ਖੰਨਾ ਦੀ ਪ੍ਰੋਫੈਸਰ ਕਲੋਨੀ ਵਿੱਚ ਵਿਕਾਸ ਕਾਰਜ ਰੁਕੇ; ਲੋਕਾਂ ’ਚ ਰੋਸ
ਜੋਗਿੰਦਰ ਸਿੰਘ ਓਬਰਾਏ
ਖੰਨਾ, 23 ਅਕਤੂਬਰ
ਇੱਥੋਂ ਦੇ ਲਲਹੇੜੀ ਰੋਡ ਸਥਿਤ ਪ੍ਰੋਫੈਸਰ ਕਲੋਨੀ ਉਦੋਂ ਵਿਵਾਦਾਂ ਵਿੱਚ ਘਿਰ ਗਈ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਕਲੋਨੀ ਨੂੰ ਕਥਿਤ ਤੌਰ ’ਤੇ ਅਣ-ਅਧਿਕਾਰਤ ਦੱਸਦਿਆਂ ਇੱਥੇ ਹੋਣ ਵਾਲੇ ਵਿਕਾਸ ਕਾਰਜ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਜਿਸ ਸਬੰਧੀ ਮਾਮਲਾ ਪਿਛਲੇ ਕਈ ਦਿਨਾਂ ਤੋਂ ਭਖਿਆ ਹੋਇਆ ਹੈ। ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸ਼ਹਿਰ ਦੀ ਅਣ-ਅਧਿਕਾਰਤ ਪ੍ਰੋਫੈਸਰ ਕਲੋਨੀ ਵਿੱਚ ਟੈਂਡਰ ਪਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਇਸ ਟਿੱਪਣੀ ਉਪਰੰਤ ਪ੍ਰੋਫੈਸਰ ਕਲੋਨੀ ਦੇ ਲੋਕ ਗੁੱਸੇ ਵਿੱਚ ਆ ਗਏ ਤੇ ਲੋਕਾਂ ਦੇ ਇੱਕ ਵਫ਼ਦ ਨੇ ਅੱਜ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੇ ਇਲਾਕੇ ਦਾ ਵਿਕਾਸ ਨਾ ਹੋਇਆ ਤਾਂ ਉਹ ਰੋਡ ਜਾਮ ਕਰਕੇ ਕੌਂਸਲ ਪ੍ਰਧਾਨ ਖਿਲਾਫ਼ ਪ੍ਰਦਰਸ਼ਨ ਕਰਨਗੇ।
ਇਸ ਮੌਕੇ ਡਾ. ਅਵਤਾਰ ਸਿੰਘ ਅਨੇਤਾ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਤਤਕਾਲੀ ਮੰਤਰੀ ਗੁਰਕੀਰਤ ਕੋਟਲੀ ਦੇ ਯਤਨਾਂ ਸਦਕਾ ਰੇਲਵੇ ਲਾਈਨ ਪਾਰ ਇਲਾਕੇ ਵਿੱਚ ਵਿਕਾਸ ਕਾਰਜ ਕਰਵਾਏ ਗਏ ਸਨ। ਉਸ ਸਮੇਂ ਪ੍ਰੋਫੈਸਰ ਕਲੋਨੀ ਵਿੱਚ ਵੀ ਸੀਵਰੇਜ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਗਲੀਆਂ-ਸੜਕਾਂ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਸਾਬਕਾ ਮੰਤਰੀ ਕੋਟਲੀ ਦੀ ਹਾਜ਼ਰੀ ਵਿੱਚ ਕੌਂਸਲ ਪ੍ਰਧਾਨ ਸ੍ਰੀ ਲੱਧੜ ਕਲੋਨੀ ਨੂੰ ਅਣ-ਅਧਿਕਾਰਤ ਕਹਿ ਰਹੇ ਹਨ। ਇਸ ਸਬੰਧੀ ਉਹ ਜਲਦ ਹੀ ਸੰਘਰਸ਼ ਕਰਨਗੇ।
ਕੌਂਸਲ ਪ੍ਰਧਾਨ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ: ਨੀਟਾ
ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਸੁਨੀਲ ਕੁਮਾਰ ਨੀਟਾ ਨੇ ਕਿਹਾ ਕਿ ਕੌਂਸਲ ਪ੍ਰਧਾਨ ਲੱਧੜ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਪਹਿਲੀ ਗੱਲ ਤਾਂ ਇਹ ਕਿ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਯਤਨਾਂ ਸਕਦਾ ਖੰਨਾ ਦੇ ਵਿਕਾਸ ਲਈ ਕਰੋੜਾਂ ਰੁਪਏ ਐਨਕੈਪ ਦੀ ਗ੍ਰਾਂਟ ਕਿਸੇ ਵੀ ਖੇਤਰ ਵਿੱਚ ਵਰਤੀ ਜਾ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਸਮੇਂ ਜੋ ਸੀਵਰੇਜ ਪਾਇਆ ਗਿਆ ਸੀ, ਉਹ ਜਾਂ ਤਾਂ ਗਲਤ ਸੀ ਜਾਂ ਹੁਣ ਗਲਤ ਕੀਤਾ ਜਾ ਰਿਹਾ ਹੈ ਜਿਸ ਦਾ ਕੋਟਲੀ ਅਤੇ ਲੱਧੜ ਨੂੰ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕੌਂਸਲ ਦਾ ਰਿਕਾਰਡ ਦਿਖਾਉਂਦਿਆਂ ਕਿਹਾ ਕਿ ਪ੍ਰੋਫ਼ੈਸਰ ਕਲੋਨੀ ਦੇ 75 ਫੀਸਦੀ ਮਕਾਨ ਪ੍ਰਾਪਰਟੀ ਟੈਕਸ ਅਦਾ ਕਰਦੇ ਹਨ ਅਤੇ ਹੁਣ ਵਿਕਾਸ ਦੇ ਨਾਂ ਦੇ ਉਨ੍ਹਾਂ ਦੀ ਕਲੋਨੀ ਨੂੰ ਅਣ-ਅਧਿਕਾਰਤ ਐਲਾਨਿਆ ਜਾ ਰਿਹਾ ਹੈ ਜੋ ਸਰਾਸਰ ਗਲਤ ਹੈ।
ਕੌਂਸਲ ਪ੍ਰਧਾਨ ਨੇ ਸਾਰੇ ਦੋਸ਼ ਨਕਾਰੇ
ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਉਪਰੋਕਤ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕਾਨੂੰਨ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ ਤੇ ਕਿਸੇ ਨੂੰ ਵੀ ਜਾਣਬੁੱਝ ਕੇ ਪ੍ਰੇਸ਼ਾਨ ਨਹੀਂ ਕੀਤਾ ਜਾ ਰਿਹਾ।