ਢਾਕਾ: ਮੂਰਤੀ ਵਿਸਰਜਨ ਲਈ ਜਾ ਰਹੇ ਹਿੰਦੂ ਭਾਈਚਾਰੇ ਦੀ ਪੁਲੀਸ ਨਾਲ ਝੜਪ, ਤਿੰਨ ਜ਼ਖ਼ਮੀ
ਢਾਕਾ, 14 ਅਕਤੂਬਰ
ਬੰਗਲਾਦੇਸ਼ ਦੇ ਓਲਡ ਢਾਕਾ ਇਲਾਕੇ ਵਿੱਚ ਦੁਰਗਾ ਪੂਜਾ ਦੀ ਸਮਾਪਤੀ ਤੋਂ ਬਾਅਦ ਮੂਰਤੀ ਵਿਸਰਜਨ ਲਈ ਜਾ ਰਹੇ ਹਿੰਦੂ ਭਾਈਚਾਰੇ ਦੇ ਮੈਂਬਰਾਂ ਦੀ ਐਤਵਾਰ ਰਾਤ ਨੂੰ ਪੁਲੀਸ ਨਾਲ ਝੜਪ ਹੋ ਗਈ, ਜਿਸ ਵਿੱਚ ਘੱਟੋ-ਘੱਟ ਤਿੰਨ ਵਿਕਅਤੀ ਜ਼ਖ਼ਮੀ ਹੋ ਗਏ। ‘ਦਿ ਡੇਲੀ ਸਟਾਰ’ ਅਖ਼ਬਾਰ ਵਿੱਚ ਅੱਜ ਛਪੀ ਖ਼ਬਰ ’ਚ ਇਕ ਪ੍ਰਤੱਖਦਰਸ਼ੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਓਲਡ ਢਾਕਾ ਦੇ ਪਟੁਆਤਲੀ ਇਲਾਕੇ ਵਿੱਚ ਸਥਿਤ ਨੂਰ ਸੁਪਰ ਮਾਰਕੀਟ ਦੀ ਛੱਤ ਤੋਂ ਸ਼ਰਾਰਤੀ ਤੱਤਾਂ ਨੇ ਬੁੱਢੀਗੰਗਾ ਨਦੀ ਵਿੱਚ ਮੂਰਤੀ ਵਿਸਰਜਨ ਲਈ ਜਾ ਰਹੇ ਲੋਕਾਂ ’ਤੇ ਇੱਟਾਂ ਸੁੱਟੀਆਂ, ਜਿਸ ਵਿੱਚ ਇਕ ਪੁਲੀਸ ਅਧਿਕਾਰੀ ਸਣੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਖ਼ਬਰ ਮੁਤਾਬਕ, ਘਟਨਾ ਤੋਂ ਬਾਅਦ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਨੂਰ ਸੁਪਰ ਮਾਰਕੀਟ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ।
ਕੋਤਵਾਲੀ ਪੁਲੀਸ ਥਾਣੇ ਦੇ ਇੰਚਾਰਜ ਮੁਹੰਮਦ ਇਨਾਮੁਲ ਹਸਨ ਨੇ ਅਖ਼ਬਾਰ ਨੂੰ ਦੱਸਿਆ, ‘‘ਸਥਾਨਕ ਲੋਕਾਂ ਨੇ ਬਾਜ਼ਾਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਬਾਜ਼ਾਰ ਦੀ ਸੁਰੱਖਿਆ ਖ਼ਾਤਰ ਅਸੀਂ ਉਨ੍ਹਾਂ ਨੂੰ ਉੱਥੇ ਦਾਖ਼ਲ ਹੋਣ ਤੋਂ ਰੋਕਿਆ, ਜਿਸ ਕਰ ਕੇ ਝੜਪ ਹੋ ਗਈ।’’ ਉਨ੍ਹਾਂ ਦੱਸਿਆ ਕਿ ਸਥਿਤ ’ਤੇ ਕਾਬੂ ਪਾਉਣ ’ਚ ਅਸਫ਼ਲ ਰਹਿਣ ’ਤੇ ਪੁਲੀਸ ਨੇ ਫੌਜ ਨੂੰ ਸੂਚਨਾ ਦਿੱਤਾ, ਜਿਸ ਮਗਰੋਂ ਫੌਜੀ ਸੈਨਿਕ ਮੌਕੇ ’ਤੇ ਪੁੱਜੇ ਅਤੇ ਭੀੜ ਨੂੰ ਖਿੰਡਾਇਆ। ਉਨ੍ਹਾਂ ਕਿਹਾ, ‘‘ਸਥਿਤੀ ਹੁਣ ਕਾਫੀ ਹੱਦ ਤੱਕ ਕੰਟਰੇਲ ਹੇਠ ਹੈ।’’ -ਪੀਟੀਆਈ