ਗੁਰੂ ਨਾਨਕ ਦੇਵ ਦੇ ਜੋਤੀ ਜੋਤ ਦਿਵਸ ਸਮਾਗਮਾਂ ਲਈ ਸ਼ਰਧਾਲੂ ਕਰਤਾਰਪੁਰ ਸਾਹਿਬ ਨਤਮਸਤਕ
ਲਾਹੌਰ: ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ 485ਵੇਂ ਜੋਤੀ ਜੋਤ ਦਿਵਸ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਦੁਨੀਆ ਭਰ ਤੋਂ ਆਏ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਕਰਤਾਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਅੱਜ ਤੋਂ ਸ਼ੁਰੂ ਹੋਏ ਤਿੰਨ ਰੋਜ਼ਾ ਧਾਰਮਿਕ ਸਮਾਗਮਾਂ ’ਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਸਥਾਨਕ ਅਤੇ ਵਿਦੇਸ਼ੀ ਸਿੱਖ ਸ਼ਰਧਾਲੂ ਕਰਤਾਰਪੁਰ ਪੁੱਜੇ ਹਨ। ਭਾਰਤੀ ਸ਼ਰਧਾਲੂ ਕਰਤਾਪੁਰ ਲਾਂਘੇ ਰਾਹੀਂ ਸਮਾਗਮਾਂ ’ਚ ਸ਼ਾਮਲ ਹੋਣਗੇ। ਕਰਤਾਰਪੁਰ ਪ੍ਰਾਜੈਕਟ ਪ੍ਰਬੰਧਨ ਇਕਾਈ ਦੇ ਡਿਪਟੀ ਸਕੱਤਰ ਸੈਫੁੱਲਾ ਖੋਖਰ ਨੇ ਦੱਸਿਆ ਕਿ ਕਰੀਬ 500 ਸ਼ਰਧਾਲੂ ਕੈਨੇਡਾ, ਅਮਰੀਕਾ, ਆਸਟਰੇਲੀਆ ਤੇ ਯੂਰਪ ਸਣੇ ਵੱਖ ਵੱਖ ਦੇਸ਼ਾਂ ਤੋਂ ਆਏ ਹਨ। ਭਾਰਤ ਤੋਂ ਕਰੀਬ 1500 ਸ਼ਰਧਾਲੂਆਂ ਦੇ ਕਰਤਾਰਪੁਰ ਲਾਂਘੇ ਰਾਹੀਂ ਆਉਣ ਦੀ ਉਮੀਦ ਹੈ। ਖੋਖਰ ਨੇ ਦੱਸਿਆ, ‘ਬਾਬਾ ਗੁਰੂ ਨਾਨਕ ਦੇ ਪਹਿਲੇ ਮੁਸਲਿਮ ਪੈਰੋਕਾਰ ਭਾਈ ਮਰਦਾਨਾ ਦਾ ਬੁੱਤ ਗੁਰਦੁਆਰਾ ਦਰਬਾਰ ਸਾਹਿਬ ਨੇੜੇ ਸਥਾਪਤ ਕੀਤਾ ਜਾਵੇਗਾ।’
ਉਨ੍ਹਾਂ ਦੱਸਿਆ ਕਿ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਗੁਰੂ ਨਾਨਕ ਬਾਗ ਵਿੱਚ ਲੱਗੇ ਖਜੂਰ ਅਤੇ ਹੋਰ ਫਲਾਂ ਤੋਂ ਤਿਆਰ ਕੀਤਾ ਪ੍ਰਸਾਦ ਦਿੱਤਾ ਜਾਵੇਗਾ। ਤਿੰਨ ਰੋਜ਼ਾ ਸਮਾਗਮਾਂ ਦੀ ਸ਼ੁਰੂਆਤ ਅਖੰਡ ਪਾਠ ਦੇ ਆਰੰਭ ਨਾਲ ਹੋਈ ਅਤੇ ਸ਼ਨਿਚਰਵਾਰ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਪਹਿਲੇ ਘੱਟ ਗਿਣਤੀ ਮਾਮਲਿਆਂ ਦੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਵੀ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਣਗੇ।
ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦਾ ਜਨਮ ਨਨਕਾਣਾ ਸਾਹਿਬ ਵਿਖੇ ਬਾਬਾ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਦੇ ਘਰ ਹੋਇਆ ਸੀ। ਗੁਰੂ ਨਾਨਕ ਦੇਵ ਜੀ ਨੇ 70 ਸਾਲ ਦੀ ਉਮਰ ਵਿੱਚ 22 ਸਤੰਬਰ, 1539 ਨੂੰ ਕਰਤਾਰਪੁਰ ਸਾਹਿਬ ਵਿਖੇ ਆਪਣਾ ਸਰੀਰ ਤਿਆਗਿਆ ਸੀ।