ਤਿੰਨ ਕਰੋੜ ਤੋਂ ਵੱਧ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਰਮੇਸ਼ ਭਾਰਦਵਾਜ
ਲਹਿਰਾਗਾਗਾ, 29 ਜਨਵਰੀ
ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੇ ਸਿਆਸੀ ਰੁਝੇਵਿਆਂ ਕਾਰਨ ਉਨ੍ਹਾਂ ਦੇ ਭਰਾ ਸਾਬਕਾ ਐਕਸੀਅਨ ਨਰਿੰਦਰ ਗੋਇਲ ਨੇ ਅੱਜ ਹਲਕੇ ਅੰਦਰ ਵੱਖ-ਵੱਖ ਥਾਵਾਂ ’ਤੇ ਬਣਨ ਵਾਲੇ ਡਰੇਨਾਂ ਦੇ ਪੁਲ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਸੰਬੋਧਨ ਕਰਦਿਆਂ ਨਰਿੰਦਰ ਗੋਇਲ ਨੇ ਦੱਸਿਆ ਕਿ ਲਹਿਰਾ ਹਲਕੇ ਅੰਦਰ ਡਰੇਨਾਂ ’ਤੇ 24 ਨਵੇਂ ਪੁਲ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਡਰੇਨਾਂ ’ਤੇ ਬਣੇ ਰਸਤਿਆਂ ਅਤੇ ਪਾਈਪਾਂ ਦੇ ਪੁਲਾਂ ਵਿੱਚ ਬਰਸਾਤਾਂ ਦੌਰਾਨ ਘਾਹ, ਫੂਸ ਅਤੇ ਸਰਕੰਡਾ ਫਸਣ ਕਾਰਨ ਫਾਲ ਲੱਗ ਜਾਂਦੀ ਹੈ ਅਤੇ ਪਾਣੀ ਓਵਰਫਲੋ ਹੋ ਕੇ ਫਸਲਾਂ ਨੂੰ ਨੁਕਸਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਚਾਰ ਡਰੇਨਾਂ ’ਤੇ ਨਵੇਂ ਬਣਨ ਵਾਲੇ ਪੁਲਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਿੰਨ ਕਰੋੜ 12 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਲਹਿਰਾਗਾਗਾ ਸ਼ਹਿਰ ਦੀ ਮੁੱਖ ਸਮੱਸਿਆ ਡਿਚ ਡਰੇਨ ਦਾ ਟੈਂਡਰ ਹੋ ਚੁੱਕਿਆ ਹੈ ਤੇ ਅਗਲੇ ਦਿਨਾਂ ਵਿੱਚ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਆੜ੍ਹਤੀ ਐਸੋਸਏਸ਼ਨ ਦੇ ਮੀਤ ਪ੍ਰਧਾਨ ਰਾਕੇਸ਼ ਕੁਮਾਰ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰੀ ਚਹਿਲ ਆਦਿ ਮੌਜੂਦ ਸਨ।