ਦੇਵੀਗੜ੍ਹ ਵਾਸੀਆਂ ਨੂੰ ਮਿਲੇਗਾ ਆਧੁਨਿਕ ਬੱਸ ਅੱਡਾ
ਸੁਰਿੰਦਰ ਸਿੰਘ ਚੌਹਾਨ/ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 31 ਜੁਲਾਈ
ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਦੇਵੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦੀ ਮੌਜੂਦਗੀ ਵਿੱਚ 90 ਲੱਖ ਨਾਲ ਬਣਨ ਵਾਲੇ ਆਧੁਨਿਕ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ। ਸ੍ਰੀ ਪਠਾਣਮਾਜਰਾ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਬਿਨਾਂ ਨਵਾਂ ਬੱਸ ਅੱਡਾ ਪਾਸ ਕੀਤਿਆਂ ਪੁਰਾਣੇ ਬੱਸ ਅੱਡੇ ਨੂੰ ਢਾਹ ਦਿੱਤਾ ਗਿਆ ਸੀ। ਇਸ ਕਾਰਨ ਦੇਵੀਗੜ੍ਹ ਸਣੇ ਨੇੜਲੇ ਵਸਨੀਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਬ-ਡਿਵੀਜ਼ਨ ਦੂਧਨਸਾਧਾਂ ਦੀ ਇਮਾਰਤ ਲਈ ਪੰਜ ਕਰੋੜ ਤੇ ਦੇਵੀਗੜ੍ਹ ਦੇ ਨਵੇਂ ਬਣਨ ਵਾਲੇ ਬੱਸ ਅੱਡੇ ਲਈ 90 ਲੱਖ ਰੁਪਏ ਦਿੱਤੇ ਗਏ ਹਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਦੀ ਪਹਿਲੀ ਕਿਸ਼ਤ 33 ਲੱਖ ਰੁਪਏ ਜਾਰੀ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਇਹ ਬੱਸ ਅੱਡਾ ਜਲਦੀ ਬਣ ਕੇ ਤਿਆਰ ਹੋ ਜਾਵੇਗਾ। ਦੇਵੀਗੜ੍ਹ ਵਿੱਚ ਸੜਕਾਂ ਦੇ ਆਲੇ-ਦੁਆਲੇ ਬਲਾਕ ਟਾਈਲਜ਼ ਸਣੇ ਕੈਮਰੇ, ਸਟਰੀਟ ਲਾਈਟਾਂ ਅਤੇ ਸਾਫ਼-ਸਫ਼ਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਬੱਸ ਅੱਡੇ ਵਿੱਚ ਸਵਾਰੀਆਂ ਲਈ ਲੋੜੀਦੀਆਂ ਸਾਰੀਆਂ ਸਹੂਲਤਾਂ ਮਿਲਣਗੀਆਂ।
ਮੁੱਖ ਮੰਤਰੀ ਦੀ ਪਤਨੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਵਿਧਾਇਕ ਪਠਾਣਮਾਜਰਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਹੜ੍ਹਾਂ ਦੌਰਾਨ ਨੁਕਸਾਨੀ ਪਟਿਆਲਾ-ਪਿਹੋਵਾ ਸੜਕ, ਰੌਹੜ ਜਗੀਰ ਤੇ ਟਾਂਗਰੀ ਨਦੀਆਂ ਦਾ ਦੌਰਾ ਵੀ ਕੀਤਾ। ਇਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਸਰਕਾਰ ਵੱਲੋਂ ਪੀੜਤਾਂ ਨੂੰ ਮੁਆਵਜ਼ਾ ਰਕਮ ਜਲਦੀ ਦਿੱਤੀ ਜਾਵੇਗੀ। ਇਸ ਮੌਕੇ ਡਾ. ਓਂਕਾਰ ਸਿੰਘ, ਗੁਰਮੀਤ ਸਿੰਘ ਬਿੱਟੂ, ਮਨਿੰਦਰ ਸਿੰਘ ਫਰਾਂਸਵਾਲਾ, ਗੁਰਬਚਨ ਸਿੰਘ ਵਿਰਕ, ਹਰਦੇਵ ਸਿੰਘ ਘੜਾਮ, ਬਲਜਿੰਦਰ ਸਿੰਘ ਨੰਦਗੜ੍ਹ, ਗੁਰਪ੍ਰੀਤ ਗੂਰੀ, ਸਿਮਰਜੀਤ ਸਿੰਘ ਸੋਹਲ, ਰਾਜਾ ਧੰਜੂ, ਗੋਰਵ ਬਬਾ ਸਣੇ ਵੱਡੀ ਗਿਣਤੀ ਇਲਾਕਾ ਵਾਸੀ ਮੌਜੂਦ ਸਨ।