ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਬੱਡੀ ਮੇਲਿਆਂ ਦਾ ਸ਼ਿੰਗਾਰ ਸੀ ਦੇਵੀ ਦਿਆਲ

11:33 AM Jan 21, 2024 IST
ਦੇਵੀ ਦਿਆਲ ਨਾਲ ਲੇਖਕ ਦੀ ਯਾਦਗਾਰੀ ਤਸਵੀਰ। ਫ਼ੋਟੋ: ਲੇਖਕ

ਸਰਵਣ ਸਿੰਘ

ਸ਼ਰਧਾਂਜਲੀ

ਬੜਾ ਅਫ਼ਸੋਸ ਹੈ, ਦੇਵੀ ਦਿਆਲ ਵੀ ਸਰਵਣ ਰਮੀਦੀ ਦੇ ਰਾਹ ਤੁਰ ਗਿਆ। ਦੋਵੇਂ ਕਬੱਡੀ ਦੇ ਧੁਨੰਤਰ ਖਿਡਾਰੀ ਤੇ ਕਬੱਡੀ ਦੇ ਮੁੱਢਲੇ ਕੋਚ ਸਨ। ਕਬੱਡੀ ਮੇਲਿਆਂ ਵਿੱਚ ਦੇਵੀ ਦਿਆਲ ਦੀ ਝੰਡੀ ਹੁੰਦੀ ਸੀ। ਉਹ ਵੀਹ ਸਾਲ ਤੇਜ਼-ਤਰਾਰ ਕਬੱਡੀ ਖੇਡਿਆ। 1967 ਵਿੱਚ ਮੈਂ ਉਸ ਨੂੰ ਪਹਿਲੀ ਵਾਰ ਸਮਰਾਲੇ ਕਾਲਜ ਦੇ ਖੇਡ ਮੈਦਾਨ ਵਿੱਚ ਵੇਖਿਆ ਸੀ। ਉੱਥੇ ਅਸੀਂ ਢੁੱਡੀਕੇ ਕਾਲਜ ਦੀ ਟੀਮ ਲੈ ਕੇ ਗਏ ਸਾਂ। ਉਦੋਂ ਉਹ ਬੀ.ਏ. ਦਾ ਵਿਦਿਆਰਥੀ ਸੀ। ਸੂਰਜ ਦੀ ਲਿਸ਼ਕੋਰ ਵਿੱਚ ਉਹਦਾ ਭਖਿਆ ਹੋਇਆ ਗੋਰਾ ਰੰਗ ਲਾਟ ਵਾਂਗ ਜਗ ਰਿਹਾ ਸੀ। ਉਹ ਏਨਾ ਫੁਰਤੀਲਾ ਤੇ ਤਕੜਾ ਨਿਕਲਿਆ ਕਿ ਉਸ ਨੇ ਸਾਡੇ ਜਾਫੀਆਂ ਨੂੰ ਅਸਲੋਂ ਰੋਲ ਦਿੱਤਾ। ਉਹਦੇ ਸਡੌਲ ਸਰੀਰ ਵਰਗਾ ਜੁੱਸਾ ਸ਼ਾਇਦ ਹੀ ਕਿਸੇ ਹੋਰ ਕਬੱਡੀ ਖਿਡਾਰੀ ਦਾ ਹੋਵੇ। ਪੌਣੇ ਛੇ ਫੁੱਟ ਕੱਦ, ਪਚਾਸੀ ਕਿੱਲੋ ਵਜ਼ਨ ਤੇ ਗੋਲ ਗੁੰਦਵੇਂ ਪੱਠਿਆਂ ਵਾਲਾ ਗੋਰਾ ਨਿਛੋਹ ਬਦਨ। ਪੱਟਾਂ ਦੀਆਂ ਘੁੱਗੀਆਂ ਤੇ ਡੌਲਿਆਂ ਦੀਆਂ ਮੱਛਲੀਆਂ ਰਾਹ ਜਾਂਦਿਆਂ ਤੋਂ ਸਿਫ਼ਤਾਂ ਕਰਾਉਂਦੀਆਂ। ਉਹ ਤੇਜ਼ੀ ਨਾਲ ਕਬੱਡੀ ਪਾਉਂਦਾ ਜਿਵੇਂ ਸੌ ਮੀਟਰ ਦੀ ਦੌੜ ਲਾ ਰਿਹਾ ਹੋਵੇ। ਜਾਫੀਆਂ ਕੋਲ ਜਾ ਕੇ ਇੱਕ ਦੋ ਨਿੱਕੀਆਂ ਨਿੱਕੀਆਂ ਚੁੰਗੀਆਂ ਭਰਦਾ ਤੇ ਬਿਜਲੀ ਦੇ ਕਰੰਟ ਵਾਂਗ ਜਾਫੀ ਨੂੰ ਛੋਹ ਕੇ ਪੰਦਰਾਂ ਸਕਿੰਟਾਂ ’ਚ ਹੀ ਆਪਣੇ ਪਾੜੇ ਪਰਤ ਆਉਂਦਾ। ਦੇਵੀ ਦਿਆਲ ਨੂੰ ਰੋਕਣਾ ਰਾਕੇਟ ਨੂੰ ਹੱਥ ਪਾਉਣਾ ਸੀ!
ਦੇਵੀ ਦਿਆਲ ਦਾ ਜਨਮ 2 ਦਸੰਬਰ 1947 ਨੂੰ ਪਿੰਡ ਕੁੱਬਾ ਤਹਿਸੀਲ ਸਮਰਾਲਾ ਵਿੱਚ ਹੋਇਆ ਸੀ। ਉਹ ਅੱਠਵੀਂ ਤੱਕ ਆਪਣੇ ਪਿੰਡ ਪੜ੍ਹਿਆ ਤੇ ਦਸਵੀਂ ਖ਼ਾਲਸਾ ਸਕੂਲ ਘੁਲਾਲ ਤੋਂ ਕੀਤੀ। ਕਬੱਡੀ ਦੇ ਖਿਡਾਰੀ ਆਮ ਕਰਕੇ ਦਸ ਬਾਰਾਂ ਜਮਾਤਾਂ ਪੜ੍ਹਦੇ ਹਨ, ਪਰ ਦੇਵੀ ਦਿਆਲ ਨੇ ਐੱਮ.ਏ. ਪਾਸ ਕੀਤੀ। ਮਾਲਵਾ ਕਾਲਜ, ਸਮਰਾਲਾ ਪਿੱਛੋਂ ਉਹ ਸਰਕਾਰੀ ਕਾਲਜ, ਲੁਧਿਆਣਾ ਤੇ ਡੀ.ਏ.ਵੀ. ਕਾਲਜ, ਜਲੰਧਰ ’ਚ ਪੜ੍ਹਿਆ ਜਿੱਥੇ ਕਬੱਡੀ ਦੀਆਂ ਟਰਾਫੀਆਂ ਜਿਤਾਉਂਦਾ ਰਿਹਾ। ਉਹਦੇ ਨਾਂ ਦੀ ਇੰਨੀ ਦਹਿਸ਼ਤ ਸੀ ਕਿ ਮੈਚ ਤੋਂ ਪਹਿਲਾਂ ਹੀ ਵਿਰੋਧੀ ਖਿਡਾਰੀ ਦਿਲ ਛੱਡ ਜਾਂਦੇ।
ਉਹਦੀ ਗੁੱਡੀ ਕਿਲਾ ਰਾਏਪੁਰ ਦੀਆਂ ਖੇਡਾਂ ਵਿੱਚ ਚੜ੍ਹੀ ਸੀ। ਐਟਮ ਬੰਬ ਕਹਾਉਂਦਾ ਤੋਖੀ ਉਦੋਂ ਢਲ਼ ਰਿਹਾ ਸੀ, ਪਰ ਦੇਵੀ ਚੜ੍ਹ ਰਿਹਾ ਸੀ। 1973 ਵਿੱਚ ਇੰਗਲੈਂਡ ਦੀ ਟੀਮ ਪੰਜਾਬ ਵਿੱਚ ਕਬੱਡੀ ਮੈਚ ਖੇਡਣ ਆਈ ਤਾਂ ਪਹਿਲਾ ਟੈਸਟ ਮੈਚ ਵਾਰ ਹੀਰੋਜ਼ ਸਟੇਡੀਅਮ, ਸੰਗਰੂਰ ਵਿੱਚ ਖੇਡਿਆ ਗਿਆ। ਕਬੱਡੀ ਉਦੋਂ ਸਾਹ ਨਾਲ ਪਾਈ ਜਾਂਦੀ ਸੀ। ਦੇਵੀ ਨੇ ਪਹਿਲੀ ਕਬੱਡੀ ਪਾਈ ਤਾਂ ਇੰਗਲੈਂਡ ਦੇ ਜਾਫੀ ਹਿੰਮਤ ਸੋਹੀ ਨੇ ਉਸ ਦੇ ਵੱਟ ਕੇ ਧੌਲ ਮਾਰੀ ਜੋ ਉਹਦੀ ਪੁੜਪੁੜੀ ਵਿੱਚ ਵੱਜੀ। ਉਹ ਘੁਮੇਟਣੀ ਖਾ ਕੇ ਡਿੱਗ ਪਿਆ ਤੇ ਮੈਚ ਖੇਡਣ ਦੇ ਕਾਬਲ ਨਾ ਰਿਹਾ। ਇੰਗਲੈਂਡ ਦੀ ਟੀਮ 62-60 ਅੰਕਾਂ ਨਾਲ ਮੈਚ ਜਿੱਤੀ। ਜੇਕਰ ਉਹ ਖੇਡਣੋਂ ਆਰੀ ਨਾ ਹੁੰਦਾ ਤਾਂ ਨਤੀਜਾ ਹੋਰ ਹੀ ਹੁੰਦਾ।
ਫਿਰ ਉਹ ਪੰਜਾਬ ਦੀ ਟੀਮ ਨਾਲ ਇੰਗਲੈਂਡ ਕਬੱਡੀ ਖੇਡਣ ਗਿਆ। ਮਾਰਚ ਪਾਸਟ ਵੇਲੇ ਖਿਡਾਰੀਆਂ ਦੇ ਪੱਗਾਂ ਬੱਧੀਆਂ ਸਨ। ਦੇਵੀ ਦਿਆਲ ਵੀ ਗੁਲਾਬੀ ਪੱਗ ਬੰਨ੍ਹ ਕੇ ਢੁੱਕਾ। ਦਰਸ਼ਕ ਵਾਰ ਵਾਰ ਪੁੱਛਦੇ, “ਇਨ੍ਹਾਂ ’ਚ ਦੇਵੀ ਦਿਆਲ ਕਿਹੜਾ ਹੋਇਆ ਬਈ?’’ ਪੱਗ ਨਾਲ ਉਹ ਦੇਵੀ ਨੂੰ ਦੇਵੀ ਦਿਆਲ ਨਹੀਂ ਸਨ ਸਮਝ ਰਹੇ। ਉਹ ਵਾਰ ਵਾਰ ਆਖਦੇ, “ਇਹ ਤਾਂ ਨਕਲੀ ਦੇਵੀ ਦਿਆਲ ਆ। ਸਾਨੂੰ ਅਸਲੀ ਦੇਵੀ ਦਿਆਲ ਦਿਖਾਓ!”
ਆਖ਼ਰ ਦੇਵੀ ਦਿਆਲ ਨੇ ਪੱਗ ਉਤਾਰੀ ਤੇ ਅਸਲੀ ਨਕਲੀ ਦਾ ਭੁਲੇਖਾ ਦੂਰ ਕੀਤਾ। ਉਨ੍ਹਾਂ ਦਿਨਾਂ ’ਚ ਉਹ ਢੁੱਡੀਕੇ ਦੇ ਖੇਡ ਮੇਲੇ ਵਿੱਚ ਕਬੱਡੀ ਖੇਡਣ ਆਇਆ ਤਾਂ ਮੈਨੂੰ ਇੰਗਲੈਂਡ ਦੀਆਂ ਗੱਲਾਂ ਦੱਸਣ ਲੱਗਿਆ। ਆਖਣ ਲੱਗਾ, “ਪ੍ਰੋਫੈਸਰ ਸਾਹਿਬ, ਇੱਥੇ ਤਾਂ ਸੁੱਕੇ ਹੱਡ ਰਗੜਾਈ ਦੇ ਆ। ਕਬੱਡੀ ਖੇਡਣ ਦੀ ਲੱਜ਼ਤ ਤਾਂ ਇੰਗਲੈਂਡ ਵਿੱਚ ਆਉਂਦੀ ਆ। ਉੱਥੋਂ ਮੈਨੂੰ ਪੰਜ ਹਜ਼ਾਰ ਪੌਂਡ ਮਿਲੇ। ਉੱਥੇ ਤਾਂ ਕਿਸੇ ਕਬੱਡੀ ਖਿਡਾਰੀ ਦਾ ਵਿਆਹ ਮੰਗਣਾ ਵੀ ਹੋਵੇ ਤਾਂ ਹਜ਼ਾਰ ਹਜ਼ਾਰ ਪੌਂਡ ਸ਼ਗਨਾਂ ਦੇ ਈ ਹੋ ਜਾਂਦੇ ਆ। ਮੈਂ ਤਾਂ ਖ਼ੈਰ ਵਿਆਹਿਆ ਹੋਇਆ ਸੀ। ਇੰਗਲੈਂਡ ’ਚ ਮੈਨੂੰ ਕਈ ਮਾਪਿਆਂ ਨੇ ਕਿਹਾ, ‘ਕਬੱਡੀ ਦੇ ਚੰਗੇ ਖਿਡਾਰੀਆਂ ਦੀ ਦੱਸ ਪਾ, ਅਸੀਂ ਧੀਆਂ ਵਿਆਹੁਣ ਨੂੰ ਤਿਆਰ ਆਂ’!”
1970 ਵਿੱਚ ਉਹ ਪੰਜਾਬ ਪੰਚਾਇਤੀ ਰਾਜ ਖੇਡ ਪ੍ਰੀਸ਼ਦ ਦਾ ਕਬੱਡੀ ਕੋਚ ਬਣ ਗਿਆ ਸੀ। 2005 ਵਿੱਚ ਜ਼ਿਲ੍ਹਾ ਖੇਡ ਅਫਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ। 1974 ਵਿੱਚ ਪੰਜਾਬ ਦੀ ਜਿਹੜੀ ਟੀਮ ਵਲਾਇਤ ਕਬੱਡੀ ਖੇਡਣ ਗਈ ਉਹਦਾ ਉਹ ਮੀਤ ਕਪਤਾਨ ਸੀ। ਇੰਗਲੈਂਡ ਨੂੰ ਬੀਅਰ (ਸ਼ਰਾਬ) ਦਾ ਘਰ ਕਿਹਾ ਜਾਂਦਾ ਹੈ, ਉੱਥੇ ਵੀ ਦੇਵੀ ਦਿਆਲ ਬੀਅਰ ਪੀਣੋਂ ਬਚਿਆ ਰਿਹਾ ਸੀ। ਮੈਂ ਉਸ ਦੇ ਸੋਹਣੇ ਪਾਲੇ ਹੋਏ ਜੁੱਸੇ ਦਾ ਰਾਜ਼ ਜਾਣਨ ਲਈ ਉਸ ਦੀ ਖਾਧ ਖੁਰਾਕ ਪੁੱਛੀ ਤਾਂ ਉਹਨੇ ਦੱਸਿਆ ਸੀ ਕਿ ਉਹ ਦੁੱਧ ਅਤੇ ਫਲਾਂ ਦਾ ਜੂਸ ਪੀਂਦਾ ਹੈ। ਆਂਡੇ ਤੇ ਮੀਟ ਖਾ ਲੈਂਦਾ ਹੈ। ਮੁੱਠੀ ਭਰ ਬਦਾਮ ਵੀ ਚੱਬਦਾ ਹੈ। ਮੈਂ ਆਖਿਆ, “ਬਦਾਮ ਤਾਂ ਬਹੁਤ ਮਹਿੰਗੇ ਹੁੰਦੇ ਹਨ।” ਉਸ ਦਾ ਜਵਾਬ ਸੀ, “ਸ਼ਰਾਬ ਨਾਲੋਂ ਤਾਂ ਫੇਰ ਵੀ ਸਸਤੇ ਪੈਂਦੇ ਹਨ।”
ਜਦੋਂ ਉਹ ਸੇਵਾਮੁਕਤ ਹੋ ਕੇ ਕੁੱਬੇ ਦੇ ਵਰਿਆਮ ਸਟੇਡੀਅਮ ਵਿੱਚ ਕਬੱਡੀ ਅਕੈਡਮੀ ਚਲਾਉਣ ਲੱਗਾ ਤਾਂ ਉਸ ਨਾਲ ਡਾਢਾ ਮਾੜਾ ਭਾਣਾ ਵਰਤ ਗਿਆ। ਹੋਣੀ ਨੇ ਉਹਦਾ ਇੱਕੋ ਇੱਕ ਜੁਆਨ ਪੁੱਤਰ ਟੋਨੀ ਅਲੰਕਾਰ ਉਹਤੋਂ ਖੋਹ ਲਿਆ। ਟੋਨੀ ਉੱਭਰਦਾ ਕੌਡਿਆਲ ਸੀ ਜਿਸ ਤੋਂ ਬੜੀਆਂ ਆਸਾਂ ਸਨ, ਪਰ ਕੈਂਸਰ ਦੀ ਚੰਦਰੀ ਬਿਮਾਰੀ ਉਸ ਨੂੰ ਲੈ ਬੈਠੀ। ਉਸ ਦੀ ਯਾਦ ਵਿੱਚ ਉਹ ਟੋਨੀ ਅਲੰਕਾਰ ਕਬੱਡੀ ਅਕੈਡਮੀ ਚਲਾ ਸੀ ਕਿ ਹੁਣ ਆਪ ਵੀ ਚਲਾਣਾ ਕਰ ਗਿਆ। ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਦੇ ਜੀਆਂ ਤੇ ਦੋਸਤਾਂ ਮਿੱਤਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

Advertisement

ਈ-ਮੇਲ: principalsarwansingh@gmail.com

Advertisement
Advertisement