ਸਰਾਵਾਂ ਦੀ ਬੁਕਿੰਗ ਸਬੰਧੀ ਸ਼ਰਧਾਲੂਆਂ ਨਾਲ ਮਾਰੀ ਜਾ ਰਹੀ ਹੈ ਠੱਗੀ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਜੂਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨਾਲ ਸਰਾਵਾਂ ਦੀ ਬੁਕਿੰਗ ਨੂੰ ਲੈ ਕੇ ਮਾਰੀ ਜਾ ਰਹੀ ਠੱਗੀ ਸਬੰਧੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਾਣਕਾਰੀ ਅਨੁਸਾਰ ਕੁਝ ਲੋਕਾਂ ਵੱਲੋਂ ਆਨਲਾਈਨ ਵਿਧੀ ਰਾਹੀਂ ਸਰਾਵਾਂ ਬੁਕਿੰਗ ਕਰਾਉਣ ਦੇ ਨਾਂ ਹੇਠ ਸ਼ਰਧਾਲੂਆਂ ਨਾਲ ਠੱਗੀ ਮਾਰੀ ਜਾ ਰਹੀ ਹੈ। ਇਸ ਸਬੰਧੀ ਠੱਗਾਂ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਵਿੱਚ ਬੁਕਿੰਗ ਵਾਸਤੇ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਵਾਲੀਆਂ ਫਰਜ਼ੀ ਵੈੱਬਸਾਈਟਾਂ ਬਣਾਈਆਂ ਹੋਈਆਂ ਹਨ। ਇਹ ਲੋਕ ਸ਼ਰਧਾਲੂਆਂ ਨੂੰ ਜਾਅਲੀ ਪੋਰਟਲ ਰਾਹੀਂ ਅਗਾਊਂ ਰਕਮ ਦਾ ਭੁਗਤਾਨ ਕਰਨ ਲਈ ਆਖਦੇ ਹਨ ਅਤੇ ਮਗਰੋਂ ਆਪਣਾ ਫੋਨ ਨੰਬਰ ਬੰਦ ਕਰ ਦਿੰਦੇ ਹਨ। ਇਸ ਸਬੰਧੀ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਹ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ। ਸ਼੍ਰੋਮਣੀ ਕਮੇਟੀ ਦੇ ਸਰਾਵਾਂ ਸਬੰਧੀ ਮੈਨੇਜਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੇ ਅੱਠ ਤੋਂ 10 ਠੱਗੀ ਵਾਲੇ ਮਾਮਲੇ ਉਨ੍ਹਾਂ ਦੇ ਧਿਆਨ ਵਿੱਚ ਆਏ ਹਨ। ਠੱਗਾਂ ਵੱਲੋਂ ਸ਼ਰਧਾਲੂਆਂ ਨੂੰ ਆਨਲਾਈਨ ਸਰਾਵਾਂ ਬੁਕਿੰਗ ਕਰਾਉਣ ਦੇ ਨਾਂ ਹੇਠ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਸੂਚਨਾ ਟੈਕਨਾਲੋਜੀ ਵਿਭਾਗ ਦੀ ਟੀਮ ਵੱਲੋਂ ਵੀ ਆਪਣੇ ਪੱਧਰ ’ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿੱਚ ਸਾਹਮਣੇ ਆਇਆ ਹੈ ਕਿ ਇਹ ਜਾਅਲੀ ਵੈੱਬ ਪੋਰਟਲ ਕਿਸੇ ਵਿਅਕਤੀ ਵੱਲੋਂ ਅਯੁੱਧਿਆ ਤੋਂ ਚਲਾਇਆ ਜਾ ਰਿਹਾ ਸੀ। ਉਸ ਵੱਲੋਂ ਇੱਕ ਫੋਨ ਨੰਬਰ ਵੀ ਦਿੱਤਾ ਹੋਇਆ ਸੀ ਜਿਸ ’ਤੇ ਹੁਣ ਕੋਈ ਵੀ ਹੁੰਗਾਰਾ ਨਹੀਂ ਮਿਲ ਰਿਹਾ। ਪੁਲੀਸ ਦੇ ਡਿਪਟੀ ਕਮਿਸ਼ਨਰ ਆਲਮ ਵਿਜੈ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।