ਦੀਵਾਨਾ ਦੀ ਪੰਚਾਇਤ ਦਾ ਸਰਵੋਤਮ ਵਿਕਾਸ ਲਈ ਸਨਮਾਨ
ਲਖਵੀਰ ਸਿੰਘ ਚੀਮਾ
ਟੱਲੇਵਾਲ, 23 ਜੂਨ
ਪਿੰਡ ਦੀਵਾਨਾ ਪੰਚਾਇਤ ਬਰਨਾਲਾ ਜ਼ਿਲ੍ਹੇ ਵਿੱਚੋਂ ਬਿਹਤਰ ਵਿਕਾਸ ਕਾਰਜ ਕਰਨ ਲਈ ਚੁਣੀ ਗਈ ਹੈ। ਕੇਂਦਰ ਸਰਕਾਰ ਵਲੋਂ ਦੀਵਾਨਾ ਪੰਚਾਇਤ ਨੂੰ ਸਰਵੋਤਮ ਵਿਕਾਸ ਕਰਨ ਲਈ ਚੁਣਿਆ ਗਿਆ ਹੈ। ਕੇਂਦਰ ਸਰਕਾਰ ਦੀ ਇਸ ਸਕੀਮ ਤਹਿਤ 7.51 ਲੱਖ ਦੀ ਰਾਸ਼ੀ ਵੀ ਪੰਚਾਇਤ ਨੂੰ ਇਨਾਮ ਵਜੋਂ ਦਿੱਤੀ ਗਈ ਹੈ। ਜਿਸਦਾ ਚੈੱਕ ਅੱਜ ਪੰਚਾਇਤ ਘਰ ਦੀਵਾਨਾ ਵਿਖੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਸਰਪੰਚ ਰਣਧੀਰ ਸਿੰਘ ਦੀਵਾਨਾ ਨੂੰ ਸੌਂਪਿਆ।
ਇਸ ਮੌਕੇ ਵਿਧਾਇਕ ਪੰਡੋਰੀ ਨੇ ਕਿਹਾ ਕਿ ਪਿੰਡ ਦੀਵਾਨਾ ਦੀ ਪੰਚਾਇਤ ਤੋਂ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ, ਕਿਉਂਕਿ ਸਰਕਾਰਾਂ ਦਾ ਕੰਮ ਗ੍ਰਾਂਟਾ ਦੇਣਾ ਹੁੰਦਾ ਹੈ ਅਤੇ ਸਹੀ ਤੇ ਸਮੇਂ ਉਪਰ ਲਗਾਉਣ ਦਾ ਕੰਮ ਪੰਚਾਇਤਾਂ ਦਾ ਹੁੰਦਾ ਹੈ। ਇਸ ਲਈ ਪੰਚਾਇਤਾਂ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਹਿੱਤ ਵਿਕਾਸ ਦੇ ਕੰਮ ਲਗਾਤਾਰ ਜਾਰੀ ਰੱਖਣ। ਇਸ ਮੌਕੇ ਸਰਪੰਚ ਰਣਧੀਰ ਸਿੰਘ ਦੀਵਾਨਾ ਨੇ ਦੱਸਿਆ ਕਿ ਉਕਤ ਇਨਾਮ ਸਮਾਰਟ ਵਿਲੇਜ ਕੰਪੇਨ 1 ਅਤੇ ਫੇਜ਼ 2 ਅਧੀਨ ਪੰਚਾਇਤ ਨੂੰ ਦਿੱਤਾ ਗਿਆ ਹੈ, ਕਿਉਂਕਿ ਕੇਂਦਰ ਦੀ ਉਕਤ ਸਕੀਮ ਤਹਿਤ ਪੰਚਾਇਤ ਵਲੋਂ ਐਸ.ਸੀ ਅਤੇ ਬੀ.ਸੀ ਇਲਾਕਿਆਂ ਵਿਚ ਕਰਵਾਏ ਰਿਕਾਰਡਤੋੜ ਵਿਕਾਸ ਕਰਵਾਏ ਗਏ ਸਨ ਅਤੇ ਲਗਾਤਾਰ ਜਾਰੀ ਹਨ। ਇਸ ਮੌਕੇ ਸਮੁੱਚੀ ਪੰਚਾਇਤ ਵਲੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਪਿੰਡਾਂ ਵੱਖ ਵੱਖ ਮੰਗਾਂ ਸਬੰਧੀ ਮੰਗ ਪੱਤਰ ਦੇਣ ਤੋਂ ਇਲਾਵਾ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।