ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਸਨੂਈ ਬੁੱਧੀ ਦਾ ਵਿਕਾਸ: ਗੁੰਝਲਦਾਰ ਮਸਲੇ

07:47 AM Sep 18, 2023 IST

ਸੁਸ਼ਮਾ ਰਾਮਚੰਦਰਨ
Advertisement

ਮਸਨੂਈ ਸਮਝ/ਬੁੱਧੀ ਭਾਵ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਬਾਰੇ ਚਰਚਾ ਦਿਨ-ਬ-ਦਿਨ ਤੇਜ਼ ਹੋ ਰਹੀ ਹੈ। ਇਹ ਸੰਭਾਵਨਾ ਬਹੁਤ ਸਹੀ ਹੈ ਕਿ ਇਹ ਤਕਨਾਲੋਜੀ ਆਗਾਮੀ ਦਹਾਕਿਆਂ ਦੌਰਾਨ ਸਾਡੀ ਜ਼ਿੰਦਗੀ ਨੂੰ ਕਾਬੂ ਕਰ ਸਕਦੀ ਹੈ। ਕਈ ਪੱਖਾਂ ਤੋਂ ਇਹ ਪਹਿਲਾਂ ਹੀ ਅਜਿਹਾ ਕਰ ਚੁੱਕੀ ਹੈ। ਜਦੋਂ ਮੈਂ ਟੈਬਲਟ ਉਤੇ ਇਹ ਲੇਖ ਲਿਖ ਰਹੀ ਹਾਂ ਤਾਂ ਮੈਨੂੰ ਵਾਰ ਵਾਰ ਇਹ ਸੁਝਾਉਣ ਲਈ ਸੰਕੇਤ ਦਿੱਤੇ ਜਾ ਰਹੇ ਹਨ ਕਿ ਵਾਕ ਵਿਚ ਅਗਲਾ ਲਫ਼ਜ਼ ਕੀ ਹੋਣਾ/ਲਿਖਣਾ ਚਾਹੀਦਾ ਹੈ। ਖ਼ਾਸ ਸਮੇਂ ’ਤੇ ਸਾਨੂੰ ਹਵਾਈ ਅੱਡੇ ਲਈ ਤੁਰ ਪੈਣ ਲਈ ਚੇਤੇ ਕਰਾਉਣ ਵਾਸਤੇ ਸੁਨੇਹੇ ਮੋਬਾਈਲ ਫੋਨ ’ਤੇ ਉੱਭਰ ਆਉਂਦੇ ਹਨ ਕਿਉਂਕਿ ਹਵਾਈ ਜਹਾਜ਼ ਦੀ ਟਿਕਟ ਈਮੇਲ ਰਾਹੀਂ ਭੇਜੀ ਗਈ ਸੀ। ਅਸੀਂ ਜਦੋਂ ਕੋਈ ਖ਼ਾਸ ਉਤਪਾਦ ਖ਼ਰੀਦਦੇ ਹਾਂ ਜਿਵੇਂ ਹੈਂਡਬੈਗ ਤਾਂ ਸਾਡੇ ਬਿਜਲਈ ਸਾਧਨਾਂ ਉਤੇ ਉਸ ਉਤਪਾਦ ਬਾਰੇ ਇਸ਼ਤਿਹਾਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸੇ ਤਰ੍ਹਾਂ ਸਾਰੀ ਦੁਨੀਆ ਜਿਸਮਾਨੀ ਹੋਂਦ ਤੋਂ ਰਹਿਤ ਉਨ੍ਹਾਂ ਆਵਾਜ਼ਾਂ ਬਾਰੇ ਜਾਣਦੀ ਹੈ ਜਿਹੜੀਆਂ ਜ਼ੁਬਾਨੀ ਹੁਕਮਾਂ (audio commands) ਰਾਹੀਂ ਸਾਡਾ ਕੰਮ ਕਰਦੀਆਂ ਹਨ। ਇਨ੍ਹਾਂ ਦੇ ਨਾਂ ਵੱਖ ਵੱਖ ਹਨ- ਸਿਰੀ, ਅਲੈਕਸਾ, ਗੂਗਲ। ਇਹ ਸਾਰੀਆਂ ਏਆਈ ਰਾਹੀਂ ਚੱਲਣ ਵਾਲੀਆਂ ਐਪਲੀਕੇਸ਼ਨ (ਐਪਸ) ਹਨ ਪਰ ਅਜੇ ਅਗਾਂਹ ਬਹੁਤ ਕੁਝ ਬਾਕੀ ਹੈ।
ਇਹ ਓਪਨ ਏਆਈ ਵੱਲੋਂ ਮਾਈਕਰੋਸਾਫਟ ਦੇ ਸਹਿਯੋਗ ਨਾਲ ਇਸੇ ਸਾਲ ਚੈਟਜੀਪੀਟੀ (ChatGPT) ਲਾਂਚ ਕਰਨ ਦਾ ਮੌਕਾ ਸੀ ਜਿਸ ਨੇ ਸੰਸਾਰ ਨੂੰ ਏਆਈ ਦੀ ਸਮਰੱਥਾ ਤੋਂ ਜਾਣੂ ਕਰਵਾਇਆ। ਇਸ ਨੇ ਹਰ ਕਿਸੇ ਦੀ ਵਰਤੋਂ ਲਈ ਜੈਨਰੇਟਿਵ (ਉਪਜਾਊ) ਏਆਈ ਦੀ ਉਪਲਬਧਤਾ ਕਰਵਾਈ। ਆਮ ਏਆਈ ਅਤੇ ਜੈਨਰੇਟਿਵ ਏਆਈ ਵਿਚ ਫ਼ਰਕ ਇਹ ਹੈ ਕਿ ਆਮ ਏਆਈ ਵੱਲੋਂ ਡੇਟਾ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ, ਉਪਜਾਊ ਏਆਈ ਵੱਲੋਂ ਡੇਟਾ ਦਾ ਇਸਤੇਮਾਲ ਕੁਝ ਨਵਾਂ ਸਿਰਜਣ ਲਈ ਕੀਤਾ ਜਾ ਸਕਦਾ ਹੈ। ਇਸ ਬਾਰੇ ਬਹੁਤ ਕਿਹਾ-ਸੁਣਿਆ ਜਾ ਚੁੱਕਾ ਹੈ ਕਿ ਇਹ ਮੋਹਰੀ ਤਕਨਾਲੋਜੀ ਕਿਸ ਤਰੀਕੇ ਨਾਲ ਵੱਖੋ-ਵੱਖ ਆਰਥਿਕ ਖੇਤਰਾਂ ਵਿਚ ਰੁਜ਼ਗਾਰ ਖ਼ਤਮ ਕਰ ਸਕਦੀ ਹੈ ਪਰ ਇਸ ਦੇ ਬਹੁਤ ਹੀ ਵੰਨ-ਸਵੰਨੇ ਇਸਤੇਮਾਲਾਂ ਦੇ ਨੈਤਿਕ ਪੱਖ ਹੋਰ ਵੀ ਵਧੇਰੇ ਚਿੰਤਾ ਦਾ ਵਿਸ਼ਾ ਹਨ। ਸੂਚਨਾ ਤਕਨਾਲੋਜੀ ਦੇ ਆਗੂਆਂ ਦੇ ਇਸ ਸਬੰਧ ਵਿਚ ਵੱਖੋ-ਵੱਖਰੇ ਵਿਚਾਰ ਹਨ। ਟੈਸਲਾ ਅਤੇ ਐਕਸ (ਪੁਰਾਣਾ ਟਵਿੱਟਰ) ਦੇ ਮਾਲਕ ਐਲਨ ਮਸਕ ਕਾਫ਼ੀ ਸਮੇਂ ਤੋਂ ਏਆਈ ਦੇ ਗ਼ੈਰ-ਨੇਮਬੰਦ ਵਿਕਾਸ ਦੀ ਦਿੱਤੀ ਜਾ ਰਹੀ ਖੁੱਲ੍ਹ ਦੇ ਮਾੜੇ ਪੱਖਾਂ ਬਾਰੇ ਖ਼ਬਰਦਾਰ ਕਰਦੇ ਰਹੇ ਹਨ। ਕੁਝ ਹੋਰ ਇਸ ਮੁੱਦੇ ਉਤੇ ਰਤਾ ਵਧੇਰੇ ਆਸ਼ਾਵਾਦੀ ਹਨ ਜਿਵੇਂ ਮੈਟਾ (ਫੇਸਬੁੱਕ, ਵੱਟਸਐਪ) ਮੁਖੀ ਮਾਰਕ ਜ਼ੁਕਰਬਰਗ ਅਤੇ ਗੂਗਲ ਦੇ ਬਾਨੀ ਲੈਰੀ ਪੇਜ ਤੇ ਸਰਗੇਈ ਬਰਿਨ। ਉਹ ਇਹ ਤਾਂ ਮੰਨਦੇ ਹਨ ਕਿ ਇਸ ਸਬੰਧੀ ਨੇਮਬੰਦੀ ਦੀ ਜ਼ਰੂਰਤ ਹੈ ਪਰ ਉਨ੍ਹਾਂ ਨੂੰ ਇਹ ਡਰ ਨਹੀਂ ਭਾਸਦਾ ਕਿ ਇਸ ਨਾਲ ਸੱਭਿਅਤਾ ਦਾ ਖ਼ਾਤਮਾ ਹੋ ਸਕਦਾ ਹੈ ਜਿਵੇਂ ਇਕ ਵਾਰ ਮਸਕ ਨੇ ਐਲਾਨਿਆ ਸੀ।
ਇਸੇ ਪਿਛੋਕੜ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਏਆਈ ਦੀ ਨੈਤਿਕ ਵਰਤੋਂ ਯਕੀਨੀ ਬਣਾਉਣ ਲਈ ਆਲਮੀ ਢਾਂਚਾ ਕਾਇਮ ਕਰਨ ਵਾਸਤੇ ਦਿੱਤੇ ਸੱਦੇ ਉਤੇ ਧਿਆਨ ਨਾਲ ਗ਼ੌਰ ਕਰਨਾ ਚਾਹੀਦਾ ਹੈ। ਉਹ ਅਜਿਹਾ ਸੁਝਾਅ ਦੇਣ ਵਾਲੇ ਪਹਿਲੇ ਸ਼ਖ਼ਸ ਨਹੀਂ ਕਿ ਏਆਈ ਨੇਮਬੰਦੀ ਵਾਸਤੇ ਵੱਖ ਵੱਖ ਮੁਲਕਾਂ ਵਿਚ ਸਹਿਮਤੀ ਜ਼ਰੂਰੀ ਹੈ। ਉਂਝ, ਹਾਲ ਦੀ ਘੜੀ ਇਸ ਬਾਰੇ ਸਿਰਫ਼ ਗੱਲਾਂ ਹੀ ਹੋ ਰਹੀਆਂ ਹਨ ਅਤੇ ਨਾਲ ਹੀ ਨੇਮਬੰਦੀ ਵਾਸਤੇ ਇਕੋ ਵੇਲੇ ਵੱਖੋ-ਵੱਖ ਰਸਤੇ ਅਪਣਾਏ ਜਾ ਰਹੇ ਹਨ। ਇਸ ਦੌੜ ਵਿਚ ਯੂਰੋਪੀਅਨ ਯੂਨੀਅਨ ਮੋਹਰੀ ਹੈ ਅਤੇ ਉਸ ਨੇ ਪਹਿਲਾਂ ਹੀ ਏਆਈ ਸਬੰਧੀ ਕਾਨੂੰਨ ਬਣਾਉਣ ਬਾਰੇ ਚਰਚਾ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਇਹ ਵੀ ਯੂਰੋਪੀਅਨ ਯੂਨੀਅਨ ਹੀ ਹੈ ਜਿਹੜੀ ਵੱਡੀਆਂ ਤਕਨੀਕੀ (ਬਿੱਗ ਟੈੱਕ) ਕੰਪਨੀਆਂ ਵੱਲੋਂ ਕਿਸੇ ਵੀ ਕੀਮਤ ਉਤੇ ਆਪਣਾ ਮੁਨਾਫ਼ਾ ਵਧਾਉਣ ਦੇ ਰੁਝਾਨ ਖ਼ਿਲਾਫ਼ ਸਖ਼ਤ ਰੁਖ਼ ਅਪਣਾ ਰਹੀ ਹੈ। ਇਸ ਦਾ ਨਵਾਂ ਡਿਜੀਟਲ ਸਰਵਿਸਿਜ਼ ਐਕਟ ਛੇਤੀ ਹੀ ਅਮਲ ਵਿਚ ਆ ਜਾਵੇਗਾ ਜਿਸ ਨਾਲ ਵੱਡੀਆਂ ਇੰਟਰਨੈੱਟ ਕੰਪਨੀਆਂ ਉਤੇ ਸਮੱਗਰੀ ਵਿਚ ਸੋਧ ਕਰਨ, ਵਰਤੋਕਾਰਾਂ ਦੀ ਰਾਜ਼ਦਾਰੀ ਅਤੇ ਪਾਰਦਰਸ਼ਤਾ ਸਬੰਧੀ ਨਿਯਮ ਲਾਗੂ ਹੋ ਜਾਣਗੇ। ਇਸ ਵੱਲੋਂ ਅਗਾਂਹ ਹੋਰ ਕਦਮ ਵੀ ਉਠਾਏ ਜਾ ਸਕਦੇ ਹਨ ਜਿਨ੍ਹਾਂ ਵਿਚ ਨਵੇਂ ਡਿਜੀਟਲ ਮਾਰਕਿਟਸ ਐਕਟ ਨੂੰ ਸਖ਼ਤੀ ਨਾਲ ਲਾਗੂ ਕਰਨਾ ਅਤੇ ਏਆਈ ਐਕਟ ਤਿਆਰ ਕਰਨਾ ਵੀ ਸ਼ਾਮਲ ਹਨ।
ਜਿਥੋਂ ਤੱਕ ਅਮਰੀਕਾ ਦਾ ਸਵਾਲ ਹੈ, ਉਸ ਵੱਲੋਂ ਇਸ ਮੁੱਦੇ ਉਤੇ ਬਹੁਤ ਸੋਚ-ਸਮਝ ਕੇ ਗੱਲਬਾਤ ਕੀਤੀ ਜਾ ਰਹੀ ਹੈ। ਫਿਲਹਾਲ ਉਸ ਨੇ ਹੱਕਾਂ ਸਬੰਧੀ ਏਆਈ ਬਿਲ ਦੀ ਤਜਵੀਜ਼ ਰੱਖੀ ਹੈ ਜਿਸ ਦਾ ਮਕਸਦ ਨਾਗਰਿਕਾਂ ਨੂੰ ਕਾਰਪੋਰੇਟਾਂ ਦੇ ਪੱਖਪਾਤੀ ਅਲਗੋਰਿਦਮਾਂ ਦੇ ਇਸਤੇਮਾਲ ਤੋਂ ਬਚਾਉਣਾ ਹੈ। ਉਹ ‘ਅਲਗੋਰਿਦਮ ਪੱਖਪਾਤ’ ਦੇ ਵਿਘਨਕਾਰੀ ਪ੍ਰਭਾਵ ਤੋਂ ਚਿੰਤਤ ਹੈ। ਮਿਸਾਲ ਵਜੋਂ ਕੰਪਨੀਆਂ ਮੁਲਾਜ਼ਮਾਂ ਦੀ ਭਰਤੀ ਕਰਦੇ ਸਮੇਂ ਪੱਖਪਾਤ ਪੂਰਨ ਅਲਗੋਰਿਦਮਾਂ ਦਾ ਇਸਤੇਮਾਲ ਕਰ ਸਕਦੀਆਂ ਹਨ। ਇਸੇ ਤਰ੍ਹਾਂ ਚਿਹਰੇ ਦੀ ਪਛਾਣ ਕਰਨ ਸਬੰਧੀ ਅਲਗੋਰਿਦਮ ਦੇ ਨੁਕਸਾਨਾਂ ਬਾਰੇ ਵੀ ਸਭ ਜਾਣੂ ਹਨ। ਨੇਮਬੰਦੀ ਲਈ ਗ਼ੈਰ-ਲਾਜ਼ਮੀ ਸੇਧਾਂ ਨੂੰ ਅਪਣਾਏ ਜਾਣ ਦਾ ਵਿਚਾਰ ਸਾਫ਼ ਤੌਰ ’ਤੇ ਭਾਰਤ ਲਈ ਸਹੀ ਰਸਤਾ ਨਹੀਂ ਮੰਨਿਆ ਜਾਂਦਾ, ਹਾਲਾਂਕਿ ਏਆਈ ਨੇਮਬੰਦੀ ਦੇ ਮਾਮਲੇ ਵਿਚ ਦੋ ਮੁਲਕਾਂ ਨੇ ਸਹਿਯੋਗ ਦੇਣ ’ਚ ਦਿਲਚਸਪੀ ਦਿਖਾਈ ਹੈ। ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਿਟੀ (ਟਰਾਈ) ਨੇ ਹਾਲ ਹੀ ਵਿਚ ਪੇਸ਼ ਪਰਚੇ ਵਿਚ ਏਆਈ ਦੀ ਨੇਮਬੰਦੀ ਵਾਸਤੇ ਕਾਨੂੰਨੀ ਅਥਾਰਿਟੀ ਕਾਇਮ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਸ ਨੇ ਉਨ੍ਹਾਂ ਮਾਮਲਿਆਂ ਸਬੰਧੀ ਕਾਨੂੰਨੀ ਤੌਰ ’ਤੇ ਲਾਜ਼ਮੀ ਲਾਗੂ ਹੋਣ ਵਾਲੇ ਜੋਖ਼ਮ-ਆਧਾਰਿਤ ਢਾਂਚੇ ਦਾ ਖ਼ਾਕਾ ਉਲੀਕਿਆ ਹੈ ਜਿਹੜੇ ਮਾਮਲੇ ਸਿੱਧੇ ਤੌਰ ’ਤੇ ਇਨਸਾਨਾਂ ਨੂੰ ਪ੍ਰਭਾਵਿਤ ਕਰਦੇ ਹਨ।
ਵੱਖੋ-ਵੱਖ ਮੁਲਕਾਂ ਵੱਲੋਂ ਇਸ ਮੁੱਦੇ ’ਤੇ ਅਪਣਾਈ ਜਾ ਰਹੀ ਵੱਖੋ-ਵੱਖਰੀ ਪਹੁੰਚ ਦੇ ਮੱਦੇਨਜ਼ਰ ਸਾਫ਼ ਹੈ ਕਿ ਏਆਈ ਨੇਮਬੰਦੀ ਦੇ ਮਾਮਲੇ ਵਿਚ ਕੋਈ ਸਹਿਮਤੀ ਬਣਾਉਣਾ ਸੌਖਾ ਕੰਮ ਨਹੀਂ। ਅਤਿ-ਆਧੁਨਿਕ ਤਕਨਾਲੋਜੀ ਦੇ ਇਸ ਤਰ੍ਹਾਂ ਨੇਮਬੰਦੀ ਰਹਿਤ ਵਿਕਾਸ ਸਬੰਧੀ ਖ਼ਦਸ਼ਿਆਂ ਦੌਰਾਨ ਹੀ ਇਹ ਵੀ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਬਹੁਤ ਜ਼ਿਆਦਾ ਕਾਇਦੇ-ਕਾਨੂੰਨ ਬਣਾਉਣ ਨਾਲ ਨਵੀਆਂ ਕਾਢਾਂ ਉਤੇ ਮਾੜਾ ਅਸਰ ਪਵੇਗਾ। ਇਕ ਪਾਸੇ ਮਸਕ ਦੀ ਅਗਵਾਈ ਵਾਲਾ ‘ਡੂਮਜ਼ਡੇਅ ਗਰੁੱਪ’ ਹੈ ਜਿਸ ਨੇ 1000 ਤੋਂ ਵੱਧ ਟੈੱਕ ਆਗੂਆਂ ਅਤੇ ਖੋਜਕਾਰਾਂ ਵੱਲੋਂ ਸਹੀਬੰਦ ਪਟੀਸ਼ਨ ਬੀਤੇ ਮਾਰਚ ਵਿਚ ਅਮਰੀਕੀ ਸਰਕਾਰ ਕੋਲ ਪੇਸ਼ ਕਰ ਕੇ ਹਰ ਤਰ੍ਹਾਂ ਦੇ ਏਆਈ ਵਿਕਾਸ ਉਤੇ ਰੋਕ ਲਾਏ ਜਾਣ ਦੀ ਮੰਗ ਕੀਤੀ ਹੈ। ਪਟੀਸ਼ਨ ਉਤੇ ਐਪਲ ਦੇ ਸਹਿ-ਬਾਨੀ ਸਟੀਵ ਵੋਜ਼ਨੀਆਕ ਨੇ ਵੀ ਸਹੀ ਪਾਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਏਆਈ ਵਿਕਾਸ ਨੂੰ ਰੋਕਣ ਨਾਲ ਇਸ ਸਬੰਧੀ ‘ਸਾਂਝੇ ਸੁਰੱਖਿਆ ਪ੍ਰੋਟੋਕੋਲ’ ਪੈਦਾ ਕੀਤੇ ਜਾ ਸਕਣਗੇ। ਪਟੀਸ਼ਨ ਮੁਤਾਬਕ ਏਆਈ ਵਿਕਾਸ ਉਤੇ ਰੋਕ ਉਦੋਂ ਹੀ ਹਟਾਈ ਜਾਣੀ ਚਾਹੀਦੀ ਹੈ ਜਦੋਂ ਇਹ ਭਰੋਸਾ ਹੋ ਜਾਵੇ ਕਿ ਏਆਈ ਸਿਸਟਮਜ਼ ਦੇ ਅਸਰ ਹਾਂਦਰੂ ਹੋਣਗੇ ਅਤੇ ਉਨ੍ਹਾਂ ਦੇ ਖ਼ਤਰੇ ਸਾਂਭਣਯੋਗ ਹੋਣਗੇ।
ਦੂਜੇ ਪਾਸੇ ਟੈੱਕ ਭਾਈਚਾਰੇ ਦਾ ਇਕ ਹਿੱਸਾ ਹੋਰ ਹੈ ਜਿਹੜਾ ਅਜਿਹੀਆਂ ਫ਼ਿਕਰਮੰਦੀਆਂ ਨੂੰ ਵਧਾ-ਚੜ੍ਹਾ ਕੇ ਦੱਸੀਆਂ ਆਖ ਕੇ ਰੱਦ ਕਰਦਾ ਹੈ। ਇਨ੍ਹਾਂ ਵਿਚ ਮੈਟਾ ਵੀ ਸ਼ਾਮਲ ਹੈ ਜਿਸ ਦਾ ਖ਼ਿਆਲ ਹੈ ਕਿ ਇਸ ਸਨਅਤ ਨੂੰ ਕਿਸੇ ਲਾਇਸੈਂਸ ਵਾਲੇ ਨਿਜ਼ਾਮ ਦੀ ਲੋੜ ਨਹੀਂ ਹੈ। ਗੂਗਲ ਜਿਸ ਨੇ ਪਹਿਲਾਂ ਹੀ ਚੈਟਜੀਪੀਟੀ ਦੇ ਮੁਕਾਬਲੇ ਬਾਰਡ ਲਾਂਚ ਕਰ ਦਿੱਤਾ ਹੈ, ਨੇਮਬੰਦੀ ਅਮਲ ਪ੍ਰਤੀ ਜੋਖ਼ਮ-ਆਧਾਰਿਤ ਪਹੁੰਚ ਲਈ ਵਧੇਰੇ ਹਾਂਦਰੂ ਹੈ। ਇਸ ਦੇ ਬਾਵਜੂਦ ਕੋਈ ਵੀ ਬਿੱਗ ਟੈੱਕ ਕੰਪਨੀ ਏਆਈ ਦੇ ਵਿਕਾਸ ਨੂੰ ਰੋਕਣ ਦੀ ਧਾਰਨਾ ਲਈ ਰਾਜ਼ੀ ਨਹੀਂ। ਵਧੇਰੇ ਤਾਕਤਵਰ ਜੈਨਰੇਟਿਵ ਏਆਈ ਮੁਹੱਈਆ ਕਰਵਾਉਣ ਦੀ ਦੌੜ ਵਿਚ ਲੱਗੀਆਂ ਵੱਡੀਆਂ ਕੰਪਨੀਆਂ ਵਿਚੋਂ ਸੱਤ ਨੇ ਹਾਲ ਹੀ ਵਿਚ ਤਕਨਾਲੋਜੀ ਦੇ ਵਿਕਾਸ ਉਤੇ ਸਵੈ-ਇੱਛਕ ਤੌਰ ’ਤੇ ਰੋਕਾਂ ਲਾਉਣ ਦੀ ਅਮਰੀਕੀ ਪ੍ਰਸ਼ਾਸਨ ਦੀ ਤਜਵੀਜ਼ ਲਈ ਹਾਮੀ ਭਰੀ ਹੈ ਅਤੇ ਨਵੇਂ ਸੰਦਾਂ ਤੋਂ ਜੋਖ਼ਮਾਂ ਦੇ ਪ੍ਰਬੰਧਨ ਦਾ ਵਚਨ ਦਿੱਤਾ ਹੈ। ਦੂਜੇ ਲਫ਼ਜ਼ਾਂ ਵਿਚ ਏਆਈ ਨੇਮਬੰਦੀ ਦੀ ਰਫ਼ਤਾਰ ਦੇ ਮਾਮਲੇ ਵਿਚ ਤਕਨੀਕੀ ਭਾਈਚਾਰੇ ’ਚ ਤਿੱਖੇ ਮਤਭੇਦ ਹਨ। ਇਨ੍ਹਾਂ ਨੂੰ ਪੂਰਨਾ ਆਲਮੀ ਰੈਗੂਲੇਟਰ ਦੀ ਭੂਮਿਕਾ ਹੋਣੀ ਚਾਹੀਦੀ ਹੈ ਜਿਸ ਵੱਲੋਂ ਵਿਅਕਤੀਆਂ, ਕਾਰਪੋਰੇਸ਼ਨਾਂ ਜਾਂ ਮੁਲਕਾਂ ਵੱਲੋਂ ਇਸ ਦੀ ਦੁਰਵਰਤੋਂ ਦੀਆਂ ਡੂੰਘੀਆਂ ਸੰਭਾਵਨਾਵਾਂ ਨੂੰ ਵੀ ਧਿਆਨ ਵਿਚ ਰੱਖਿਆ ਜਾਵੇ।
ਆਮ ਸ਼ਖ਼ਸ ਨੂੰ ਇਹ ਹਾਈ-ਟੈੱਕ ਮੁੱਦਾ ਜਾਪ ਸਕਦਾ ਹੈ। ਹੁਣ ਇਹ ਬਿਲਕੁਲ ਵੀ ਉਸ ਗੂੜ੍ਹ ਪੱਧਰ ਤੱਕ ਦਾ ਮਾਮਲਾ ਨਹੀਂ। ਇਹ ਅਜਿਹੀ ਤਕਨਾਲੋਜੀ ਹੈ ਜਿਹੜੀ ਵਿਦਿਆਰਥੀਆਂ ਦੀ ਅਕਾਦਮਿਕ ਲੇਖ ਲਿਖਣ ਵਾਸਤੇ ਮਦਦ ਕਰ ਰਹੀ ਹੈ। ਇਹ ਕੰਮ ਵਾਲੀਆਂ ਥਾਵਾਂ ਉਤੇ ਅਧਿਕਾਰੀਆਂ ਲਈ ਆਮ ਈਮੇਲਾਂ ਦਾ ਖਰੜਾ ਤਿਆਰ ਕਰ ਰਹੀ ਹੈ। ਇਹੀ ਨਹੀਂ, ਇਹ ਪੱਤਰਕਾਰਾਂ ਲਈ ਵੀ ਸੰਭਾਵੀ ਤੌਰ ’ਤੇ ਛਪਣ ਵਾਸਤੇ ਲੇਖ ਤਿਆਰ ਕਰ ਰਹੀ ਹੈ। ਮੇਰੀ ਬੇਚੈਨੀ ਦੀ ਉਦੋਂ ਹੱਦ ਨਾ ਰਹੀ ਜਦੋਂ ਚੈਟਜੀਪੀਟੀ ਨੇ ਅਰਥਚਾਰੇ ਦੀ ਹਾਲਤ ਬਾਰੇ 1000 ਸ਼ਬਦਾਂ ਦਾ ਲੇਖ ਸਕਿੰਟਾਂ ਵਿਚ ਲਿਖ ਕੇ ਮੇਰੇ ਅੱਗੇ ਧਰ ਦਿੱਤਾ। ਚੰਗੀ ਗੱਲ ਇਹ ਹੈ ਕਿ ਅਜਿਹੇ ਲੇਖਾਂ ਵਿਚ ਨਕਲੀ ਅੰਕੜੇ ਅਤੇ ਗੁਮਰਾਹਕੁਨ ਟਿੱਪਣੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਭਰਮਾਊ ਆਖਿਆ ਜਾ ਸਕਦਾ ਹੈ। ਇਹੋ ਉਹ ਖ਼ਾਮੀਆਂ ਹਨ ਜਿਹੜੀਆਂ ਅੱਜ ਵੀ ਇਨਸਾਨੀ ਤੱਤ ਨੂੰ ਜ਼ਰੂਰੀ ਬਣਾਉਂਦੀਆਂ ਹਨ ਪਰ ਇਹ ਤੇਜ਼ੀ ਨਾਲ ਅੱਗੇ ਵਧਣ ਵਾਲੀ ਤਕਨਾਲੋਜੀ ਹੈ ਅਤੇ ਇਹ ਖ਼ਾਮੀਆਂ ਛੇਤੀ ਹੀ ਦੂਰ ਹੋ ਸਕਦੀਆਂ ਹਨ। ਇਸ ਲਈ ਸਮਾਂ ਆ ਗਿਆ ਹੈ ਕਿ ਏਆਈ ਦੇ ਬੇਰੋਕ ਵਿਕਾਸ ਅਤੇ ਸੰਭਾਵੀ ਗ਼ਲਤ ਕਾਰਵਾਈਆਂ ਨੂੰ ਨੱਥ ਪਾਉਣ ਲਈ ਛੇਤੀ ਤੋਂ ਛੇਤੀ ਇਸ ਉਤੇ ਕੁਝ ਰੋਕਾਂ ਲਾਈਆਂ ਜਾਣ।

*ਲੇਖਕ ਸੀਨੀਅਰ ਵਿੱਤੀ ਪੱਤਰਕਾਰ ਹੈ।

Advertisement

Advertisement