ਪਿੰਡਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀ: ਭਰਾਜ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 25 ਸਤੰਬਰ
ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਇੱਥੇ ਤੂਰ ਪੱਤੀ ਵਿੱਚ 1.25 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾਣ ਵਾਲੇ ਪਾਰਕ ਦਾ ਨੀਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਪਾਰਕ ਦਾ ਟੈਂਡਰ ਹੋ ਚੁੱਕਾ ਹੈ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਲਗਾਤਾਰ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਤਹਿਤ ਹੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਦੇ ਨਾਲ-ਨਾਲ ਆਧੁਨਿਕ ਅਤੇ ਮਿਆਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਦੀ ਮੰਗ ਅਨੁਸਾਰ ਲੋੜੀਂਦੇ ਵਿਕਾਸ ਪ੍ਰਾਜੈਕਟ ਸ਼ੁਰੂ ਕਰਵਾ ਕੇ ਸਮੇਂ ਸਿਰ ਪੂਰੇ ਕਰਵਾਉਣੇ ਉਹ ਖੁਦ ਯਕੀਨੀ ਬਣਾ ਰਹੇ ਹਨ। ਇਸ ਤੋਂ ਇਲਾਵਾ ਪਿੰਡ ਲੱਖੇਵਾਲ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪਾਰਕ ਅਤੇ ਪਿੰਡ ਝਨੇੜੀ ਵਿਖੇ 5 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵਾਲੀਬਾਲ ਮੈਦਾਨ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਇਸ ਮੌਕੇ ਐੱਸਡੀਐੱਮ ਰਵਿੰਦਰ ਬਾਂਸਲ, ਤਹਿਸੀਲਦਾਰ ਗੁਰਵਿੰਦਰ ਕੌਰ, ਮਨਦੀਪ ਸਿੰਘ ਲੱਖੇਵਾਲ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸਿੰਘ ਹਾਕੀ, ਗੁਰਪ੍ਰੀਤ ਸਿੰਘ ਨਦਾਮਪੁਰ, ਜਗਤਾਰ ਸਿੰਘ, ਸ਼ਿੰਦਰਪਾਲ ਕੌਰ, ਪ੍ਰਦੀਪ ਮਿੱਤਲ, ਭੀਮ ਸਿੰਘ ਗਾੜੀਆ, ਬਲਵਿੰਦਰ ਸਿੰਘ ਸੱਗੂ, ਐਡਵੋਕੇਟ ਯਸ਼ਪਾਲ ਬੁਸ਼ਰਾ, ਸੁਰਜੀਤ ਕੌਰ ਅਤੇ ਜਤਿੰਦਰ ਸਿੰਘ ਵਿੱਕੀ ਆਦਿ ਹਾਜ਼ਰ ਸਨ।