰਡਾ ਸਿੰਘ ਨੂੰ ਮਿਲਣਾ ਬਲਵੰਤ ਦਾ ਜ਼ਰੂਰੀ ਰੁਝੇਵਾਂ ਹੁੰਦਾ। ਸਕੂਲ ਵਿੱਚ ਹਮ-ਜਮਾਤੀ ਦੋਵੇਂ ਕਬੱਡੀ ਦੇ ਚੰਗੇ ਖਿਡਾਰੀ ਜਾਣੇ ਜਾਂਦੇ। ਬਲਵੰਤ ਜਿੱਥੇ ਪੜ੍ਹਾਈ ਵਿੱਚ ਵੀ ਮਿਹਨਤੀ ਸੀ, ਝੰਡੇ ਦਾ ਹੱਥ ਇਸ ਪਾਸਿਓਂ ਤੰਗ ਹੀ ਰਿਹਾ। ਕਈ ਸਾਲਾਂ ਤੋਂ ਪਰਿਵਾਰਾਂ ਦੀ ਸਾਂਝ ਚੱਲੀ ਆਉਂਦੀ ਸੀ। ਝੰਡੇ ਦਾ ਪਿਉ ਘੁੰਗਰਾ, ਬਲਵੰਤ ਦੇ ਟੱਬਰ ਦਾ ਸੀਰੀ ਸੀ। ਕਬੱਡੀ ਖੇਡ ਕੇ ਆਏ ਬਲਵੰਤ ਤੇ ਝੰਡੇ ਨੂੰ ਬੇਬੇ ਨੇ ਇੱਕੋ ਜਿਹਾ ਘਿਉ ਪਾ ਕੇ ਦੇਣਾ। ਝੰਡਾ ਅੱਠਵੀਂ ਪਾਸ ਕਰ ਕੇ ਪੜ੍ਹਨੋਂ ਜਵਾਬ ਦੇ ਗਿਆ, “ਮੈਥੋਂ ਨੀ ਇਹ ਟੈਂਟਾ ਹੁੰਦਾ... ਮੈਂ ਤਾਂ ਝਿੜੀ ਆਲੇ ਬਾਬੇ ਨਾਲ ਕੀਰਤਨ ਕਰਿਆ ਕਰੂੰ...।” ਘਰ ਦੇ ਬੇਵੱਸ ਸਨ। ਹੁਣ ਉਹ ਜ਼ਿਆਦਾ ਸਮਾਂ ਬਾਬਾ ਸਮੁੰਦਰ ਸਿਹੁੰ ਦੇ ਡੇਰੇ ਰਹਿੰਦਾ। ਡੇਰੇ ਦੇ ਨਾਂ ਜਾਇਦਾਦ ਵੀ ਚੋਖੀ ਸੀ ਅਤੇ ਚੜ੍ਹਾਵੇ ਦਾ ਤਾਂ ਕੋਈ ਹਿਸਾਬ ਹੀ ਨਹੀਂ ਸੀ। ਬਾਬੇ ਦੇ ਅਕਾਲ ਚਲਾਣੇ ਤੋਂ ਬਾਅਦ ਸੰਤ ਮੰਡਲੀ ਨੇ ਝੰਡੇ ਦੇ ਸਿਰ ਦਸਤਾਰ ਸਜਾ ਕੇ ਉਸ ਨੂੰ ਡੇਰੇ ਦਾ ਸੰਚਾਲਕ ਐਲਾਨ ਦਿੱਤਾ। ਕਈ ਦਿਨ ਇੱਧਰੋਂ ਉੱਧਰੋਂ ਆਵਾਜ਼ਾਂ ਉੱਠਦੀਆਂ ਰਹੀਆਂ। ਫਿਰ ਸਭ ਸ਼ਾਂਤ ਹੋ ਗਿਆ।
ਬਾਬਾ ਝੰਡਾ ਸਿੰਘ ਨਾਲ ਹੁਣ ਪੰਜ ਸੱਤ ਬਾਡੀਗਾਰਡ ਪੱਕੇ ਹੀ ਰਹਿੰਦੇ। ਬਲਵੰਤ ਨਾਲ ਦਿਲ ਦੀ ਬੁੱਕਲ ਖੁੱਲ੍ਹੀ ਸੀ, “ਬੰਤਿਆ, ਦੱਸ ਦੇਈਂ ਜੇ ਕਿਸੇ ਅੜੇ ਥੁੜੇ ਯਾਰ ਦੀ ਲੋੜ ਪਈ... ਪੁਲਸ ਆਪਣਾ ਪਾਣੀ ਭਰਦੀ ਆ... ਕਿਸੇ ਐਰੇ ਗੈਰੇ ਦੀ ਹਿੰਮਤ ਨੀ, ਬੀ ਆਪਣੇ ਤੋਂ ਨਾਬਰ ਹੋ ਜੇ...।” ਬਾਬੇ ਦੇ ਹਜ਼ਾਰਾਂ ਸ਼ਰਧਾਲੂ ਸਨ ਅਤੇ ਸਿਆਸੀ ਨੇਤਾ ਡੇਰੇ ਵਿੱਚ ਆਪਣੀ ਹਾਜ਼ਰੀ ਲੁਆਉਣੀ ਜ਼ਰੂਰੀ ਸਮਝਦੇ।
ਮਾਤਾ ਦੀ ਮੌਤ ਤੋਂ ਅਗਲੇ ਸਾਲ ਹੀ ਬਾਪੂ ਚੰਨਣ ਸਿਹੁੰ ਨੂੰ ਉੱਪਰੋਂ ਬੁਲਾਵਾ ਆ ਗਿਆ। ਬਲਵੰਤ ਨੂੰ ਦੁਨੀਆ ਸੱਖਣੀ ਜਾਪੀ, ਜਿਵੇਂ ਪਿੰਡ ’ਚੋਂ ਉਹਦਾ ਸੀਰ ਹੀ ਮੁੱਕ ਗਿਆ ਹੋਵੇ। ਬੇਬੇ ਬਾਪੂ ਦੇ ਆਹਰ ਕਰਕੇ ਵੀ ਉਸ ਦਾ ਕੈਨੇਡਾ ਤੋਂ ਹਰ ਸਾਲ ਗੇੜਾ ਲੱਗਣ ਦਾ ਸਬੱਬ ਬਣਦਾ ਰਹਿੰਦਾ। ਬਾਪੂ ਦੇ ਸਸਕਾਰ ਤੋਂ ਬਾਅਦ ਪਿੰਡ ਦੇ ਸਿਆਣਿਆਂ ਨੇ ਸ਼ਮਸ਼ਾਨਘਾਟ ਵਿੱਚੋਂ ਕੋਈ ਸੁੱਕਾ ਡੱਕਾ ਲੈ ਕੇ ਉਸ ਨੂੰ ਤੋੜਨ ਦੀ ਰੀਤ ਨਿਭਾਉਣ ਲਈ ਕਿਹਾ ਸੀ। ਬਲਵੰਤ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਆਈ ਤਾਂ ਉਨ੍ਹਾਂ ਦੱਸਿਆ ਸੀ ਕਿ ਇਸ ਤਰ੍ਹਾਂ ਕਰਨ ਨਾਲ ਵਿੱਛੜਣ ਵਾਲੀ ਰੂਹ ਨਾਲੋਂ ਰਿਸ਼ਤਾ ਤੋੜਨਾ ਜ਼ਰੂਰੀ ਸਮਝਿਆ ਜਾਂਦਾ ਤਾਂ ਕਿ ਉਹ ਭਟਕਦੀ ਹੋਈ ਪਰਿਵਾਰ ਨੂੰ ਤੰਗ ਨਾ ਕਰੇ। ਸੁਣ ਕੇ ਬਲਵੰਤ ਦਾ ਅੰਦਰਲਾ ਜਾਗ ਉੱਠਿਆ ਸੀ। ਕੀ ਹੋਇਆ ਜੇ ਬਾਪੂ ਚਲਾ ਗਿਆ? ਪਿਉ ਵਰਗੇ ਚਾਚੇ ਸੱਜਣ ਸਿਹੁੰ ਅਤੇ ਚਚੇਰੇ ਭਰਾ ਬਲੌਰੇ ਦੇ ਹੁੰਦਿਆਂ ਉਹ ਪਿੰਡ ਅਤੇ ਘਰ ਨਾਲੋਂ ਆਪਸੀ ਸਾਂਝ ਤੋੜਨ ਦੀ ਸੋਚ ਵੀ ਨਹੀਂ ਸਕਦਾ। ਉਸ ਨੂੰ ਆਂਢ-ਗੁਆਂਢ ਵੀ ਕੋਈ ਓਪਰਾ ਨਹੀਂ ਸੀ ਲੱਗਿਆ। ਇਸ ਕਰਕੇ ਉਸ ਨੇ ਇਹ ਪ੍ਰਥਾ ਮੁੱਢੋਂ ਨਕਾਰ ਦਿੱਤੀ ਸੀ।
ਅਸਲ ਵਿੱਚ ਬਲਵੰਤ ਨੇ ਬਲੌਰੇ ਤੋਂ ਜ਼ਮੀਨ ਦਾ ਸਾਲਾਨਾ ਠੇਕਾ ਲੈਣਾ ਬੰਦ ਹੀ ਕਰ ਦਿੱਤਾ ਸੀ। ‘ਆਪਣੇ ਤਾਂ ਆਪਣੇ ਹੀ ਹੁੰਦੇ ਆ... ਪੈਸਾ ਤਾਂ ਹੱਥਾਂ ਦੀ ਮੈਲ਼ ਐ... ਨਾਲੇ ਜ਼ਮੀਨ ਵੀ ਸੰਭਲੀ ਰਹੂ।’ ਚਾਚੇ ਸੱਜਣ ਸਿਹੁੰ ਦੇ ਜਿਉਂਦੇ ਜੀਅ, ਉਹ ਆਪਣੇ ਆਪ ਨੂੰ ਪਿਉ-ਵਾਹਰਾ ਨਹੀਂ ਸੀ ਸਮਝਦਾ। ਬਲੌਰਾ ਵੀ ਉਸ ਨੂੰ ਪੂਰਾ ਮਾਣ ਸਤਿਕਾਰ ਦਿੰਦਾ ਸੀ। ਬਲਵੰਤ ਨੇ ਵਾਹਵਾ ਪੈਸਾ ਖਰਚ ਕੇ ਆਪਣੇ ਪੁਰਾਣੇ ਘਰ ਨੂੰ ਕੋਠੀ ਵਿੱਚ ਬਦਲ ਦਿੱਤਾ ਤੇ ਬਲੌਰੇ ਨੂੰ ਸੰਭਾਲ ਦਿੱਤਾ ਸੀ। ਉਸ ਨੇ ਹਰ ਵਾਰ ਇੱਥੇ ਹੀ ਠਹਿਰਨਾ ਹੁੰਦਾ ਅਤੇ ਚਾਚੇ ਦੇ ਪਰਿਵਾਰ ਵੱਲੋਂ ਅਪਣੱਤ ਦੀ ਭਾਵਨਾ ਦਿਖਾਈ ਦਿੰਦੀ। ਲੋਕਾਂ ਨੇ ਬਲਵੰਤ ਦੇ ਬਥੇਰੇ ਕੰਨ ਭਰਨੇ ਕਿ ਉਸ ਦੀ ਕਮਾਈ ’ਤੇ ਬਲੌਰਾ ਐਸ਼ ਕਰ ਰਿਹਾ ਹੈ। ਜੇ ਜ਼ਮੀਨ ਕਿਸੇ ਦੂਸਰੇ ਬੰਦੇ ਨੂੰ ਚਕੋਤੇ ’ਤੇ ਦਿੱਤੀ ਜਾਵੇ ਤਾਂ ਚੰਗੀ ਕਮਾਈ ਹੋ ਸਕਦੀ ਹੈ। ਬਲਵੰਤ ਨੇ ਇਸ ਤਰ੍ਹਾਂ ਦੇ ਵਿਚਾਰ ਮਨ ਵਿੱਚ ਕਦੇ ਉੱਗਣ ਹੀ ਨਹੀਂ ਦਿੱਤੇ ਸਨ। ਪਰ ਚਾਚਾ ਸੱਜਣ ਸਿੰਘ ਦੇ ਅਕਾਲ ਚਲਾਣੇ ਤੋਂ ਪਿੱਛੋਂ ਬਲੌਰਾ ਅਵੈੜਾ ਹੋ ਗਿਆ ਸੀ ਅਤੇ ਉਸ ਦੇ ਆਪਹੁਦਰੇਪਣ ਦਾ ਬਲਵੰਤ ਨੂੰ ਉਲਾਂਭਾ ਵੀ ਮਿਲਿਆ ਸੀ।
ਬਲਵੰਤ ਦੀ ਸਿਹਤ ਦਿਨੋਂ ਦਿਨ ਕਮਜ਼ੋਰ ਹੋ ਰਹੀ ਸੀ। ਹੁਣ ਹਰ ਸਾਲ ਉਸ ਨੂੰ ਲੰਮਾ ਸਫ਼ਰ ਕਰਨਾ ਔਖਾ ਲੱਗਦਾ, ਪਰ ਫਿਰ ਵੀ ਉਹ ਮਿੱਟੀ ਦੇ ਮੋਹ ਦੀਆਂ ਤੰਦਾਂ ਨਾਲ ਬੱਝਾ ਸਰੀਰਕ ਤਕਲੀਫ਼ ਨੂੰ ਅਣਗੌਲੀ ਕਰਕੇ ਪਿੰਡ ਪਹੁੰਚ ਜਾਂਦਾ। ਇਸ ਵਾਰ ਉਸ ਨੇ ਪਿੰਡ ਆ ਕੇ ਜੱਗਰ ਨਾਲ ਜ਼ਮੀਨ ਵੇਚਣ ਦਾ ਵਿਚਾਰ ਸਾਂਝਾ ਕੀਤਾ। ਪਿੰਡ ਦੇ ਦੋ ਤਿੰਨ ਧੜੱਲੇਦਾਰ ਬੰਦੇ ਜ਼ਮੀਨ ਖ਼ਰੀਦਣ ਲਈ ਕਾਹਲ਼ੇ ਸਨ। ਆੜਤੀਏ ਸਿਕੰਦਰ ਸਿੰਘ ਨਾਲ ਉਨ੍ਹਾਂ ਦੀ ਵੱਟ ਵੀ ਸਾਂਝੀ ਸੀ। ਬਲੌਰੇ ਨੂੰ ਯਕੀਨ ਸੀ ਕਿ ਬਾਈ ਜ਼ਮੀਨ ਉਸ ਨੂੰ ਹੀ ਦੇ ਕੇ ਜਾਵੇਗਾ। ਇੰਨੇ ਸਾਲਾਂ ਤੋਂ ਲੱਖਾਂ ਰੁਪਏ ਠੇਕਾ ਨਾ ਲੈਣ ਕਾਰਨ ਅਤੇ ਆਪਣਾ ਮਹਿਲਾਂ ਵਰਗਾ ਘਰ ਉਸ ਦੇ ਹਵਾਲੇ ਕਰਨ ਕਰਕੇ ਉਹ ਇਸ ਨੂੰ ਆਪਣਾ ਹੱਕ ਸਮਝਦਾ ਸੀ।
ਪਿੰਡ ਦੇ ਦੋ ਚਾਰ ਕਾਨਾਫੂਸੀ ਕਰਨ ਵਾਲੇ ਬੰਦਿਆਂ ਨੇ ਬਲੌਰੇ ਦੇ ਮਨ ਵਿੱਚ ਕੂੜ ਭਰ ਦਿੱਤਾ ਸੀ ਕਿ ਬਲਵੰਤ ਕੋਲ ਮਜਬੂਰੀਵੱਸ ਜ਼ਮੀਨ ਉਸ ਨੂੰ ਮੁਫ਼ਤ ਦੇਣ ਤੋਂ ਬਿਨਾਂ ਕੋਈ ਚਾਰਾ ਨਹੀਂ। ਜੇਕਰ ਲੋੜ ਪਈ ਤਾਂ ਉਹ ਪਟਵਾਰੀ ਤੇ ਤਹਿਸੀਲਦਾਰ ਨੂੰ ਮਿਲ ਕੇ ਬਲਵੰਤ ਨੂੰ ਇੰਨਾ ਕੁ ਖੱਜਲ ਕਰ ਦੇਣਗੇ ਕਿ ਉਹ ਚੁੱਪ ਚੁਪੀਤੇ ਪੈਲ਼ੀ ਬਲੌਰੇ ਦੇ ਨਾਂ ਕਰ ਦੇਵੇਗਾ।
ਇੱਕ ਦਿਨ ਬਲਵੰਤ ਨੇ ਬਲੌਰੇ ਨਾਲ ਗੱਲ ਤੋਰੀ, “ਛੋਟੇ ਵੀਰ, ਤੈਨੂੰ ਪਤੈ ਬਈ ਮੈਂ ਸਿਹਤ ਕਰਕੇ ਬਹੁਤ ਵਾਰ ਆ ਜਾ ਨਹੀਂ ਸਕਦਾ... ਪਹਿਲ ਤੇਰੀ... ਜਿਵੇਂ ਤੂੰ ਕਹੇਂ... ਮੈਂ ਜ਼ਮੀਨ ਤੈਨੂੰ ਦੇਣੀ ਚਾਹੁੰਨਾਂ... ਲੋਕਾਂ ਨਾਲੋਂ ਅੱਧੇ ਭਾਅ ’ਤੇ... ਪੈਸੇ ਵੀ ਅੱਗੇ ਪਿੱਛੇ ਕਰਲਾਂਗੇ...।” ਬਲੌਰੇ ਨੂੰ ਜਿਵੇਂ ਪਹਿਲਾਂ ਹੀ ਪਤਾ ਸੀ, “ਬਾਈ, ਤੇਰੇ ਕੋਲ ਕਿਸੇ ਚੀਜ਼ ਦਾ ਘਾਟਾ ਨੀ... ਫੇਰ ਤੈਨੂੰ ਇੱਥੇ ਆਏ ਨੂੰ ਹੱਥਾਂ ’ਤੇ ਚੱਕਦੇ ਆਂ... ਤੇਰੀ ਜ਼ਮੀਨ ਵੇਚਣ ਵਾਲੀ ਗੱਲ ਮੈਨੂੰ ਜਚੀ ਨੀ...।” ਉਹ ਪਿਛਲਾ ਸਾਰਾ ਭੁੱਲ ਕੇ ਅਹਿਸਾਨ ਜਤਾਉਣ ਲੱਗਾ ਸੀ।
“ਇਹ ਤਾਂ ਮਾਵਾਂ ਧੀਆਂ ਦਾ ਲੇਖਾ ਹੁੰਦੈ, ਨਿੱਕਿਆ... ਮੇਰਾ ਵੀ ਟੱਬਰ ਐ... ਫਿਰ ਮੈਂ ਤਾਂ ਹਰ ਤਰ੍ਹਾਂ ਨਾਲ ਤਿਆਰ ਹਾਂ ਕਿ ਜ਼ਮੀਨ ਘਰ ਵਿੱਚ ਹੀ ਰਹੇ...” ਬਲਵੰਤ ਅਜੇ ਵੀ ਵਿਹਾਰੀ ਸਮਝ ਵਿੱਚ ਗੱਲ ਕਰ ਰਿਹਾ ਸੀ।
ਗੱਲ ਪਿੰਡ ਵਿੱਚ ਖਿੱਲਰ ਗਈ ਸੀ। ਜੁੰਡੀ ਦੇ ਯਾਰਾਂ ਨੇ ਬਲੌਰੇ ਨੂੰ ਅੜੇ ਰਹਿਣ ਲਈ ਹੱਲਾਸ਼ੇਰੀ ਦੇ ਦਿੱਤੀ ਸੀ। ਹੁਣ ਉਹ ਕਿਸੇ ਗੁਰੂ-ਪੀਰ ਦਾ ਨਹੀਂ ਸੀ, “ਬਾਈ, ਜ਼ਮੀਨ ਤਾਂ ਮੈਂ ਤੈਨੂੰ ਕਿਸੇ ਕੀਮਤ ’ਤੇ ਵੇਚਣ ਨੀ ਦੇਣੀ... ਜੋ ਮਰਜ਼ੀ ਹੋ ਜੇ... ਨਾ ਤਾਂ ਤੇਰੇ ਟੱਕ ਨੂੰ ਕੋਈ ਸਿੱਧਾ ਰਾਹ ਲੱਗਦੈ... ਨਾ ਹੀ ਮੋਟਰ ਦਾ ਪਾਣੀ... ਨਾਲੇ ਜੀਹਨੇ ਮੇਰੇ ਨਾਲ ਦੁਸ਼ਮਣੀ ਪਾ ਕੇ ਸੌਦਾ ਕਰਨਾ... ਮੈਂ ਦੇਖਲੂੰ ਉਹਨੂੰ ਵੱਡੇ ਬਦਮਾਸ਼ ਨੂੰ...।” ਬਲੌਰੇ ਨੇ ਆਪਣਾ ਇਰਾਦਾ ਜ਼ਾਹਰ ਕਰ ਦਿੱਤਾ।
ਬਲਵੰਤ ਨੇ ਜੱਗਰ ਨਾਲ ਗੱਲ ਕੀਤੀ। ਉਹ ਯਾਰ ਵੀ ਸੀ ਤੇ ਰਾਜ਼ਦਾਰ ਵੀ। ਸੁਣ ਕੇ ਉਸ ਦਾ ਖ਼ੂਨ ਖੌਲ ਉੱਠਿਆ, “ਇੰਨਾ ਧੱਕਾ... ਮੈਂ ਦੇਖਲੂੰ ਉਹਨੂੰ ਵੱਡੇ ਘੀਲੇ ਨੂੰ... ਤੈਨੂੰ ਕੋਈ ਨੀ ਰੋਕ ਸਕਦਾ... ਜ਼ਮੀਨ ਵੇਚਣ ਤੋਂ... ਕਹੇਂ ਤਾਂ ਬਲੌਰੇ ਦਾ ਕੰਡਾ ਹੀ ਕੱਢ ਦਿਆਂ...!” ਬਲਵੰਤ ਨੇ ਸੱਤਵੇਂ ਆਸਮਾਨ ’ਤੇ ਚੜ੍ਹਿਆ ਜੱਗਰ ਦਾ ਗੁੱਸਾ ਭਾਂਪ ਲਿਆ ਸੀ, “ਜੱਗਰਾ, ਮੈਂ ਉਹਨੂੰ ਪੁੱਤਾਂ ਵਰਗਾ ਸਮਝਦਾਂ... ਆਪਾਂ ਉਹਦਾ ਕੋਈ ਨੁਕਸਾਨ ਨੀ ਕਰਨਾ...।”
ਜੱਗਰ ਨੇ ਮੱਲੋਜ਼ੋਰੀ ਬਲਵੰਤ ਨੂੰ ਬਲੌਰੇ ਦੇ ਘਰੋਂ ਆਪਣੇ ਘਰ ਲੈ ਆਂਦਾ, ਅਖੇ, ‘‘ਵਿਗੜੇ ਜੱਟ ਦਾ ਪਤਾ ਨੀ, ਕੋਈ ਵੈਰ ਸਿਰ ਚੜ੍ਹ ਕੇ ਬੋਲ ਪਵੇ।’’ ਬਲੌਰਾ ਹੁਣ ਹੋਰ ਅੱਥਰਾ ਵਗਣ ਲੱਗਾ ਸੀ, ‘‘ਘਰ ਉੱਤੇ ਕਬਜ਼ਾ ਮੇਰਾ ਹੀ ਸੀ... ਮੇਰਾ ਹੀ ਰਹੇਗਾ... ਜੇ ਉਹਨੇ ਤੋੜ ਭੰਨ ’ਤੇ ਖ਼ਰਚਾ ਕੀਤੈ ਤਾਂ ਹੋਟਲ ਵਰਗੀਆਂ ਸਹੂਲਤਾਂ ਵੀ ਇਸੇ ਘਰ ਵਿੱਚ ਮਾਣੀਆਂ ਨੇ...।’’
ਪ੍ਰੇਮ ਪਿਆਰ ਨਾਲ ਸਮਝਾਉਣ ਦੇ ਬਾਵਜੂਦ ਬਲੌਰਾ ਗੱਲ ਕਿਸੇ ਤਣ ਪੱਤਣ ਲਾਉਣ ਨੂੰ ਤਿਆਰ ਨਹੀਂ ਸੀ। ਅਖੀਰ ਆੜਤੀਏ ਸਿਕੰਦਰ ਸਿੰਘ ਨੇ ਬਲਵੰਤ ਨੂੰ ਜ਼ਮੀਨ ਖ਼ਰੀਦਣ ਦੀ ਹਾਮੀ ਭਰ ਦਿੱਤੀ, “ਬਲਵੰਤ ਸਿੰਆਂ, ਤੂੰ ਫ਼ਿਕਰ ਨਾ ਕਰ... ਇਹੋ ਜਿਹੇ ਕਾਗਜ਼ੀ ਸ਼ੇਰਾਂ ਨਾਲ ਸਾਡਾ ਰੋਜ਼ ਵਾਹ ਪੈਂਦੈ... ਖੇਤ ਦਾ ਰਾਹ ਵੀ ਲੈ ਲਵਾਂਗੇ ਤੇ ਪਾਣੀ ਦਾ ਪ੍ਰਬੰਧ ਵੀ ਹੋ ਜਾਊ...।” ਪਰ ਬਲਵੰਤ ਦਾ ਮਨ ਉਦਾਸ ਸੀ।
ਜ਼ਮੀਨ ਵਿਕਣ ਦੀ ਭਿਣਕ ਪੈਣ ’ਤੇ ਬਲੌਰੇ ਦੀਆਂ ਅੱਖਾਂ ਵਿੱਚ ਖ਼ੂਨ ਉੱਤਰ ਆਇਆ ਅਤੇ ਉਹਨੇ ਗਲੀ ਵਿੱਚ ਖੜ੍ਹ ਕੇ ਗਾਲੀ ਗਲੋਚ ਵੀ ਕੀਤੀ, “ਦੇਖਦਾਂ, ਕਿਹੜਾ ਸਹੁਰਾ ਲੈਂਦਾ ਜ਼ਮੀਨ ਦਾ ਕਬਜਾ... ਤੇ ਮੈਨੂੰ ਘਰੋਂ ਬੇਘਰ ਕਰਦਾ...।” ਬਲਵੰਤ ਦਾ ਮਨ ਉੱਕਾ ਹੀ ਨਹੀਂ ਸੀ ਕਰਦਾ ਕਿ ਉਹ ਬਲੌਰੇ ਨੂੰ ਆਪਣੇ ਘਰ ਵਿੱਚੋਂ ਕੱਢੇ, ਪਰ ਬਲੌਰੇ ਦੀ ਧੱਕੇਸ਼ਾਹੀ ਅਤੇ ਪਿੰਡ ਵਾਲਿਆਂ ਦੀਆਂ ਗੱਲਾਂ ਸੁਣ ਕੇ ਉਸ ਦਾ ਪਾਰਾ ਵੀ ਚੜ੍ਹ ਗਿਆ ਸੀ। ਜੱਗਰ ਦੀ ਕਹੀ ਗੱਲ ਮਨ ਵਿੱਚ ਘੁੰਮਣ ਲੱਗੀ। ਫਿਰ ਯਾਦ ਆਈ ਬਾਬਾ ਝੰਡਾ ਸਿਹੁੰ ਦੀ। ਬਾਬੇ ਨੇ ਹਿੱਕ ਥਾਪੜੀ, “ਬੰਤਿਆ, ਤੂੰ ਮੇਰਾ ਯਾਰ ਹੀ ਨਹੀਂ... ਭਰਾ ਏਂ ਭਰਾ... ਬਲੌਰੇ ਵਰਗੇ ਲੱਕੜਬੱਘਿਆਂ ਨੂੰ ਰੋਜ਼ ਸਿੱਧੇ ਕਰੀਦੈ... ਚੌਵੀ ਘੰਟੇ ’ਚ ਘਰ ਦਾ ਕਬਜ਼ਾ ਤੇਰੇ ਹਵਾਲੇ ਹੋਊ... ਤੂੰ ਹਾਮੀ ਭਰ...।” ਬਲਵੰਤ ਨੀਵੀਂ ਪਾਈ ਬੈਠਾ ਸੀ। ਉਸ ਦਾ ਦਿਲ ਕਰਦਾ ਸੀ ਬਲੌਰੇ ਨੂੰ ਦੱਸਣ ਨੂੰ ਕਿ ਮੇਰੀਆਂ ਜੜ੍ਹਾਂ ਅਜੇ ਪਿੰਡ ਵਿੱਚ ਨੇ। ਬਾਬੇ ਨੂੰ ਕੱਲ੍ਹ ਨੂੰ ਦੱਸਣ ਦਾ ਕਹਿ ਕੇ ਉਹ ਘਰ ਮੁੜ ਆਇਆ।
ਅੱਧੀ ਰਾਤ ਸੋਚਾਂ ਵਿੱਚ ਲੰਘ ਗਈ। ਮਨ ਡਾਵਾਂਡੋਲ ਸੀ। ‘ਬਲੌਰੇ ਨੇ ਜੱਗੋਂ ਤੇਰ੍ਹਵੀਂ ਕੀਤੀ ਆ... ਉਸ ਦੀ ਅੜ ਭੰਨਣੀ ਜ਼ਰੂਰੀ ਐ... ਚਾਰ ਭਾਂਡੇ ਟੀਂਡੇ ਸੜਕ ’ਤੇ ਖਿੰਡੇ ਤਾਂ ਅਕਲ ਟਿਕਾਣੇ ਆਜੂਗੀ...।’ ਦੂਜਾ ਮਨ ਬੋਲਦਾ, ‘ਜੇ ਪੰਜਾਹ ਸਾਲਾਂ ਤੋਂ ਉਹਨੂੰ ਲਾਡ ਲਡਾਏ ਨੇ... ਅਜ਼ੀਜ਼ ਸਮਝਿਆ... ਤਾਂ ਹੁਣ ਉਹਨੂੰ ਬੇਘਰ ਹੁੰਦਾ ਦੇਖ ਸਕੇਂਗਾ? ... ਦੁਨੀਆ ਅੱਡ ਤਮਾਸ਼ਾ ਦੇਖੂਗੀ... ਫਿਰ ਆਪਣਾ ਖ਼ੂਨ ਤਾਂ ਆਪਣਾ ਈ ਹੁੰਦੈ...।’ ਮੂੰਹ ਹਨੇਰੇ ਉੱਠ ਇਸ਼ਨਾਨ ਕਰ ਕੇ ਬਲਵੰਤ ਗੁਰੂਘਰ ਨਤਮਸਤਕ ਹੋਣ ਲਈ ਚਲਾ ਗਿਆ। ਚਾਰੇ ਪਾਸੇ ਸ਼ਾਂਤ ਮਾਹੌਲ ਸੀ। ‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ’ ਦੀ ਆਵਾਜ਼ ਕੰਨਾਂ ਵਿੱਚ ਪਈ। ਮਨ ਕਿਸੇ ਠਹਿਰਾਉ ਵਿੱਚ ਆ ਗਿਆ।
ਰਸਤੇ ਵਿੱਚ ਵਾਪਸ ਆਉਂਦਿਆਂ ਕਿਸੇ ਦਰੱਖ਼ਤ ਦਾ ਸੁੱਕਾ ਤੀਲ੍ਹਾ ਉਸ ਦੇ ਪੈਰ ਹੇਠ ਆ ਗਿਆ। ਉਸ ਨੇ ਝੁਕ ਕੇ ਉਹ ਡੱਕਾ ਚੁੱਕ ਲਿਆ। ਸਿਆਣਿਆਂ ਦਾ ਕਥਨ ਮਨ ਮਸਤਕ ਵਿੱਚ ਉੱਭਰ ਆਇਆ। ਬਲੌਰੇ ਨੂੰ ਯਾਦ ਕੀਤਾ ਤੇ ... ਡੱਕਾ ਤੋੜ ਦਿੱਤਾ। ਬਲਵੰਤ ਨੂੰ ਮਹਿਸੂਸ ਹੋਇਆ ਜਿਵੇਂ ਆਤਮਾ ’ਤੇ ਪਿਆ ਮਣਾਂ-ਮੂੰਹੀਂ ਬੋਝ ਅਚਾਨਕ ਲੱਥ ਗਿਆ ਹੋਵੇ।
ਘਰ ਆ ਕੇ ਉਹ ਸਾਮਾਨ ਇਕੱਠਾ ਕਰਨ ਲੱਗ ਪਿਆ। ਅਗਲੇ ਦਿਨ ਕੈਨੇਡਾ ਵਾਪਸ ਜੁ ਮੁੜਨਾ ਸੀ।
ਸੰਪਰਕ: 89684-33500