ਡੀਜੀਪੀ ਵੱਲੋਂ ਚਾਰ ਜ਼ਿਲ੍ਹਿਆਂ ’ਚ ਨਾਕਿਆਂ ਦਾ ਨਿਰੀਖਣ
ਆਤਿਸ਼ ਗੁਪਤਾ
ਚੰਡੀਗੜ੍ਹ, 19 ਅਕਤੂਬਰ
ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਅਤੇ ਭਾਈਚਾਰਕ ਸਾਂਝ ਵਧਾਉਣ ਦੇ ਮੱਦੇਨਜ਼ਰ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸ਼ਨਿਚਰਵਾਰ ਦੇਰ ਰਾਤ ‘ਨਾਈਟ ਡੌਮੀਨੇਸ਼ਨ’ ਤਹਿਤ ਸੂਬੇ ਦੇ ਚਾਰ ਜ਼ਿਲ੍ਹਿਆਂ ਵਿੱਚ ਪੁਲੀਸ ਨਾਕਿਆਂ ਅਤੇ ਥਾਣਿਆਂ ਦਾ ਦੌਰਾ ਕੀਤਾ। ਇਸ ਦੌਰਾਨ ਡੀਜੀਪੀ ਨੇ ਸਬੰਧਤ ਅਧਿਕਾਰੀਆਂ ਅਤੇ ਨਾਗਰਿਕਾਂ ਨਾਲ ਸਿੱਧੇ ਤੌਰ ’ਤੇ ਰਾਬਤਾ ਕੀਤਾ।
ਡੀਜੀਪੀ ਵੱਲੋਂ ਲੰਘੀ ਦੇਰ ਰਾਤ ਮੁਹਾਲੀ, ਲੁਧਿਆਣਾ, ਖੰਨਾ, ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦਾ ਦੌਰਾ ਕੀਤਾ ਗਿਆ। ਡੀਜੀਪੀ ਨੇ ਦੌਰੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਵਿੱਚ ਪੁਲੀਸ ਦੀ ਵਧੀ ਹੋਈ ਮੌਜੂਦਗੀ ਨਾਲ ਜਨਤਾ ਸੁਰੱਖਿਅਤ ਮਹਿਸੂਸ ਕਰ ਰਹੀ ਹੈ। ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਤੇ ਡਿਊਟੀ ਵਿੱਚ ਕੁਤਾਹੀ ਵਰਤਣ ਵਾਲਿਆਂ ਨੂੰ ਜਵਾਬਦੇਹ ਬਣਾਉਣਾ ਪੁਲੀਸ ਦੀ ਅਹਿਮ ਡਿਊਟੀ ਹੈ। ਡੀਜੀਪੀ ਯਾਦਵ ਨੇ ਵਿਸ਼ੇਸ਼ ਨਾਕਿਆਂ ’ਤੇ ਤਾਇਨਾਤ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਉੱਚ ਪੇਸ਼ੇਵਰਾਨਾ ਪਹੁੰਚ ਬਰਕਰਾਰ ਰੱਖਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਹਾਲ ਹੀ ’ਚ ਪੁਲੀਸ ਕਮਿਸ਼ਨਰਾਂ (ਸੀਪੀਜ਼) ਅਤੇ ਸੀਨੀਅਰ ਪੁਲੀਸ ਕਪਤਾਨਾਂ (ਐੱਸਐੱਸਪੀਜ਼) ਨੂੰ ਅਪਰਾਧਾਂ ਨਾਲ ਨਜਿੱਠਣ ਲਈ ਤੁਰੰਤ ਐੱਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਪੰਜਾਬ ਪੁਲੀਸ ਸਨੈਚਿੰਗ ਪੁਆਇੰਟਾਂ ਸਮੇਤ ਅਪਰਾਧ ਦੇ ਹੌਟਸਪੌਟਸ ਦੀ ਸ਼ਨਾਖਤ ਕਰ ਰਹੀ ਹੈ ਤਾਂ ਜੋ ਇਨ੍ਹਾਂ ਅਪਰਾਧਾਂ ਨੂੰ ਰੋਕਣ ਲਈ ਪੁਲੀਸ ਗਸ਼ਤ ਦਾ ਖਾਕਾ ਮੁੜ ਉਲੀਕਿਆ ਜਾ ਸਕੇ। ਯਾਦਵ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਪੁਲੀਸ ਅਤੇ ਲੋਕਾਂ ਦਰਮਿਆਨ ਸਬੰਧ ਮਜ਼ਬੂਤ ਕਰਨ ਦੇ ਮੱਦੇਨਜ਼ਰ ਪੁਲੀਸ ਥਾਣਿਆਂ ਦਾ ਸਰਗਰਮੀ ਨਾਲ ਦੌਰਾ ਕਰਨ ਦੇ ਨਾਲ-ਨਾਲ ਪੁਲੀਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।