ਡੀਜੀਸੀਏ ਨੇ ਵਿਸਤਾਰਾ ਤੋਂ ਉਡਾਣਾਂ ਰੱਦ ਹੋਣ ਸਬੰਧੀ ਰਿਪੋਰਟ ਮੰਗੀ
ਨਵੀਂ ਦਿੱਤੀ, 2 ਅਪਰੈਲ
ਹਵਾਬਾਜ਼ੀ ਨਿਗਰਾਨ ਡੀਜੀਸੀਏ ਨੇ ਅੱਜ ਵਿਸਤਾਰਾ ਨੂੰ ਉਡਾਣਾਂ ਰੱਦ ਹੋਣ ਅਤੇ ਇਨ੍ਹਾਂ ਵਿੱਚ ਦੇਰੀ ਹੋਣ ਸਬੰਧੀ ਰੋਜ਼ਾਨਾ ਰਿਪੋਰਟ ਦੇਣ ਲਈ ਆਖਿਆ ਹੈ ਜਦਕਿ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਪਾਇਲਟ ਮੁਹੱਈਆ ਨਾ ਹੋਣ ਕਾਰਨ ਏਅਰਲਾਈਨ ਦੀਆਂ ਉਡਾਣਾਂ ’ਚ ਵਿਘਨ ਪੈਣ ’ਤੇ ਨਜ਼ਰ ਰੱਖ ਰਿਹਾ ਹੈ। ਇੱਕ ਸੂਤਰ ਮੁਤਾਬਕ ਵਿਸਤਾਰਾ ਨੇ ਅੱਜ 50 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਹਨ।
ਸੂਤਰਾਂ ਨੇ ਅੱਜ ਦੱਸਿਆ ਕਿ ਕੁਝ ਕਮਾਂਡਰਾਂ ਦੇ ਨਾਲ-ਨਾਲ ਇਸ ਦੇ ਏ-320 ਬੇੜੇ (ਫਲੀਟ) ਦੇ ਕੁਝ ਪਹਿਲੀ ਸ਼੍ਰੇਣੀ ਦੇ ਅਧਿਕਾਰੀ ਵੀ ਨਵੇਂ ਕਰਾਰ ’ਚ ਤਨਖਾਹ ’ਚ ਸੋਧ ਦੀ ਮੰਗ ਸਬੰਧੀ ਵਿਰੋਧ ਜਤਾਉਂਦਿਆਂ ਬਿਮਾਰ ਹੋਣ ਦੀ ਸੂਚਨਾ ਦੇ ਰਹੇ ਹਨ। ਚਾਲਕ ਅਮਲਾ ਮੁਹੱਈਆ ਨਾ ਹੋਣ ਅਤੇ ਹੋਰ ਸੰਚਾਲਨ ਕਾਰਨਾਂ ਕਰ ਕੇ ਏਅਰਲਾਈਨ ਵੱਲੋਂ ਸੰਚਾਲਨ ਘਟਾਉਣ ਦੇ ਐਲਾਨ ਤੋਂ ਇੱਕ ਦਿਨ ਬਾਅਦ ਇਹ ਗੱਲ ਸਾਹਮਣੇ ਆਈ ਹੈ।
ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਅੱਜ ਆਖਿਆ ਕਿ ਵਿਸਤਾਰਾ ਦੀਆਂ ਵੱਖ-ਵੱਖ ਉਡਾਣਾਂ ’ਚ ਵਿਘਨ ਦੇ ਮੱਦੇਨਜ਼ਰ ਉਸ ਨੇ ਏਅਰਲਾਈਨ ਵੱਲੋਂ ਰੱਦ ਕੀਤੀਆਂ ਜਾ ਰਹੀਆਂ ਅਤੇ ਦੇਰੀ ਨਾਲ ਚੱਲਣ ਵਾਲੀਆਂ ਉਡਾਣਾਂ ਦੀ ਰੋਜ਼ਾਨਾ ਜਾਣਕਾਰੀ ਤੇ ਵੇਰਵੇ ਦੇਣ ਲਈ ਆਖਿਆ ਹੈ। ਡੀਜੀਸੀਏ ਦੇ ਅਧਿਕਾਰੀ ਉਡਾਣ ਰੱਦ ਹੋਣ ਅਤੇ ਦੇਰੀ ਦੀ ਸਥਿਤੀ ’ਚ ਯਾਤਰੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਲੋੜੀਂਦੀਆਂ ਜ਼ਰੂਰਤਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਹਵਾਬਾਜ਼ੀ ਰੈਗੂਲੇਟਰ ਨੇ ਕਿਹਾ ਕਿ ਇਹ ਯਾਤਰੀਆਂ ਦੀ ਸੁਵਿਧਾ ਯਕੀਨੀ ਬਣਾਉਣ ਲਈ ਹੈ। ਤਨਖਾਹ ਪੈਕੇਜ ’ਚ ਸੋਧ ਦਾ ਵਿਰੋਧ ਕਰ ਰਹੇ ਵਿਸਤਾਰਾ ਏਅਰਲਾਈਨਜ਼ ਦੇ 15 ਪਾਇਲਟਾਂ ਨੇ ਪਿਛਲੇ ਕੁਝ ਦਿਨਾਂ ਅੰਦਰ ਅਸਤੀਫਾ ਦੇ ਦਿੱਤਾ ਹੈ। -ਪੀਟੀਆਈ