ਕੇਂਦਰ ਸਰਕਾਰ ਵੱਲੋਂ ਜੰਗੀ ਪੱਧਰ ’ਤੇ ਵਿਕਾਸ ਕਾਰਜ: ਸੋਮ ਪ੍ਰਕਾਸ਼
ਜਸਬੀਰ ਸਿੰਘ ਚਾਨਾ
ਫਗਵਾੜਾ, 8 ਜੁਲਾਈ
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਅੱਜ ਫਗਵਾੜਾ ਰੇਲਵੇ ਸਟੇਸ਼ਨ ’ਤੇ ਬਣੇ ਨਵੇਂ ਫੁੱਟ ਓਵਰਬ੍ਰਿਜ ਤੇ ਪਹਿਲੇ ਦਰਜੇ ਦੇ ਵੇਟਿੰਗ ਰੂਮ ਦਾ ਉਦਘਾਟਨ ਕੀਤਾ ਤੇ ‘ਅੰਮ੍ਰਿਤ ਭਾਰਤ ਸਟੇਸ਼ਨ’ ਅਧੀਨ ਹੋਣ ਵਾਲੇ ਵਿਕਾਸ ਕਾਰਜਾ ਤੇ ਅੰਡਰਪਾਸ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਰੇਲਵੇ ਸਟੇਸ਼ਨ ’ਤੇ ਰੱਖੇ ਸਮਾਗਮ ’ਚ ਪੁੱਜੇ ਕੇਂਦਰੀ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਦੇਖਦਿਆਂ ਇਸ ਬ੍ਰਿਜ ਤੇ ਵੇਟਿੰਗ ਰੂਮ ਦੀ ਉਸਾਰੀ ਕੀਤੀ ਗਈ ਹੈ, ਜਿਸ ’ਤੇ ਕੁੱਲ 5 ਕਰੋੜ 16 ਲੱਖ ਰੁਪਏ ਖ਼ਰਚ ਆਏ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ‘ਅੰਮ੍ਰਿਤ ਭਾਰਤ ਸਟੇਸ਼ਨ’ ਦੇ ਅਧੀਨ ਫਗਵਾੜਾ ਸਟੇਸ਼ਨ ਦੇ ਸ਼ੁਰੂ ਹੋਣ ਵਾਲੇ ਪ੍ਰਾਜੈਕਟ ’ਤੇ 33 ਕਰੋੜ 74 ਲੱਖ ਰੁਪਏ ਖ਼ਰਚ ਕੀਤੇ ਜਾਣਗੇ, ਜਿਸ ਨਾਲ ਸਟੇਸ਼ਨ ਦਾ ਨਕਸ਼ਾ ਬਦਲ ਦਿੱਤਾ ਜਾਵੇਗਾ ਤੇ ਸਟੇਸ਼ਨ ਦੇ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਇਸ ’ਚ ਸਟੇਸ਼ਨ ’ਤੇ ਰਾਸ਼ਟਰੀ ਝੰਡਾ, ਦੋਵੇਂ ਪਾਸੇ ਤੋਂ ਐਂਟਰੀ, ਐਲੀਵੇਟਿਡ ਲਿਫ਼ਟ, ਟਿਕਟ ਕਾਊਂਟਰ, ਫ਼ਸਟ ਕਲਾਸ ਵੇਟਿੰਗ ਰੂਮ ਤੇ ਹੋਰ ਸਹੂਲਤਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਡਿਵੀਜ਼ਨ ਦੇ ਅਧੀਨ 18 ਸਟੇਸ਼ਨਾਂ ਦੀ ਚੋਣ ਇਸ ਸਕੀਮ ਲਈ ਕੀਤੀ ਗਈ ਹੈ, ਜਿਸ ’ਤੇ ਕੁੱਲ 1133 ਕਰੋੜ ਰੁਪਏ ਦੀ ਰਾਸ਼ੀ ਖ਼ਰਚ ਆਵੇਗੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਵਿਕਾਸ ਕਾਰਜਾਂ ਦੇ ਕੰਮ ਜੰਗੀ ਪੱਧਰ ’ਤੇ ਕੀਤੇ ਜਾ ਰਹੇ ਹਨ ਤੇ ਵਿਕਾਸ ਦੇ ਕੰਮ ’ਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਦੇਖਦਿਆਂ ਹਰ ਇੱਕ ਕੰਮ ਨੂੰ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ।
ਇਸ ਮੌਕੇ ਅਨੀਤਾ ਸੋਮ ਪ੍ਰਕਾਸ਼, ਡੀਆਰਐੱਮ ਨੋਰਦਨ ਰੇਲਵੇ ਡਾ. ਸੀਮਾ ਸ਼ਰਮਾ, ਐੱਸਡੀਐੱਮ ਜੈ ਇੰਦਰ ਸਿੰਘ, ਅਵਤਾਰ ਸਿੰਘ ਮੰਡ, ਅਰੁਣ ਖੋਸਲਾ, ਦੇਵ ਸ਼ਰਮਾ ਆਦਿ ਹਾਜ਼ਰ ਸਨ।