ਮੁਹਾਲੀ ਦੇ ਵਿਕਾਸ ਕਾਰਜਾਂ ’ਚ ਤੇਜ਼ੀ ਲਿਆਂਦੀ ਜਾਵੇ: ਕੁਲਵੰਤ ਸਿੰਘ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 7 ਜਨਵਰੀ
ਵਿਧਾਇਕ ਕੁਲਵੰਤ ਸਿੰਘ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਅਤੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਵਿਕਾਸ ਕੰਮਾਂ ਵਿੱਚ ਹੋਰ ਤੇਜ਼ੀ ਲਿਆਉਣ ਅਤੇ ਸੈਕਟਰ-82 ਤੋਂ ਪਟਿਆਲਾ-ਜ਼ੀਰਕਪੁਰ ਸੜਕ ਨੂੰ ਮਿਲਦੇ ਚੌਰਾਹੇ ’ਤੇ ਰੋਟਰੀਜ਼ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੁਹਾਲੀ ਨੂੰ ਹੋਰ ਸੁੰਦਰ ਅਤੇ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਸ਼ਹਿਰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਤਿੰਨ ਮੁੱਖ ਸੜਕਾਂ (ਫੇਜ਼-7 ਤੋਂ ਫੇਜ਼-11 ਸੜਕ, ਕੁੰਭੜਾ ਚੌਂਕ ਤੋਂ ਬਾਵਾ ਵਾਈਟ ਹਾਊਸ ਅਤੇ ਮੁਹਾਲੀ ਪਿੰਡ ਤੋਂ ਐੱਸਐੱਸਪੀ ਦੀ ਰਿਹਾਇਸ਼ ਤੱਕ ਸੜਕ) ਨੂੰ ਚੌੜਾ ਕਰਨ/ਡੂਅਲ ਵੇਅ ਕੈਰਿਜ ਕਰਨ ਤੋਂ ਇਲਾਵਾ ਪ੍ਰਮੁੱਖ ਚੌਕਾਂ ’ਤੇ ਰੋਟਰੀਜ਼ ਬਣਾਉਣ ਅਤੇ ਸੀਪੀ-67 ਮਾਲ ਤੋਂ ਆਈਸਰ ਚੌਕ ਤੱਕ ਸੁੰਦਰ ਬਣਾਉਣ ਦੇ ਕੰਮ ਕੀਤੇ ਜਾ ਰਹੇ ਹਨ।
ਵਿਧਾਇਕ ਨੇ ਕੰਮਾਂ ਦੀ ਰਫ਼ਤਾਰ ਧੀਮੀ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹਵਾਲਾ ਦਿੰਦੇ ਹੋਏ ਗਮਾਡਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇ।
ਗਮਾਡਾ ਦੇ ਮੁੱਖ ਪ੍ਰਸ਼ਾਸਕ ਮੋਨੀਸ਼ ਕੁਮਾਰ ਨੇ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੀਆਰ-7 ਸੜਕ ਨੂੰ ਸੁੰਦਰ ਬਣਾਉਣ ਲਈ ਆਰਕੀਟੈਕਟ ਨਾਲ ਮਸ਼ਵਰਾ ਕਰ ਕੇ 15 ਫਰਵਰੀ ਤੱਕ ਮੁਕੰਮਲ ਵਿਉਂਤਬੰਦੀ ਕੀਤੀ ਜਾਵੇ। ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਪ੍ਰਸ਼ਾਸਕ ਨਾਲ ਸ਼ਹਿਰ ਦੇ ਹੋਰ ਵੱਖ-ਵੱਖ ਮਸਲਿਆਂ ਦਾ ਹੱਲ ਜਲਦੀ ਕੀਤਾ ਜਾਵੇ।
ਇਸ ਮੀਟਿੰਗ ਚੀਫ਼ ਇੰਜਨੀਅਰ ਅਨੁਜ ਸਹਿਗਲ ਸਣੇ ਵੱਖ-ਵੱਖ ਬ੍ਰਾਂਚਾਂ ਦੇ ਮੁਖੀ ਹਾਜ਼ਰ ਸਨ।