ਦੇਵੀਗੜ੍ਹ: ਕਾਗਜ਼ ਭਰਨ ਤੋਂ ਰੋਕਣ ’ਤੇ ਕਾਂਗਰਸੀਆਂ ਵੱਲੋਂ ਘੱਗਰ ਪੁਲ ਜਾਮ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 12 ਦਸੰਬਰ
ਕਸਬਾ ਦੇਵੀਗੜ੍ਹ ਦੀ ਨਵੀਂ ਬਣੀ ਨਗਰ ਪੰਚਾਇਤ ਦੀ ਚੋਣ ਪਹਿਲੀ ਵਾਰ ਹੋ ਰਹੀ ਹੈ ਜਿੱਥੇ ਨਗਰ ਪੰਚਾਇਤ ਚੋਣ ਲਈ ਕਾਗਜ਼ ਭਰਨ ਦਾ ਆਖ਼ਰੀ ਦਿਨ ਸੀ। ਇਸ ਦੌਰਾਨ ਕਾਂਗਰਸੀ ਆਗੂਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ‘ਆਪ’ ਆਗੂਆਂ ਨੇ ਉਨ੍ਹਾਂ ਨੂੰ ਕਾਗਜ਼ ਭਰਨ ਲਈ ਅੰਦਰ ਨਹੀਂ ਜਾਣ ਦਿੱਤਾ ਗਿਆ, ਜਿਸ ਦੇ ਵਿਰੋਧ ਵਿੱਚ ਕਾਂਗਰਸੀ ਵਰਕਰਾਂ ਨੇ ਅੱਜ ਦੇਵੀਗੜ੍ਹ ਨੇੜੇ ਘੱਗਰ ਦਰਿਆ ਦੇ ਪੁੱਲ ’ਤੇ ਪਟਿਆਲਾ-ਪਹੇਵਾ ਰਾਜ ਮਾਰਗ ’ਤੇ ਜਾਮ ਲਾ ਦਿੱਤਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਹ ਜਾਮ ਇੱਕ ਘੰਟਾ ਜਾਰੀ ਰਿਹਾ।
ਇਸ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਵੀ ਪਹੁੰਚ ਗਏ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਨੇਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਕਾਗਜ਼ ਭਰਨ ਤੋਂ ਰੋਕਿਆ ਗਿਆ ਅਤੇ ਕਈ ਉਮੀਦਵਾਰਾਂ ਦੇ ਕਾਗਜ਼ ਪਾੜ ਦਿੱਤੇ ਗਏ ਅਤੇ ਇੱਕ ਉਮੀਦਵਾਰ ਦੀ ਕੁੱਟਮਾਰ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਦਾ ਖਮਿਆਜ਼ਾ ‘ਆਪ’ ਨੂੰ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ। ਇਸ ਮੌਕੇ ਉਨ੍ਹਾਂ ਚੋਣ ਦੇ ਬਾਈਕਾਟ ਦਾ ਐਲਾਨ ਵੀ ਕੀਤਾ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਭੁਨਰਹੇੜੀ ਹਰਵੀਰ ਸਿੰਘ ਥਿੰਦ, ਤਿਲਕ ਰਾਜ ਸ਼ਰਮਾ, ਅਸ਼ਵਨੀ ਸ਼ਰਮਾ, ਮਹਿਕ ਗਰੇਵਾਲ ਨੈਣਾ, ਡਾ. ਰਣਜੀਤ ਸਿੰਘ ਸੰਧੂ, ਵਿੱਕੀ ਸ਼ਰਮਾ, ਦਲੀਪ ਸ਼ਰਮਾ, ਰਣਧੀਰ ਸਿੰਘ ਕਪੂਰੀ, ਗੁਰਿੰਦਰਪਾਲ ਸਿੰਘ ਬਾਵਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਆਗੂ ਤੇ ਵਰਕਰ ਮੌਜੂਦ ਸਨ।
ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ: ਵਿਧਾਇਕ ਪਠਾਣਮਾਜਰਾ
ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਅਜਿਹਾ ਕੋਈ ਧੱਕਾ ਕਿਸੇ ਨਾਲ ਨਹੀਂ ਕੀਤਾ। ਦੂਜੀਆਂ ਰਵਾਇਤੀ ਪਾਰਟੀਆਂ ਦਾ ਕੋਈ ਵੀ ਉਮੀਦਵਾਰ ਕਾਗਜ਼ ਦਾਖ਼ਲ ਕਰਨ ਨਹੀਂ ਪੁੱਜਾ। ਉਨ੍ਹਾਂ ਵੱਲੋਂ ਲਾਏ ਜਾ ਰਹੇ ਧੱਕੇਸ਼ਾਹੀ ਦੇ ਇਲਜ਼ਾਮ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਸਨ।