ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਗਵਾਨ ਵਾਲਮੀਕਿ ਪੈਨੋਰਮਾ ਲੋਕਾਂ ਨੂੰ ਸਮਰਪਿਤ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਾਲਮੀਕਿ ਜੈਅੰਤੀ ਮੌਕੇ ਸਥਾਨਕ ਰਾਮ ਤੀਰਥ ਵਿਖੇ ਅਤਿ-ਆਧੁਨਿਕ ‘ਭਗਵਾਨ ਵਾਲਮੀਕਿ ਜੀ ਪੈਨੋਰਮਾ’ ਲੋਕਾਂ ਨੂੰ ਸਮਰਪਿਤ ਕੀਤਾ। ਉਹ ਅੱਜ ਇੱਥੇ ਵਾਲਮੀਕਿ ਤੀਰਥ ਸਥਲ ਵਿਖੇ ਨਤਮਸਤਕ ਹੋਣ ਪੁੱਜੇ ਸਨ। ਰਾਮ ਤੀਰਥ ਵਿਖੇ ਮੱਥਾ ਟੇਕਣ ਮਗਰੋਂ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਪੈਨੋਰਮਾ ਪੰਜਾਬ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਨੂੰ ਸ਼ਰਧਾਂਜਲੀ ਹੈ। ਪੈਨੋਰਮਾ ਕੰਪਲੈਕਸ 9 ਏਕੜ ਵਿੱਚ ਬਣਾਇਆ ਗਿਆ ਹੈ ਤੇ ਇਸ ਦੀ ਉਸਾਰੀ 32.78 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੈਨੋਰਮਾ ਭਗਵਾਨ ਵਾਲਮੀਕਿ ਨੂੰ ਸਮਰਪਿਤ ਹੈ, ਜੋ ਮਹਾਕਾਵਿ ਦੀਆਂ ਤੁਕਾਂ ਨਾਲ ਉਨ੍ਹਾਂ ਦੇ ਜੀਵਨੀ ਨੂੰ ਦਰਸਾਉਂਦਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਭਗਵਾਨ ਵਾਲਮੀਕਿ ਪੈਨੋਰਮਾ ਮਹੱਤਵਪੂਰਨ ਸੱਭਿਆਚਾਰਕ ਅਤੇ ਇਤਿਹਾਸਕ ਸੁਮੇਲ ਹੈ। ਇਸ ਨਾਲ ਉਨ੍ਹਾਂ ਦੇ ਜੀਵਨ ਤੇ ਯੋਗਦਾਨ ਅਤੇ ਰਾਮਾਇਣ ਦੇ ਮਹਾਕਾਵਿ ਵਿੱਚ ਦਿਲਚਸਪੀ ਰੱਖਣ ਵਾਲੇ ਸੈਲਾਨੀ ਆਕਰਸ਼ਿਤ ਹੋਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਪਹਿਲਕਦਮੀ ਨਾ ਸਿਰਫ਼ ਸੱਭਿਆਚਾਰਕ ਵਿਰਸੇ ਨੂੰ ਸੰਭਾਲੇਗੀ ਅਤੇ ਉਤਸ਼ਾਹਿਤ ਕਰੇਗੀ, ਸਗੋਂ ਆਉਣ ਵਾਲੇ ਲੋਕਾਂ ਲਈ ਵਿਦਿਅਕ ਅਨੁਭਵ ਵੀ ਮੁਹੱਈਆ ਕਰਵਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਸੰਸਕ੍ਰਿਤ ਭਾਸ਼ਾ ਦੇ ‘ਪਿਤਾਮਾ’ ਅਤੇ ਵਿਸ਼ਵ ਦੇ ਪਹਿਲੇ ਕਵੀ ਸਨ, ਜਿਨ੍ਹਾਂ ਨੇ ਆਪਣੀ ਅਮਰ ਅਤੇ ਮਹਾਨ ਰਚਨਾ ‘ਰਾਮਾਇਣ’ ਰਾਹੀਂ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਪਵਿੱਤਰ ਅਸਥਾਨ ਦੇ ਵਿਆਪਕ ਵਿਕਾਸ ਲਈ ਸਾਧਨ ਜੁਟਾਉਣ ਲਈ ਵਚਨਬੱਧ ਹੈ। ਇਸ ਅਸਥਾਨ ਦੇ ਹੋਰ ਸੁੰਦਰੀਕਰਨ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ ਤਾਂ ਜੋ ਭਗਵਾਨ ਵਾਲਮੀਕਿ ਦੇ ਜੀਵਨ ਅਤੇ ਫ਼ਲਸਫ਼ੇ ਦਾ ਪ੍ਰਚਾਰ ਹੋ ਸਕੇ। ਸੂਬਾ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਉਣ ਲਈ ਭਗਵਾਨ ਵਾਲਮੀਕਿ ਜੀ ਦੇ ਨਕਸ਼ੇ ਕਦਮਾਂ ’ਤੇ ਚੱਲ ਰਹੀ ਹੈ।
32.78 ਕਰੋੜ ਨਾਲ ਉਸਾਰੇ ਪੈਨੋਰਮਾ ’ਚ 14 ਗੈਲਰੀਆਂ
ਭਗਵਾਨ ਵਾਲਮੀਕਿ ਪੈਨੋਰਮਾ ’ਚ ਕੁੱਲ 14 ਗੈਲਰੀਆਂ ਹਨ ਅਤੇ ਹਰੇਕ ਗੈਲਰੀ ਉਨ੍ਹਾਂ ਦੇ ਜੀਵਨ ਅਤੇ ਰਾਮਾਇਣ ਦੇ ਵਿਸ਼ੇਸ਼ ਪਹਿਲੂ ਨੂੰ ਸਮਰਪਿਤ ਹੈ। ਇਨ੍ਹਾਂ 14 ’ਚ ਭਗਵਾਨ ਵਾਲਮੀਕਿ ਦਾ ਜਨਮ ਅਤੇ ਮੁੱਢਲਾ ਜੀਵਨ, ਆਦਿ ਕਵੀ (ਪਹਿਲੇ ਕਵੀ), ਪਹਿਲਾ ਮਹਾਂਕਾਵਿ, ਰਾਮਾਇਣ ਦੀ ਰਚਨਾ, ਰਾਮਾਇਣ ਦੀਆਂ ਵਿਸ਼ੇਸ਼ਤਾਵਾਂ, ਮਾਤਾ ਸੀਤਾ ਅਤੇ ਲਵ ਕੁਸ਼, ਯੋਗੇਸ਼ਵਰ ਅਤੇ ਸੰਗੀਤੇਸ਼ਵਰ ਅਤੇ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ਸ਼ਾਮਲ ਹਨ।
ਸਫ਼ਾਈ ਕਾਮਿਆਂ ਨੂੰ ਪੱਕਾ ਕਰਨ ਲਈ ਉੱਚ ਪੱਧਰੀ ਕਮੇਟੀ ਕਾਇਮ: ਮੁੱਖ ਮੰਤਰੀ
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਫ਼ਾਈ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਲਈ ਨੀਤੀ ’ਤੇ ਵਿਚਾਰ ਕਰ ਰਹੀ ਹੈ। ਇਸ ਮੰਤਵ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਜਾ ਚੁੱਕਾ ਹੈ ਅਤੇ ਜਲਦੀ ਹੀ ਇਸ ਲਈ ਵਿਹਾਰਕ ਵਿਧੀ ਤਿਆਰ ਕੀਤੀ ਜਾਵੇਗੀ। ਸੂਬਾ ਸਰਕਾਰ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਪ੍ਰਣਾਲੀ ਨੂੰ ਸੁਰਜੀਤ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸੂਬੇ ਭਰ ਵਿੱਚ ਸਕੂਲ ਆਫ਼ ਐਮੀਨੈਂਸ ਸਥਾਪਤ ਕੀਤੇ ਹਨ ਅਤੇ ਇਸੇ ਤਰ੍ਹਾਂ ਸਰਕਾਰੀ ਸਿਹਤ ਸੰਭਾਲ ਪ੍ਰਣਾਲੀ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਪਹਿਲਾਂ ਹੀ 860 ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਨੇ ਦੋ ਕਰੋੜ ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਹੈ।